ਮੁੱਖ ਮੰਤਰੀ ਵਲੋਂ ਸਵੱਛ ਸਰਵੇਖਣ ਪਖੋਂ ਪੰਜਾਬ ਦੀ ਦਰਜਾਬੰਦੀ 'ਚ ਸੁਧਾਰ ਦੀ ਸ਼ਲਾਘਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਤਰੀ ਜ਼ੋਨ 'ਚ ਸੂਬੇ ਦਾ ਚੋਟੀ ਦਾ ਸਥਾਨ ਬਰਕਰਾਰ

image

ਚੰਡੀਗੜ੍ਹ, 20 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਗਾਤਾਰ ਤੀਜੇ ਵਰ੍ਹੇ ਸਵੱਛ ਸਰਵੇਖਣ ਪੱਖੋਂ ਉੱਤਰੀ ਜ਼ੋਨ ਵਿੱਚ ਸੂਬੇ ਵੱਲੋਂ ਆਪਣਾ ਚੋਟੀ ਦਾ ਸਥਾਨ ਬਰਕਰਾਰ ਰੱਖੇ ਜਾਣ ਅਤੇ ਸਵੱਛ ਸਰਵੇਖਣ-2020 ਵਿੱਚ ਕੌਮੀ ਪੱਧਰ 'ਤੇ ਓਵਰਆਲ ਦਰਜਾਬੰਦੀ ਵਿੱਚ ਸੁਧਾਰ ਕਰਦੇ ਹੋਏ ਛੇਵਾਂ ਸਥਾਨ ਹਾਸਲ ਕਰਨ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਇਸ ਪ੍ਰਾਪਤੀ ਨੂੰ ਵੱਡੇ ਪੱਧਰ 'ਤੇ ਲੋਕਾਂ ਦੀ ਸ਼ਮੂਲੀਅਤ ਦਾ ਸਿੱਟਾ ਦੱਸਦਿਆਂ ਮੁੱਖ ਮੰਤਰੀ ਨੇ ਇਸ ਦਾ ਸਿਹਰਾ ਸ਼ਹਿਰੀ ਪੱਧਰ 'ਤੇ ਮਜ਼ਬੂਤ ਢਾਂਚੇ, ਮੁਹਿੰਮ ਰਾਹੀਂ ਲੋਕਾਂ ਦੇ ਵਿਹਾਰ 'ਚ ਬਦਲਾਅ ਅਤੇ ਸਿਖਲਾਈਯਾਫ਼ਤਾ ਅਮਲੇ ਸਿਰ ਬੰਨ੍ਹਿਆ ਜਿਨ੍ਹਾਂ ਨੇ ਪੂਰੀ ਤਨਦੇਹੀ ਨਾਲ ਕੰਮ ਕੀਤਾ। ਬੀਤੇ ਵਰ੍ਹੇ ਸੂਬੇ ਦਾ ਕੌਮੀ ਪੱਧਰ 'ਤੇ ਦਰਜਾਬੰਦੀ ਵਿੱਚ 7ਵਾਂ ਸਥਾਨ ਸੀ ਜੋ ਕਿ ਸਾਲ 2017 ਮੁਕਾਬਲੇ ਵਿੱਚ ਇਕ ਵੱਡਾ ਸੁਧਾਰ ਹੈ ਜਦੋਂ ਕਿ ਸੂਬੇ ਦਾ ਸ਼ੁਮਾਰ ਸਭ ਤੋਂ ਹੇਠਲੇ 10 ਸੂਬਿਆਂ ਵਿੱਚ ਕੀਤਾ ਜਾਂਦਾ ਸੀ। ਹੁਣ ਬੀਤੇ ਲਗਾਤਾਰ ਤਿੰਨ ਵਰ੍ਹਿਆਂ ਤੋਂ ਉੱਤਰੀ ਜ਼ੋਨ ਜਿਸ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਸ਼ਾਮਲ ਹਨ, ਵਿੱਚ ਪੰਜਾਬ ਦਾ ਚੋਟੀ ਦਾ ਸਥਾਨ ਬਰਕਰਾਰ ਹੈ। ਮੁੱਖ ਮੰਤਰੀ ਨੇ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਨੂੰ ਵੀ ਉਨ੍ਹਾਂ ਦੇ ਵਿਭਾਗ ਵਲੋਂ ਦਰਜਾਬੰਦੀ ਵਿਚ ਸੁਧਾਰ ਸਬੰਧੀ ਚੁੱਕੇ ਗਏ ਠੋਸ ਕਦਮਾਂ ਲਈ ਵਧਾਈ ਦਿੱਤੀ। ਸਵੱਛ ਸਰਵੇਖਣ-2020 ਕੇਂਦਰੀ ਮਕਾਨ ਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਸੂਬੇ ਦੇ ਸ਼ਹਿਰੀ ਖੇਤਰਾਂ ਵਿਚ 4 ਜਨਵਰੀ 2020 ਤੋਂ ਲੈ ਕੇ 31 ਜਨਵਰੀ 2020 ਤੱਕ 4242 ਸ਼ਹਿਰੀ ਸਥਾਨਕ ਸਰਕਾਰਾਂ (ਯੂ.ਐਲ.ਬੀਜ਼.) ਕਰਵਾਇਆ ਗਿਆ ਸੀ ਜਿਸ ਦੇ ਨਤੀਜਿਆਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀਰਵਾਰ ਨੂੰ ਇਕ ਵਰਚੁਅਲ ਐਵਾਰਡ ਸਮਾਗਮ ਦੌਰਾਨ ਐਲਾਨ ਕੀਤਾ ਗਿਆ। ਇਸ ਪ੍ਰਕਿਰਿਆ ਦੌਰਾਨ ਸਾਫ਼-ਸਫ਼ਾਈ ਭਾਵ ਸੋਲਿਡ ਵੇਸਟ ਮੈਨੇਜਮੈਂਟ, ਓ.ਡੀ.ਐਫ. (ਖੁੱਲ੍ਹੇ ਵਿੱਚ ਸ਼ੋਚ ਤੋਂ ਮੁਕਤੀ) ਸਥਿਤੀ ਜਿਸ ਵਿਚ ਲੋਕਾਂ ਦੀ ਰਾਏ ਅਤੇ ਉਨ੍ਹਾਂ ਦੀ ਭਾਗੀਦਾਰੀ ਵੀ ਸ਼ਾਮਲ ਸੀ, ਆਦਿ ਮਾਪਦੰਡਾਂ ਨੂੰ ਜ਼ੇਰੇ ਧਿਆਨ ਰੱਖਿਆ ਗਿਆ। ਵਿਸ਼ੇਸ਼ ਮੁੱਖ ਸਕੱਤਰ ਸਥਾਨਕ ਸਰਕਾਰਾਂ ਸਤੀਸ਼ ਚੰਦਰਾ ਨੇ ਕਿਹਾ ਕਿ ਸਵੱਛ ਸਰਵੇਖਣ-2017 ਵਿੱਚ ਸਭ ਤੋਂ ਹੇਠਲੇ 10 ਸੂਬਿਆਂ ਵਿਚ ਸ਼ਾਮਲ ਹੋਣ ਦੀ ਸਥਿਤੀ ਵਿਚ ਸੁਧਾਰ ਕਰਦਿਆਂ ਸੂਬੇ ਨੇ ਸਵੱਛ ਸਰਵੇਖਣ-2018 ਵਿਚ ਨੌਵਾਂ, ਸਵੱਛ ਸਰਵੇਖਣ-2019 ਵਿੱਚ 7ਵਾਂ ਅਤੇ ਸਵੱਛ ਸਰਵੇਖਣ-2020 ਵਿੱਚ 6ਵਾਂ ਸਥਾਨ ਹਾਸਲ ਕੀਤਾ ਹੈ। ਇਸ ਵਰ੍ਹੇ ਚਾਰ ਯੂ.ਐਲ.ਬੀਜ਼. ਜਿਨ੍ਹਾਂ ਵਿਚ ਨਗਰ ਨਿਗਮ ਲੁਧਿਆਣਾ (ਮਿਲੀਅਨ ਤੋਂ ਜ਼ਿਆਦਾ ਆਬਾਦੀ ਵਾਲਾ ਸ਼ਹਿਰ) ਅਤੇ ਨਗਰ ਕੌਂਸਲ ਨਵਾਂ ਸ਼ਹਿਰ ਵੀ ਸ਼ਾਮਲ ਹਨ, ਨੂੰ ਸਨਮਾਨਿਤ ਕੀਤਾ ਗਿਆ ਹੈ।

ਸਵੱਛਤਾ ਰੈਂਕਿੰਗ ਵਿਚ ਜਲੰਧਰ ਕੈਂਟ ਬੋਰਡ ਪੂਰੇ ਦੇਸ਼ 'ਚ ਪਹਿਲੇ ਸਥਾਨ 'ਤੇ

image




ਜਲੰਧਰ, 20 ਅਗੱਸਤ (ਲੱਕੀ) : ਸਵੱਛਤਾ ਰੈਂਕਿੰਗ 'ਚ ਜਲੰਧਰ ਦਾ ਕੈਂਟ ਬੋਰਡ ਪੂਰੇ ਦੇਸ਼ 'ਚ ਪਹਿਲੇ ਸਥਾਨ 'ਤੇ ਰਿਹਾ ਹੈ ਜਦਕਿ ਜਲੰਧਰ ਨਗਰ ਨਿਗਮ  ਦਾ 119ਵਾਂ ਸਥਾਨ ਆਇਆ ਹੈ। ਕੈਂਟ ਬੋਰਡ ਦੇ ਵਾਸੀਆਂ ਲਈ ਇਹ ਚੰਗੀ ਖ਼ਬਰ ਹੈ। ਜਲੰਧਰ ਨਗਰ ਨਿਗਮ ਪਿਛਲੇ ਸਾਲ ਸਵੱਛਤਾ ਰੈਂਕਿੰਗ 'ਚ 167 ਨੰਬਰ 'ਤੇ ਸੀ। ਪਿਛਲੇ ਸਾਲ ਦੇ ਮੁਕਾਬਲੇ ਜਲੰਧਰ ਨਗਰ ਨਿਗਮ ਨੇ ਰੈਂਕਿੰਗ 'ਚ ਸੁਧਾਰ ਕੀਤਾ ਹੈ ਪਰ ਸਵੱਛਤਾ ਦੇ ਕਈ ਪੈਮਾਨਿਆਂ 'ਤੇ ਪੱਛੜੇ ਹੋਣ ਕਾਰਨ ਨਗਰ ਨਿਗਮ ਇਕ ਵਾਰ ਫਿਰ ਸਵੱਛਤਾ ਰੈਂਕਿੰਗ 'ਚ ਫੇਲ ਸਾਬਤ ਹੋਇਆ ਹੈ। 10 ਲੱਖ ਤੋਂ ਘੱਟ ਆਬਾਦੀ ਤੇ ਦਸ ਲੱਖ ਤੋਂ ਜ਼ਿਆਦਾ ਆਬਾਦੀ ਵਾਲੇ ਸ਼ਹਿਰਾਂ ਦੀ ਰੈਂਕਿੰਗ ਨੂੰ ਲੈ ਕੇ ਜਲੰਧਰ ਨਗਰ ਨਿਗਮ ਨੇ ਲਗਪਗ 8,00,000 ਜਨਸੰਖਿਆ ਨਾਲ ਅਪਣਾ ਦਾਅਵਾ ਪੇਸ਼ ਕੀਤਾ ਸੀ ਜਦੋਂਕਿ ਰੈਂਕਿੰਗ ਦੇ ਹਿਸਾਬ ਨਾਲ ਜਲੰਧਰ ਨੂੰ 10 ਲੱਖ ਤੋਂ ਜ਼ਿਆਦਾ ਆਬਾਦੀ ਵਾਲੇ ਸ਼ਹਿਰਾਂ 'ਚ ਪਾ ਦਿਤਾ ਗਿਆ ਹੈ। ਇਸ ਨੂੰ ਲੈ ਕੇ ਨਗਰ ਨਿਗਮ ਦੇ ਅਧਿਕਾਰੀ ਮੱਥਾਪੱਚੀ ਕਰਨ 'ਚ ਲੱਗੇ ਹੋਏ ਹਨ।