ਕੀ ਅਕਾਲ ਤਖ਼ਤ ਸਾਹਿਬ ਤੋਂ ਦਸਮ ਗ੍ਰੰਥ ਬਾਰੇ ਚਰਚਾ ਕਰਨ ’ਤੇ ਲਾਈ ਪਾਬੰਦੀ ਦੇ ਹੁਕਮ ਨੂੰ...........

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਜਥੇਦਾਰ ਇਕਬਾਲ ਸਿੰਘ ਨੇ ਪੰਥ ਵਿਚ ਵਿਵਾਦ ਖੜਾ ਕੀਤਾ : ਪੰਥਕ ਸੇਵਾ ਦਲ 

panthak sewa Dal

ਨਵੀਂ ਦਿੱਲੀ, 14 ਅਗੱਸਤ (ਅਮਨਦੀਪ ਸਿੰਘ) : ਪੰਥਕ ਸੇਵਾ ਦਲ ਜਥੇਬੰਦੀ ਦੇ ਬੁਲਾਰੇ ਤੇ ਨਿਗਰਾਨ (ਧਰਮ ਪ੍ਰਚਾਰ) ਸ. ਹਰਦਿਤ ਸਿੰਘ ਗੋਬਿੰਦਪੁਰੀ ਨੇ ਕਿਹਾ ਹੈ ਕਿ ਅਕਾਲ ਤਖ਼ਤ ਸਾਹਿਬ ਵਲੋਂ ਸਪਸ਼ਟ ਹਦਾਇਤ ਦਿਤੀ ਗਈ ਹੋਈ ਹੈ ਕਿ ਦਸਮ ਗ੍ਰੰਥ ਬਾਰੇ ਕੋਈ ਵੀ ਵਿਚਾਰ ਚਰਚਾ ਨਾ ਕਰੇ, ਜਿਸਨੂੂੰ ਟਿੱਚ ਜਾਣ ਕੇ ਗਿਆਨੀ ਇਕਬਾਲ ਸਿੰਘ ਨੇ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਲਵ ਕੁਸ਼ ਦੀ ਵੰਸ਼ਜ਼ ’ਚੋਂ ਦੱਸ ਕੇ, ਪੰਥ ਵਿਚ ਵਿਵਾਦ ਖੜਾ ਕਰ ਕੇ ਰੱਖ ਦਿਤਾ ਹੈ, ਜਿਸਦਾ ਸਪਸ਼ਟੀਕਰਨ ਅਕਾਲ ਤਖ਼ਤ ਵਲੋਂ ਲਿਆ ਜਾਵੇ, ਜੇ ਲੋੜ ਪਵੇ, ਉਨ੍ਹਾਂ ਨੂੰ ਛੇਕ ਵੀ ਦਿਤਾ ਜਾਵੇ।

ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਰਾਮ ਮੰਦਰ ਉਸਾਰੀ ਦੇ ਸਮਾਗਮ ਵਿਚ ਸ਼ਾਮਲ ਨਾ ਹੋਣ ਨੂੰ ਇਕ ਉਸਾਰੂ ਫ਼ੈਸਲਾ ਦਸਿਆ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗਿਆਨੀ ਇਕਬਾਲ ਸਿੰਘ ਵਲੋਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਛੇੜੇ ਗਏ ਵਿਵਾਦ ਬਾਰੇ ਸਿੱਖ ਪੰਥ ਨੂੰ ਸੇਧ ਦੇਣ ਦੀ ਬੇਨਤੀ ਕੀਤੀ ਹੈ ਤਾਂ ਕਿ ਸਿੱਖਾਂ ਦੇ ਵਲੂੰੰਧਰੇ ਗਏ ਹਿਰਦੇ ਸ਼ਾਂਤ ਹੋ ਸਕਣ।

ਸ. ਹਰਦਿਤ ਸਿੰਘ ਨੇ ਇਕ ਵੀਡੀਉ ਜਾਰੀ ਕਰ ਕੇ, ਇਹ ਸਾਬਤ ਕਰਨ ਦਾ ਯਤਨ ਕੀਤਾ ਹੈ ਕਿ ਤਖ਼ਤ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਸੋਚੀ ਸਮਝੀ ਨੀਤੀ ਅਧੀਨ ਮਿਲਾਵਟ ਕੀਤੀ ਹੋਈ ਦਸਮ ਗ੍ਰੰਥ ਦੀ ਜਿਲਦ ਦੇ ਸਹਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਗੋਬਿੰਦ ਰਾਮਾਇਣ ਦੀ ਆਖੀ ਗੱਲ ਨੂੰ ਜਾਇਜ਼ ਠਹਿਰਾ ਰਹੇ ਹਨ, ਜਦ ਕਿ ਅਸਲ ਵਿਚ ਜੋ ਦਸਮ ਗ੍ਰੰਥ ਦੀ ਛਾਪ ਹੈ, ਉਸ ਵਿਚ ਰਾਮ ਅਵਤਾਰ ਕ੍ਰਿਸ਼ਨ ਅਵਤਾਰ ਵਾਲੇ ਅਧਿਆਏ ਦੀ ਸਮਾਪਤੀ ਦਾ ਜ਼ਿਕਰ ਕੀਤਾ ਗਿਆ ਹੈ, ਜਿਸਨੂੰ ਗਿਆਨੀ ਇਕਬਾਲ ਸਿੰਘ ਵਰਤ ਕੇ, ਗੁਮਰਾਹ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਗਿਆਨੀ ਇਕਬਾਲ ਸਿੰਘ ਨੇ ਇਕ ਚੈਨਲ ’ਤੇ ਬੜੀ ਬੇਸ਼ਰਮੀ ਨਾਲ ਇਹ ਆਖ ਦਿਤਾ ਕਿ 2004 ਵਿਚ ਰਾਸ਼ਟਰੀ ਸਿੱਖ ਸੰਗਤ ਵਿਰੁਧ ਉਨ੍ਹਾਂ ਦੇ ਦਸਤਖ਼ਤ ਹੇਠ ਜੋ ਹੁਕਮਨਾਮਾ ਜਾਰੀ ਹੋਇਆ ਸੀ, ਉਹ ਤਾਂ ਹੁਕਮਨਾਮਾ ਹੈ ਹੀ ਨਹੀਂ ਸੀ, ਉਹ ਸਿਰਫ਼ ਇਕ ਸੰਦੇਸ਼ ਸੀ। ਇਸ ਤਰ੍ਹਾਂ ਦੇ ਸੰਦੇਸ਼ ਤਾਂ ਉੱਪਰੋਂ ਆਈਆਂ ਹਦਾਇਤਾਂ ਕਰ ਕੇ ਦਸਤਖ਼ਤ ਹੁੰਦੇ ਹੀ ਰਹਿੰਦੇ ਹਨ। ਇਹ ਇਕ ਚਲਾਕੀ ਭਰੀ ਕਰਤੂਤ ਹੈ, ਜਿਸ ਬਾਰੇ ਅਕਾਲ ਤਖ਼ਤ ਤੋਂ ਸਿੱਖਾਂ ਨੂੰ ਸੇਧ ਦਿਤੀ ਜਾਵੇ।