ਕੋਟੜਾ ਦੇ ਕਿਸਾਨ ਵਲੋਂ ਡੀ.ਸੀ. ਦਫ਼ਤਰ ਵਿਚ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮ੍ਰਿਤਕ ਨੇ ਖ਼ੁਦਕੁਸ਼ੀ ਨੋਟ ਵਿਚ ਜ਼ਿੰਮੇਵਾਰ ਗੁਰਪ੍ਰੀਤ ਕਾਂਗੜ ਤੇ ਡੀ.ਸੀ. ਨੂੰ ਦਸਿਆ

Kotra farmer Suicide in the office

ਮਾਨਸਾ, 17 ਅਗੱਸਤ (ਸੁਖਵੰਤ ਸਿੰਘ ਸਿੱਧੂ/ ਬਹਾਦਰ ਖ਼ਾਨ) : ਜ਼ਿਲ੍ਹੇ ਦੇ ਪਿੰਡ ਕੋਟੜਾ ਦੇ ਕਿਸਾਨ ਬਲਵੀਰ ਸਿੰਘ ਬਿੱਲੂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਸਲਫ਼ਾਸ ਦੀਆਂ ਗੋਲੀਆਂ ਖਾ ਕੇ ਖ਼ੁਦਕੁਸ਼ੀ ਕਰ ਲਈ ਗਈ ਅਤੇ ਫ਼ਰੀਦਕੋਟ ਹਸਪਤਾਲ ਵਿਚ ਲਿਜਾਂਦੇ ਸਮੇਂ ਰਸਤੇ ਵਿਚ ਉਸ ਦੀ ਮੌਤ ਹੋ ਗਈ ਹੈ। 
ਇਸ ਬਾਰੇ ਜਾਣਕਾਰੀ ਦਿੰਦਿਆਂ ਬੋਘ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਦਸਿਆ ਕਿ ਬਲਵੀਰ ਸਿੰਘ ਬਿੱਲੂ ਦੇ ਪਿੰਡ ਵਿਚ ਗੁਰਪ੍ਰੀਤ ਸਿੰਘ ਕਾਂਗੜ, ਡਿਪਟੀ ਕਮਿਸ਼ਨਰ ਅਤੇ ਹਲਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਅਤੇ ਹੋਰ ਵਿਅਕਤੀ ਆਏ ਸਨ ਜਿਨ੍ਹਾਂ ਨੇ ਪਿੰਡ ਵਿਚ ਭਾਰੀ ਇਕੱਠ ਕੋਰੋਨਾ ਵਾਇਰਸ ਦੀਆਂ ਗਾਈਡਲਾਈਨਜ਼ ਦੇ ਉਲਟ ਜਾ ਕੇ ਕੀਤਾ ਗਿਆ। ਇਸ ਇਕੱਠ ਦੌਰਾਨ ਕਾਫੀ ਸਾਰੇ ਬੱਚੇ ਵੀ ਬੁਲਾਏ ਗਏ ਅਤੇ ਉਹ ਬੱਚੇ ਬਿਨਾਂ ਕਿਸੇ ਮਾਸਕ ਅਤੇ ਸੈਨੀਟਾਈਜੇਸ਼ਨ ਤੋਂ ਇਕੱਠੇ ਕੀਤੇ ਗਏ ਸਨ। 

ਇਹ ਗੱਲ ਸੁਣ ਕੇ ਮ੍ਰਿਤਕ ਬਲਵੀਰ ਸਿੰਘ ਬਿੱਲੂ ਦੇ ਦਿਮਾਗ਼ ਉੱਪਰ ਇਤਨਾ ਪ੍ਰਭਾਵ ਪਿਆ ਕਿ ਉਸਦੇ ਪਿੰਡ ਦੇ ਭੋਲੇ-ਭਾਲੇ ਲੋਕਾਂ (ਖਾਸ ਕਰ ਬੱਚਿਆਂ) ਨੂੰ ਕੋਰੋਨਾ ਹੋਣ ਦੀ ਸੰਭਾਵਨਾ ਬਣਾ ਦਿਤੀ ਗਈ ਹੈ, ਜਿਸ ਦੇ ਦੋਸ਼ੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਡੀ.ਸੀ ਹਨ। ਉਸ ਵਲੋਂ ਇਸ ਸਬੰਧੀ ਡੀ.ਸੀ. ਕੋਲ ਜਦ ਜਾਣਕਾਰੀ ਲੈਣ ਲਈ ਦਫ਼ਤਰ ਪਹੁੰਚ ਕੀਤੀ ਗਈ ਤਾਂ ਉਥੇ ਪਹੁੰਚਣ ਉਪਰੰਤ ਡੀ.ਸੀ. ਦੇ ਸਟਾਫ਼ ਵਲੋਂ ਉਸ ਨਾਲ ਤਕਰਾਰ ਕੀਤਾ ਗਿਆ ਜਿਸ ’ਤੇ ਉਸ ਨੇ ਭਾਵਕ ਹੋ ਕੇ ਸਲਫ਼ਾਸ ਦੀਆਂ ਗੋਲੀਆਂ ਉਥੇ ਹੀ ਖਾ ਲਈਆਂ ਅਤੇ ਇਕ ਸੁਸਾਇਡ ਨੋਟ ਇਸ ਸਾਰੀ ਘਟਨਾ ਬਾਰੇ ਖ਼ੁਦ ਲਿਖ ਕੇ ਘਰ ਛੱਡ ਦਿਤਾ ਗਿਆ। 

ਇਸ ਸੁਸਾਇਡ ਨੋਟ ਬਾਰੇ ਉਸ ਨੇ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਸਲਫ਼ਾਸ ਦੀਆਂ ਗੋਲੀਆਂ ਖਾਣ ਬਾਰੇ ਅਤੇ ਜ਼ਿੰਮੇਵਾਰ ਵਿਅਕਤੀਆਂ ਦੇ ਨਾਵਾਂ ਬਾਰੇ ਸੂਚਨਾ ਦਿਤੀ ਗਈ ਹੈ। ਉਸ ਵਲੋਂ ਸੁਸਾਇਡ ਨੋਟ ਵਿਚ ਗੁਰਪ੍ਰੀਤ ਸਿੰਘ ਕਾਂਗੜ ਅਤੇ ਡੀ.ਸੀ. ਦਾ ਜ਼ਿਕਰ ਕੀਤਾ ਗਿਆ ਹੈ ਅਤੇ ਉਸ ਵਲੋਂ ਇਹ ਵੀ ਲਿਖਆ ਗਿਆ ਹੈ ਕਿ ਉਸਦੇ ਮ੍ਰਿਤਕ ਸਰੀਰ ਨੂੰ ਆਸਰਾ ਫ਼ਾਊਂਡੇਸ਼ਨ ਬਰੇਟਾ ਨੂੰ ਸਰੀਰ ਦਾਨ ਵਜੋਂ ਦੇ ਦਿਤਾ ਜਾਵੇ। 

ਇਸ ਸਬੰਧੀ ਮ੍ਰਿਤਕ ਦੇ ਘਰ ਪਹੁੰਚੇ ਸੰਵਿਧਾਨ ਬਚਾਉ ਮੰਚ ਦੇ ਆਗੂ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਕਿਹਾ ਕਿ ਉਹ ਸਰਕਾਰ ਪਾਸੋਂ ਮੰਗ ਕਰਦੇ  ਹਨ ਕਿ ਮ੍ਰਿਤਕ ਕਿਸਾਨ ਨੂੰ 10 ਲੱਖ ਰੁਪਏ ਦਾ ਮੁਆਵਜ਼ਾ, ਪਰਵਾਰ ਦੇ ਇਕ ਮੈਂਬਰ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਅਤੇ ਮ੍ਰਿਤਕ ਕਿਸਾਨ ਦੀ ਕਰਜ਼ਾ ਮੁਆਫ਼ੀ ਕੀਤੀ ਜਾਵੇ ਅਤੇ ਇਸਤੋਂ ਇਲਾਵਾ ਜ਼ਿੰਮੇਵਾਰ ਵਿਅਕਤੀਆਂ ਵਿਰੁਧ ਬਣਦੀ ਕਾਰਵਾਈ ਕੀਤੀ ਜਾਵੇ।

ਇਸ ਸਮੇਂ ਜਮਹੂਰੀ ਅਧਿਕਾਰ ਸਭਾ ਦੇ ਆਗੂ ਬਲਕਰਨ ਸਿੰਘ ਬੱਲੀ ਐਡਵੋਕੇਟ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਜਮਹੂਰੀ ਜਥੇਬੰਦੀਆਂ ਇਸ ਕਿਸਾਨ ਨੂੰ ਇਨਸਾਫ਼ ਦਿਵਾਉਣ ਲਈ ਇਕੱਠੀਆਂ ਹੋਣ। ਇਸ ਸਮੇਂ ਕਿਸਾਨ ਆਗੂ ਜ਼ਿਲ੍ਹਾ ਪ੍ਰਧਾਨ ਸੁਖਦੇਵ ਕੋਟਲੀ, ਮੀਤ ਪ੍ਰਧਾਨ ਗੁਰਚਰਨ ਸਿੰਘ ਭੀਖੀ, ਜਨਰਲ ਸਕੱਤਰ ਕਾਕਾ ਸਿੰਘ ਤਲਵੰਡੀ ਆਦਿ ਹਾਜ਼ਰ ਸਨ।