ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਕੋਠੀ ਦਾ ਤੀਜੇ ਦਿਨ ਫਿਰ ਘਿਰਾਉ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੂਲੋਂ ਬੀਜੇਪੀ ਦੀ ਬੀ-ਟੀਮ ਬਣ ਕੇ ਕੰਮ ਕਰਨ ਦੀ ਬਜਾਏ ਪਾਰਟੀ ਪਲੇਟਫ਼ਾਰਮ 'ਤੇ ਗੱਲ ਕਰਨ : ਸੋਨੀ

image

ਖੰਨਾ, 20 ਅਗੱਸਤ (ਅਦਰਸ਼ਜੀਤ ਸਿੰਘ ਖੰਨਾ) : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋਂ ਵਲੋਂ ਸ਼ਰਾਬ ਮਾਮਲੇ ਨੂੰ ਲੈ ਕੇ ਕੀਤੀ ਜਾ ਰਹੀ ਬਿਆਨਬਾਜ਼ੀ ਦੇ ਵਿਰੋਧ ਵਿਚ ਅੱਜ ਤੀਜੇ ਦਿਨ ਫਿਰ ਕਾਂਗਰਸੀਆਂ ਵਲੋਂ ਦੂਲੋ ਦੀ ਕੋਠੀ ਦਾ ਘਿਰਾਉ ਕੀਤਾ ਗਿਆ ਅਤੇ ਜਮ ਕੇ ਨਾਹਾਰੇਬਾਜ਼ੀ ਵੀ ਕੀਤੀ ਗਈ। ਸੈਂਕੜਿਆਂ ਦੀ ਗਿਣਤੀ 'ਚ ਇਕੱਠੇ ਹੋਏ ਕਾਂਗਰਸੀਆਂ ਵਲੋਂ ਸਮਰਾਲਾ ਚੌਕ ਤੋਂ ਲੈ ਕੇ ਸ: ਦੂਲੋ ਦੀ ਕੋਠੀ ਵਲ ਨੂੰ ਰੋਸ ਮਾਰਚ ਕੀਤਾ ਗਿਆ ਪਰ ਉਨ੍ਹਾਂ ਦੀ ਕੋਠੀ ਤੋਂ ਪਹਿਲਾਂ ਹੀ ਪੁਲਿਸ ਵਲੋਂ ਬੈਰੀਕੇਟ ਲਾ ਕੇ ਕਾਂਗਰਸੀ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਵਲੋਂ ਰੋਕ ਲਿਆ ਗਿਆ। ਸ. ਦੂਲੋਂ ਅੱਜ ਫਿਰ ਦਿੱਲੀ ਹੋਣ ਕਰ ਕੇ ਅਪਣੀ ਕੋਠੀ ਵਿਖੇ ਨਹੀਂ ਸਨ। ਜਿਸ ਉੱਤੇ ਕਾਂਗਰਸੀ ਵਰਕਰਾਂ ਵਲੋਂ ਸਮਰਾਲਾ ਰੋਡ ਉੱਤੇ ਹੀ ਧਰਨਾ ਮਾਰਿਆ ਗਿਆ।

image

ਇਸ ਮੌਕੇ ਕਾਂਗਰਸੀ ਵਰਕਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਿੰਦਾਬਾਦ ਅਤੇ ਯੂਥ ਕਾਂਗਰਸ ਜ਼ਿੰਦਾਬਾਦ ਦੇ ਨਾਹਰੇ ਵੀ ਲਾਏ। ਧਰਨੇ 'ਤੇ ਬੈਠੇ ਬਲਾਕ ਸੰਮਤੀ ਖੰਨਾ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਦਾਰ ਦੂਲੋ ਅਖ਼ਬਾਰੀ ਬਿਆਨਬਾਜ਼ੀ ਕਰ ਕੇ ਬੀਜੇਪੀ ਦੀ ਬੀ-ਟੀਮ ਬਣ ਕੇ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਅਜਿਹਾ ਕਰਨ ਦੀ ਬਜਾਏ ਹਾਈ ਕਮਾਂਡ ਨਾਲ ਪਲੇਟਫ਼ਾਰਮ 'ਤੇ ਜਾ ਕੇ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸ. ਦੂਲੋਂ ਨੂੰ ਬੇਨਤੀ ਕਰਨ ਆਏ ਹਨ ਕਿ ਉਹ ਪਾਰਟੀ ਮਸਲਿਆਂ ਨੂੰ ਪਾਰਟੀ ਪਲੇਟਫ਼ਾਰਮ 'ਤੇ ਨਜਿੱਠਣ ਦਾ ਯਤਨ ਕਰਨ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਹਰਜਿੰਦਰ ਸਿੰਘ ਇਕੋਲਾਹਾ, ਬਲਾਕ ਕਾਂਗਰਸ ਖੰਨਾ ਦੇ ਪ੍ਰਧਾਨ ਜਤਿੰਦਰ ਪਾਠਕ ਨੇ ਵੀ ਸੰਬੋਧਨ ਕੀਤਾ।