ਮੁਲਾਜ਼ਮ ਆਗੂਆਂ ਦੀ ਤ੍ਰਿਪਤ ਬਾਜਵਾ ਨਾਲ ਮੀਟਿੰਗ ਵਿਚ ਨਹੀਂ ਬਣੀ ਕੋਈ ਗੱਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਗਲੇ ਗੇੜ ਦੀ ਮੀਟਿੰਗ ਹੁਣ ਵਿੱਤ ਮੰਤਰੀ ਨਾਲ 25 ਨੂੰ

image

ਚੰਡੀਗੜ੍ਹ, 20 ਅਗੱਸਤ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਦਫ਼ਤਰੀ ਮੁਲਾਜ਼ਮਾਂ ਵਲੋਂ 6 ਅਗੱਸਤ ਤੋਂ ਕੀਤੀ ਗਈ ਕਲਮ ਛੋੜ ਹੜਤਾਲ ਨੂੰ ਖ਼ਤਮ ਕਰਵਾਉਣ ਲਈ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਗੱਲਬਾਤ ਤਹਿਤ ਅੱਜ ਮੁਲਾਜ਼ਮ ਆਗੂਆਂ ਨਾਲ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਹੋਈ ਪਹਿਲੇ ਗੇੜ ਦੀ ਮੀਟਿੰਗ ਦੌਰਾਨ ਕੋਈ ਫ਼ੈਸਲਾ ਨਹੀਂ ਹੋ ਸਕਿਆ। ਭਾਵੇਂ ਮੰਤਰੀ ਨੇ ਕੁੱਝ ਮੰਗਾਂ ਨੂੰ ਪ੍ਰਵਾਨ ਕਰਨ ਬਾਰੇ ਲਿਖਤੀ ਪੱਤਰ ਜਾਰੀ ਕਰਨ ਦਾ ਭਰੋਸਾ ਦਿਤਾ ਸੀ ਜੋ ਸ਼ਾਮ ਤਕ ਜਾਰੀ ਨਾ ਹੋਣ ਤੋਂ ਬਾਅਦ ਮੁਲਾਜ਼ਮ ਯੂਨੀਅਨਾਂ ਨੇ ਹੜਤਾਲ ਮੰਗਾਂ ਮੰਨੇ ਜਾਣ ਤੇ ਲਿਖਤੀ ਪੱਤਰ ਮਿਲਣ ਤਕ ਜਾਰੀ ਰੱਖਣ ਦਾ ਐਲਾਨ ਕੀਤਾ। ਦਫ਼ਤਰੀ ਸਟਾਫ਼ ਦੀ ਹੜਤਾਲ ਦੌਰਾਨ ਪੰਜਾਬ ਸਕੱਤਰੇਤ ਤੇ ਚੰਡੀਗੜ੍ਹ ਸਥਿਤ ਡਾਇਰੈਕਟੋਰੇਟਾਂ ਸਮੇਤ ਸੂਬੇ ਭਰ ਵਿਚ ਡੀ.ਸੀ. ਤੇ ਐਸ.ਡੀ.ਐਮ. ਦਫ਼ਤਰਾਂ ਦਾ ਕੰਮਕਾਰ ਕਾਫ਼ੀ ਪ੍ਰਭਾਵਤ ਹੋ ਰਿਹਾ ਹੈ।

image

ਕੋਰੋਨਾ ਮਹਾਂਮਾਰੀ ਨਾਲ ਸਬੰਧਤ ਹੰਗਾਮੀ ਸੇਵਾਵਾਂ 'ਤੇ ਵੀ ਇਸ ਦਾ ਅਸਰ ਪੈਣ ਬਾਅਦ ਸਰਕਾਰ ਨੇ ਮੁਲਾਜ਼ਮ ਆਗੂਆਂ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ ਹੈ। ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨਾਲ ਹੋਈ ਮੀਟਿੰਗ ਵਿਚ ਮੁਲਾਜ਼ਮ ਮੰਚ ਤੇ ਸਕੱਤਰੇਤ ਸਟਾਫ਼ ਦੇ ਪ੍ਰਧਾਨ ਸੁਖਚੈਨ ਸਿੰਘ ਖੈਹਿਰਾ ਤੇ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੇ ਸੂਬਾ ਪ੍ਰਧਾਨ ਮੇਵਾ ਸਿੰਘ ਸਿੱਧੂ ਦੀ ਅਗਵਾਈ ਵਿਚ ਵਫ਼ਦ ਨੇ ਗੱਲਬਾਤ ਕੀਤੀ। ਬਾਜਵਾ ਨੇ ਹੁਣ ਅਗਲੇ ਗੇੜ ਦੀ ਗੱਲਬਾਤ ਮੰਗਲਵਾਰ 25 ਅਗੱਸਤ ਨੂੰ ਵਿੱਤ ਮੰਤਰੀ ਨਾਲ ਕਰਵਾਉਣ ਦੀ ਗੱਲ ਆਖੀ ਹੈ ਕਿਉਂਕਿ ਮੰਗਾਂ ਲਾਗੂ ਕਰਨ ਦਾ ਕੰਮ ਵਿੱਤ ਵਿਭਾਗ ਨੇ ਹੀ ਕਰਨਾ ਹੈ। ਇਸ ਮੀਟਿੰਗ ਤੋਂ ਬਾਅਦ ਮੰਤਰੀਆਂ ਦੀ ਰੀਪੋਰਟ ਮੁੱਖ ਮੰਤਰੀ ਕੋਲ ਜਾਵੇਗੀ ਤੇ ਉਹ ਹੀ ਅੰਤਮ ਫ਼ੈਸਲਾ ਕਰਨਗੇ। ਦਫ਼ਤਰੀ ਮੁਲਾਜ਼ਮ ਉਨ੍ਹਾਂ ਦੇ ਭੱਤਿਆਂ ਵਿਚ ਕਟੌਤੀ ਕਰਨ, ਵਿਭਾਗਾਂ ਦੇ ਪੁਨਰਗਠਨ ਦੇ ਨਾਂ ਹੇਠ ਹਜ਼ਾਰਾਂ ਪੋਸਟਾਂ ਖ਼ਤਮ ਕਰਨ ਤੇ ਸੂਬਾ ਪੇ ਕਮਿਸ਼ਨ ਦੀ ਰੀਪੋਰਟ ਆਉਣ ਤੋਂ ਪਹਿਲਾਂ ਹੀ ਕੇਂਦਰੀ ਪੇ ਸਕੇਲ ਦੇ ਨਿਯਮ ਲਾਗੂ ਕਰਨ ਦਾ ਵਿਰੋਧ ਕਰ ਰਹੇ ਹਨ।