ਮੰਤਰੀ ਕਾਂਗੜ, ਡਿਪਟੀ ਸਪੀਕਰ ਭੱਟੀ ਤੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਨੂੰ ਹੋਇਆ ਕੋਰੋਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਆਈ ਹੈ।

Gurpreet Kangar

ਬਠਿੰਡਾ, 16 ਅਗੱਸਤ (ਸੁਖਜਿੰਦਰ ਮਾਨ): ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਆਈ ਹੈ।
ਮਾਲ ਮੰਤਰੀ ਸ. ਕਾਂਗੜ ਦੇ ਕੁੜਮ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਭਲੇਰੀਆ ਵੀ ਪਾਜ਼ੇਟਿਵ ਪਾਏ ਗਏ ਹਨ।

ਇਸ ਤੋਂ ਇਲਾਵਾ ਉਨ੍ਹਾਂ ਦੀ ਨੂੰਹਰਾਣੀ ਅਤੇ ਸਹਿਕਾਰੀ ਬੈਂਕ ਬਠਿੰਡਾ ਦੇ ਚੇਅਰਮੈਨ ਹਰਮਨਵੀਰ ਸਿੰਘ ਕਾਂਗੜ ਦੀ ਪਤਨੀ ਦੀ ਰੀਪੋਰਟ ਵੀ ਪਾਜ਼ੇਟਿਵ ਆਈ ਹੈ। ਜਦੋਂ ਕਿ ਖ਼ੁਦ ਚੇਅਰਮੈਨ ਕਾਂਗੜ ਤੇ ਦੂਜੇ ਪ੍ਰਵਾਰ ਦੀ ਰੀਪੋਰਟ ਨੈਗੇਟਿਵ ਹੈ। ਮਲੋਟ ਹਲਕੇ ਦੇ ਸਾਬਕਾ ਅਕਾਲੀ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਦੀ ਰੀਪੋਰਟ ਵੀ ਪਾਜ਼ੇਟਿਵ ਆਈ ਹੈ।

ਮਹੱਤਵਪੂਰਨ ਤੇ ਚਿੰਤਾ ਵਾਲੀ ਗੱਲ ਇਹ ਹੈ ਕਿ ਲੰਘੇ ਕਲ ਮਾਲ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ ਨੇ ਆਜ਼ਾਦੀ ਦਿਹਾੜੇ 'ਤੇ ਮਾਨਸਾ ਅਤੇ ਅਜੈਬ ਸਿੰਘ ਭੱਟੀ ਨੇ ਫ਼ਰੀਦਕੋਟ ਵਿਖੇ ਤਿਰੰਗਾ ਝੰਡਾ ਲਹਿਰਾਇਆ ਸੀ।

ਸੂਚਨਾ ਮੁਤਾਬਕ ਸ: ਭਲੇਰੀਆ ਜੋ ਕਿ ਕੁੱਝ ਦਿਨ ਮਾਲ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਵਿਚ ਰਹਿ ਕੇ ਆਏ ਸਨ, ਦੀ ਸੱਭ ਤੋਂ ਪਹਿਲਾਂ ਰੀਪੋਰਟ ਪਾਜ਼ੇਟਿਵ ਆਈ ਸੀ ਜਿਸ ਤੋਂ ਬਾਅਦ ਮਾਲ ਮੰਤਰੀ ਦਾ ਬੀਤੇ ਕਲ ਮਾਨਸਾ ਵਿਖੇ ਸੈਂਪਲ ਲਿਆ ਗਿਆ ਸੀ। ਜ਼ਿਕਰਯੋਗ ਹੈ ਕਿ ਕਾਂਗੜ ਨਾਲ ਪ੍ਰੋਗਰਾਮ ਵਿਚ ਸ਼ਾਮਲ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਦਾ ਵੀ ਟੈਸਟ ਕੀਤਾ ਗਿਆ ਹੈ ਜਿਸ ਦੀ ਹਾਲੇ ਰੀਪੋਰਟ ਆਉਣੀ ਬਾਕੀ ਹੈ।