ਮੋਦੀ ਸਰਕਾਰ ਦਾ ਚੀਨੀ ਬਾਈਕਾਟ ਦਾ ਸੱਦਾ ਪਿਆ ਪਿਛੇ

ਏਜੰਸੀ

ਖ਼ਬਰਾਂ, ਪੰਜਾਬ

ਮੋਦੀ ਸਰਕਾਰ ਦਾ ਚੀਨੀ ਬਾਈਕਾਟ ਦਾ ਸੱਦਾ ਪਿਆ ਪਿਛੇ

ਮੋਦੀ ਸਰਕਾਰ ਦਾ ਚੀਨੀ ਬਾਈਕਾਟ ਦਾ ਸੱਦਾ ਪਿਆ ਪਿਛੇ

ਚੀਨੀ ਬੈਂਕ ਨੇ ਆਈ.ਸੀ.ਆਈ.ਸੀ.ਆਈ. 'ਚ ਹਿੱਸੇਦਾਰੀ ਖ਼ਰੀਦੀ

ਨਵੀਂ ਦਿੱਲੀ, 19 ਅਗੱਸਤ : ਇਕ ਪਾਸੇ ਕੇਂਦਰ ਸਰਕਾਰ ਖ਼ਾਸ ਕਰ ਕੇ ਭਾਜਪਾ ਦੇ ਕੁੱਝ ਆਗੂਆਂ ਵਲੋਂ ਵੱਡੀਆਂ-ਵੱਡੀਆਂ ਡੀਂਗਾਂ ਮਾਰੀਆਂ ਜਾ ਰਹੀਆਂ ਹਨ ਕਿ ਚੀਨ ਨੂੰ ਬੈਕਫ਼ੁਟ 'ਤੇ ਧੱਕ ਦਿਤਾ ਗਿਆ ਹੈ ਤੇ ਉਸ ਦਾ ਹਰ ਪਾਸੇ ਬਾਈਕਾਟ ਕੀਤਾ ਜਾ ਰਿਹਾ ਹੈ ਪਰ ਦੇਸ਼ 'ਚ ਚੀਨੀ ਮਾਲ ਦੇ ਬਾਈਕਾਟ ਅਤੇ ਚੀਨ ਵਿਰੋਧੀ ਮਾਹੌਲ ਵਿਚਾਲੇ ਖ਼ਬਰ ਇਹ ਹੈ ਕਿ ਚੀਨ ਦੇ 'ਪੀਪਲਜ਼ ਬੈਂਕ ਆਫ਼ ਚਾਈਨਾ' ਨੇ ਆਈ.ਸੀ.ਆਈ.ਸੀ. ਆਈ. 'ਚ ਹਿੱਸੇਦਾਰੀ ਖ਼ਰੀਦੀ ਹੈ। ਹਾਲਾਂਕਿ ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਨਾਲ ਦੇਸ਼ ਹਿੱਤ ਨੂੰ ਕਿਸੇ ਤਰ੍ਹਾਂ ਦਾ ਖ਼ਤਰਾ ਨਹੀਂ ਹੈ।
ਪਿਛਲੇ ਸਾਲ ਮਾਰਚ 'ਚ ਚੀਨ ਦੇ ਕੇਂਦਰੀ ਬੈਂਕ ਨੇ ਐਚ.ਡੀ.ਐਫ਼.ਸੀ. 'ਚ ਅਪਣਾ ਨਿਵੇਸ਼ ਵਧਾ ਕੇ ਇਕ ਫ਼ੀ ਸਦੀ ਤੋਂ ਜ਼ਿਆਦਾ ਕੀਤਾ ਸੀ, ਉਦੋਂ ਇਸ 'ਤੇ ਕਾਫ਼ੀ ਹੰਗਾਮਾ ਵੀ ਹੋਇਆ ਸੀ। 'ਪੀਪਲਜ਼ ਬੈਂਕ ਆਫ਼ ਚਾਈਨਾ' ਮਯੂਚੂਅਲ ਫ਼ੰਡਾਂ, ਬੀਮਾ ਕੰਪਨੀਆਂ ਸਮੇਤ ਉਨ੍ਹਾਂ 357 ਸੰਸਥਾਗਤ ਨਿਵੇਸ਼ 'ਚ ਸ਼ਾਮਲ ਹੈ, ਜਿਨ੍ਹਾਂ ਨੇ ਹਾਲ ਹੀ 'ਚ ਆਈ.ਸੀ.ਆਈ.ਸੀ.ਆਈ. ਬੈਂਕ ਦੇ 'ਕੁਆਲੀਫ਼ਾਈਡ ਇੰਸਟੀਚਿਊਸ਼ਨਲ ਪਲੇਸਮੈਂਟ' (ਕਿਊ.ਆਈ.ਪੀ.) ਵਿਚ 15 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਆਈ.ਸੀ.ਆਈ.ਸੀ. ਆਈ. ਬੈਂਕ ਨੇ ਪੂੰਜੀ ਇਕੱਤਰ ਕਰਨ ਲਈ ਸੰਸਥਾਗਤ ਨਿਵੇਸ਼ਕਾਂ ਤੋਂ ਪੈਸਾ ਇਕੱਤਰ ਕਰਨ ਲਈ ਕੋਸ਼ਿਸ਼ ਕੀਤੀ ਸੀ ਅਤੇ ਪਿਛਲੇ ਹਫ਼ਤੇ ਹੀ ਉਸ ਦਾ ਇਹ ਟੀਚਾ ਪੂਰਾ ਹੋਇਆ ਹੈ। ਹੋਰ ਵਿਦੇਸ਼ੀ ਨਿਵੇਸ਼ਕਾਂ 'ਚ ਸਿੰਗਾਪੁਰ ਦੀ ਸਰਕਾਰ, ਮਾਰਗਨ ਇਨਵੈਸਟਮੈਂਟ, ਸੁਸਾਈਟੇ ਜਨਰਾਲੇ ਆਦਿ ਸ਼ਾਮਲ ਹਨ। ਦੂਜੇ ਪਾਸੇ ਮਾਹਰਾਂ ਦਾ ਮੰਨਣਾ ਹੈ ਕਿ ਬੈਂਕਿੰਗ ਭਾਰਤ 'ਚ ਰਿਜ਼ਰਵ ਬੈਂਕ ਦੀ ਸਖ਼ਤ ਨਿਗਰਾਨੀ 'ਚ ਰਹਿਣ ਵਾਲਾ ਕਾਰੋਬਾਰ ਹੈ, ਇਸ ਲਈ ਇਸ ਨਾਲ ਦੇਸ਼ ਹਿੱਤ ਨੂੰ ਕੋਈ ਖ਼ਤਰਾ ਨਹੀਂ ਹੋ ਸਕਦਾ।       (ਏਜੰਸੀ)