ਮੁੜ ਗਰਮਾਉਣ ਲੱਗਾ SYL ਦਾ ਮਸਲਾ,  ਨਹਿਰ ਕਿਸੇ ਵੀ ਕੀਮਤ 'ਤੇ ਬਣਨ ਨਹੀਂ ਦਿਤੀ ਜਾਵੇਗੀ : ਬ੍ਰਹਮਪੁਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਇੰਦਰਾ ਗਾਂਧੀ ਦੇ ਧੱਕੇ ਦਾ ਪੰਜਾਬ ਖਮਿਆਜ਼ਾ ਭੁਗਤ ਰਿਹੈ

Ranjit Singh Brahmpura

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਦਰਿਆਈ ਪਾਣੀਆਂ ਦੀ ਕਾਣੀ ਵੰਡ 'ਤੇ ਕੇਦਰੀ ਹਕੂਮਤਾਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਕਿ ਪੰਜਾਬ ਨਾਲ ਹਮੇਸ਼ਾ ਹੀ ਸਿਰੇ ਦਾ ਵਿਤਕਰਾ ਹੁੰਦਾ ਰਿਹਾ ਹੈ। ਇਸ ਲਈ ਉਨ੍ਹਾਂ ਇੰਦਰਾ ਗਾਂਧੀ, ਮਰਾਰਜੀ ਦੇਸਾਈ ਤੇ ਹੁਣ ਮੋਦੀ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਇਨ੍ਹਾਂ ਪੰਜਾਬੀ ਸੂਬੇ ਦੀ ਵੰਡ ਸਮੇਂ ਜੇਕਰ ਨਿਰਪੱਖਤਾ ਵਾਲਾ ਫ਼ੈਸਲ ਲਿਆ ਹੁੰਦਾ ਤਾਂ ਐਸਵਾਈਐਲ ਨਹਿਰ ਦਾ ਮਸਲਾ ਕਦੇ ਵੀ ਗੰਭੀਰ ਨਾ ਬਣਦਾ। ਹੁਣ ਭੱਖਦਾ ਮੱਸਲਾ ਪਾਣੀਆਂ ਦਾ ਹੈ, ਪੰਜਾਬ ਕੋਲ ਵਾਧੂ ਇਕ ਬੂੰਦ ਪਾਣੀ ਨਹੀਂਂ ਪਰ ਧੱਕੇਸ਼ਾਹੀ ਦੀ ਕੋਸ਼ਿਸ਼ ਹੋ ਰਹੀ ਹੈ।

ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਹੁਣ ਧੱਕਾ ਕੀਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਸੜਕਾਂ 'ਤੇ ਉਤਰੇਗਾ। ਸ. ਬ੍ਰਹਮਪੁਰਾ ਨੇ ਸਪੱਸ਼ਟ ਕੀਤਾ ਕਿ ਨਹਿਰ ਕਿਸੇ ਵੀ ਕੀਮਤ 'ਤੇ ਨਹੀਂ ਬਣਨ ਦਿਤੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸਮੂੰਹ ਕੋਰ ਕਮੇਟੀ ਮੈਬਰਾਂ ਦੋਸ਼ ਲਾਇਆ ਕਿ ਜਿਸ ਸਮੇਂ ਐਸਵਾਈਐਲ ਨਹਿਰ ਪੁੱਟਣ ਦਾ ਫ਼ੈਸਲਾ ਕੀਤਾ ਸੀ ਉਹ ਸੱਭ ਸਿਆਸਤ ਤੋ ਪ੍ਰੇਰਿਤ ਸੀ।

ਉਨ੍ਹਾਂ ਦਸਿਆ ਕਿ ਪਾਣੀਆਂ ਦੀ ਮਿਣਤੀ ਗ਼ਲਤ ਕੀਤੀ ਗਈ ਹੈ। ਜਿਹੜੀ ਮਿਣਤੀ ਕੀਤੀ ਗਈ ਉਹ 17.35 ਐਮਏਐਫ ਗਲਤ ਸੀ ਅਸਲ ਵਿਚ ਇਹ ਮਿਣਤੀ 13.79 ਐਮਏਐਫ ਹੈ। ਪਰ 17.35 ਨੂੰ ਅਧਾਰ ਬਣਾ ਕੇ ਹਰਿਆਣੇ ਨਾਲ ਸਮਝੌਤਾ ਕੀਤਾ ਗਿਆ ਇਹ ਸਾਰੀ ਗੰਢ ਤੁੱਪ ਸਿਆਸੀ ਸੀ। ਇਸ ਦੌਰਾਨ ਹੀ ਐਸਵਾਈਐਲ ਨਹਿਰ ਬਣਾਉਣ ਲਈ 2 ਕਰੋੜ ਉਸ ਸਮੇਂ ਦੇਵੀ ਲਾਲ ਤੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਲੈ ਕੇ ਦੋਸਤੀ ਪੁਗਾਈ ਅਤੇ ਐਸਵਾਈਐਲ ਨਹਿਰ ਬਣਾਉਣ ਦਾ ਪ੍ਰਸਤਾਵ ਹੋਦ ਵਿਚ ਆ ਗਿਆ।

ਪੰਜਾਬ ਦੀ  ਬਦਕਿਸਮਤ ਸੀ ਕਿ ਕੇਦਰ ਵਿਚ ਸੰਨ 1980 ਵਿਚ ਇੰਦਰਾ ਗਾਂਧੀ ਮੁੜ ਪ੍ਰਧਾਨ ਮੰਤਰੀ ਬਣ ਗਈ ਤੇ ਵਿਧਾਨ ਸਭਾ ਮੁੜ ਚੋਣਾਂ ਕਰਵਾ ਕੇ ਪੰਜਾਬ ਵਿਚ ਸ. ਦਰਬਾਰਾ ਸਿੰਘ ਮੁੱਖ ਮੰਤਰੀ ਬਣੇ ਤੇ ਹਰਿਆਣੇ ਵਿਚ ਵੀ ਕਾਂਗਰਸ ਦੀ ਸਰਕਾਰ ਭਜਨ ਲਾਲ ਦੀ ਅਗਵਾਈ ਵਿਚ ਬਣ ਗਈ।

ਮਾਹਰਾ ਮੁਤਾਬਕ ਇੰਦਰਾ ਗਾਂਧੀ ਦਾ ਝੁਕਾਅ ਹਰਿਆਣੇ ਵਲ ਸੀ ਤੇ ਦਰਬਾਰਾ ਸਿੰਘ ਦੀ ਉਸ ਵੇਲੇ ਇੰਦਰਾ ਨਾਲ ਕੋਈ ਖਾਸ ਨੇੜਤਾ ਨਹੀਂ ਸੀ। ਇਸ ਦੌਰਾਨ ਹੀ ਪਟਿਆਲੇ ਦੇ ਲਾਗੇ ਪਿੰਡ ਕਪੂਰੀ ਵਿਖੇ ਇੰਦਰਾ ਗਾਂਧੀ ਨੇ ਨੀਹ ਪੱਥਰ ਨਹਿਰ ਦਾ ਰਖ ਦਿਤਾ। ਸ਼੍ਰੋਮਣੀ ਅਕਾਲੀ ਦਲ (ਟਕਾਸਲੀ) ਨੇ ਮੰਗ ਕੀਤੀ ਹੈ ਕਿ ਕੇਂਦਰ ਰਿਪਰੇਰੀਅਨ ਕਾਨੂੰਨ ਤਹਿਤ ਦਰਿਆਈ ਪਾਣੀਆਂ ਦੀ ਵੰਡ ਕਰੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।