ਸਾਰੇ ਵੱਡੇ ਸ਼ਹਿਰਾਂ 'ਚ ਸਖ਼ਤੀ ਨਾਲ ਲਾਗੂ ਹੋਵੇਗਾ ਹੁਣ ਰਾਤ ਦਾ ਕਰਫ਼ਿਊ : ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਲੁਧਿਆਣਾ, ਜਲੰਧਰ ਤੇ ਪਟਿਆਲਾ 'ਚ ਕੋਰੋਨਾ ਸਿਖ਼ਰ 'ਤੇ, ਕਰਫ਼ਿਊ ਦਾ ਸਮਾਂ ਰਾਤ 9 ਤੋਂ ਸਵੇਰੇ 5 ਵਜੇ ਕੀਤਾ

Capt. Amarinder Singh

ਚੰਡੀਗੜ੍ਹ, 14 ਅਗੱਸਤ (ਗੁਰਉਪਦੇਸ਼ ਭੁੱਲਰ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਸਮੇਂ ਤੇਜ਼ੀ ਨਾਲ ਵਧ ਰਹੇ ਕੇਸਾਂ ਬਾਅਦ ਲੁਧਿਆਣਾ, ਜਲੰਧਰ ਤੇ ਪਟਿਆਲਾ ਵਿਚ ਕੋਰੋਨਾ ਮਹਾਂਮਾਰੀ ਸਿਖ਼ਰ 'ਤੇ ਹੈ। ਉਨ੍ਹਾਂ ਇਨ੍ਹਾਂ ਤਿੰਨੇ ਵੱਡੇ ਸ਼ਹਿਰਾਂ ਵਿਚ ਕਰਫ਼ਿਊ ਹੁਣ ਪੂਰੀ ਸਖ਼ਤੀ ਨਾਲ ਲਾਗੂ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਕੋਈ ਰਾਤ 9 ਵਜੇ ਤੋਂ ਯਵੇਰੇ 5 ਵਜੇ ਤੱਕ ਘਰੋਂ ਨਹੀਂ ਨਿਕਲੇਗਾ। ਉਲੰਘਣਾ ਕਰਨ ਵਾਲਿਆਂ 'ਤੇ ਸਖ਼ਤੀ ਹੋਵੇਗੀ ਪਰ ਐਮਰਜੈਂਸੀ ਸੇਵਾਵਾਂ ਤੇ ਬੀਮਾਰਾਂ ਨੂੰ ਛੋਟ ਹੋਵੇਗੀ।

ਅਪਣੇ ਸਪਤਾਹਿਕ ਫੇਸਬੁੱਕ ਪ੍ਰੋਗਰਾਮ ਵਿਚ ਸਵਾਲਾਂ ਦੇ ਜੁਆਬ ਦਿੰਦਿਆਂ ਉਨ੍ਹਾਂ ਕਿਹਾ ਕਿ ਇੰਡਸਟਰੀ ਨੂੰ ਛੱਡ ਹੋਰ ਕਿਸੇ ਨੂੰ ਬਿਨਾ ਜ਼ਰੂਰੀ ਕੰਮ ਇਸ ਸਮੇਂ ਇਧਰ ਉਤਰ ਨਹੀਂ ਘੁੰਮਣ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਸ਼ਹਿਰਾਂ ਵਿਚ ਰਾਤ ਦੇ ਕਰਫ਼ਿਊ ਦਾ ਇਹੋ ਸਮਾਂ ਹੋਵੇਗਾ ਅਤੇ ਵੀਕ ਐਂਡ ਪਾਬੰਦੀਆਂ ਵੀ ਜਾਰੀ ਰਹਿਣਗੀਆਂ। ਦੋ ਹਫ਼ਤਿਆਂ ਬਾਅਦ ਸਥਿਤੀ ਦਾ ਰਿਵੀਊ ਕਰ ਕੇ ਅਗਲਾ ਫ਼ੈਸਲਾ ਲਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਰੈਸਟੋਰੈਂਟਾਂ, ਮੈਰਿਜ ਪੈਲਸਾਂ ਦੀ ਚੈਕਿੰਗ ਲਈ ਵਿਸ਼ੇਸ਼ ਟੀਮਾਂ ਤੈਨਾਤ ਹੋਣਗੀਆਂ। ਵਧੇਰੇ ਸੰਪਰਕ 'ਚ ਰਹਿਣ ਵਾਲੇ ਹਾਈ ਸੋਸ਼ਲ ਕੰਟੈਕਟਾਂ ਵਾਲੇ ਸਾਰੇ ਵਿਅਕਤੀਆਂ ਦੇ ਟੈਸਟ ਜ਼ਰੂਰੀ ਕਰਵਾਏ ਜਾਣਗੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜ਼ਿਲ੍ਹਾ ਅਮ੍ਰਿਤਸਰ ਨੇ ਸਥਿਤੀ 'ਤੇ ਕੰਟਰੋਲ ਕੀਤਾ ਹੈ, ਜਿਸ ਕਰ ਕੇ ਸਖ਼ਤ ਪਾਬੰਦੀਆਂ ਤੋਂ ਇਥੇ ਛੋਟ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਈਕਰੋ ਕਨਟੋਨਮੈਂਟ ਜ਼ੋਨਾਂ ਵਿਚ ਮੁਕੰਤਲ ਟੈਸਟ ਹੋਣਗੇ। ਉਨ੍ਹਾਂ ਮੁੜ ਕਿਹਾ ਕਿ ਮਾਸਕ ਪਾਉਣ ਤੇ ਸਮਾਜਕ ਦੂਰੀ ਦੇ ਨਿਯਮਾਂ ਦਾ ਪਾਲਣ ਕੀਤਾ ਜਾਵੇ। ਇਸ ਨਾਲ ਅਸੀਂ ਕੋਰੋਨਾ 'ਤੇ ਕਾਬੂ ਪਾ ਸਕਦੇ ਹਾਂ। ਹਾਲੇ ਕੋਰੋਨਾ ਦਾ ਕਿਸੇ ਨੂੰ ਕੁਝ ਨਹੀਂ ਪਤਾ ਕਿੰਨਾ ਵਧਣਾ ਜਾਂ ਘਟਣਾ ਜਾਂ ਕਦੋਂ ਖ਼ਤਮ ਹੋਣਾ ਹੈ।