ਪੰਜਾਬ ਵਿਚ ਕੋਰੋਨਾ ਨਾਲ 26 ਹੋਰ ਮੌਤਾਂ ਅਤੇ 1700 ਪਾਜ਼ੇਟਿਵ ਮਾਮਲੇ ਆਏ
ਪੰਜਾਬ ਵਿਚ ਕੋਰੋਨਾ ਨਾਲ 26 ਹੋਰ ਮੌਤਾਂ ਅਤੇ 1700 ਪਾਜ਼ੇਟਿਵ ਮਾਮਲੇ ਆਏ
ਚੰਡੀਗੜ੍ਹ, 19 ਅਗੱਸਤ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। ਅੱਜ ਸ਼ਾਮ ਤਕ ਇਕ ਦਿਨ ਦੌਰਾਨ ਜਿਥੇ 26 ਹੋਰ ਮੌਤਾਂ ਹੋਈਆਂ ਹਨ ਉਥੇ 1700 ਨਵੇਂ ਪਾਜ਼ੇਟਿਵ ਮਾਮਲੇ ਵੀ ਆਏ ਹਨ। ਮੌਤਾਂ ਦੀ ਕੁਲ ਗਿਣਤੀ ਜਿਥੇ 923 ਤਕ ਪਹੁੰਚ ਗਈ ਹੈ। ਉਥੇ ਪਾਜ਼ੇਟਿਵ ਮਾਮਲਿਆਂ ਦਾ ਕੁਲ ਅੰਕੜਾ ਵੀ 36000 ਤੋਂ ਪਾਰ ਕਰ ਗਿਆ ਹੈ। ਇਸ ਸਮੇਂ 22703 ਮਰੀਜ਼ ਠੀਕ ਵੀ ਹੋਏ ਹਨ ਤੇ 12460 ਇਲਾਜ ਅਧੀਨ ਹਨ। ਇਨ੍ਹਾਂ ਵਿਚੋਂ ਇਸ ਸਮੇਂ 400 ਦੇ ਕਰੀਬ ਗੰਭੀਰ ਹਾਲਤ ਵਾਲੇ ਹਨ। ਇਨ੍ਹਾਂ ਵਿਚੋਂ 36 ਵੈਂਟੀਲੇਟਰ 'ਤੇ ਹਨ। ਸੂਬੇ ਵਿਚ ਹੁਣ ਤਕ ਕੁਲ 8 ਲੱਖ 9 ਹਜ਼ਾਰ 657 ਸੈਂਪਲ ਲਏ ਗਏ ਹਨ।
Corona Vaccine ਭਾਵੇਂ ਇੰਨੀ ਦਿਨੀਂ ਸਾਰੇ ਹੀ ਜ਼ਿਲ੍ਹਿਆਂ ਵਿਚ ਕੋਰੋਨਾ ਦੀ ਮਾਰ ਪੈ ਰਹੀ ਹੈ ਪਰ ਲੁਧਿਆਣਾ ਤੋਂ ਬਾਅਦ ਹੁਣ ਜਲੰਧਰ, ਪਟਿਆਲਾ ਤੇ ਮੋਹਾਲੀ ਜ਼ਿਲ੍ਹਿਆਂ ਵਿਚ ਜ਼ਿਆਦਾ ਪਾਜ਼ੇਟਿਵ ਮਾਮਲੇ ਆ ਰਹੇ ਹਨ ਤੇ ਮੌਤਾਂ ਦੀ ਗਿਣਤੀ ਵੱਧ ਰਹੀ ਹੈ। ਜਦਕਿ ਜ਼ਿਲ੍ਹਾ ਅੰਮ੍ਰਿਤਸਰ ਜੋ ਕਿਸੇ ਸਮੇਂ ਸਿਖਰ 'ਤੇ ਸੀ ਵਿਚ ਸਥਿਤੀ ਪਹਿਲਾਂ ਮੁਕਾਬਲੇ ਕੰਟਰੋਲ ਵਿਚ ਹੈ। ਲੁਧਿਆਣਾ ਜ਼ਿਲ੍ਹੇ ਵਿਚ ਮੌਤਾਂ ਦੀ ਗਿਣਤੀ 273 ਤਕ ਪਹੁੰਚ ਚੁਕੀ ਹੈ।
ਜਲੰਧਰ ਵਿਚ 109 ਤੇ ਪਟਿਆਲਾ ਵਿਚ 93 ਹੈ। ਲੁਧਿਆਣਾ ਵਿਚ ਇਸ ਸਮੇਂ ਪਾਜ਼ੇਟਿਵ ਮਾਮਲਿਆਂ ਦਾ ਅੰਕੜਾ 8000 ਤੋਂ ਉਪਰ ਤੇ ਜਲੰਧਰ ਤੇ ਪਟਿਆਲਾ ਵਿਚ ਵੀ ਇਹ ਅੰਕੜਾ 4000 ਤੋਂ ਉਪਰ ਹੋ ਚੁਕਾ ਹੈ। ਮੋਹਾਲੀ ਜ਼ਿਲ੍ਹੇ ਵਿਚ ਵੀ ਇਹ ਅੰਕੜਾ 2000 ਤੋਂ ਪਾਰ ਹੋ ਚੁੱਕਾ ਹੈ। ਅੱਜ ਵੀ ਲੁਧਿਆਣਾ ਜ਼ਿਲ੍ਹੇ ਵਿਚ 465, ਜਲੰਧਰ ਵਿਚ 208 ਤੇ ਪਟਿਆਲਾ ਵਿਚ 117 ਪਾਜ਼ੇਟਿਵ ਮਾਮਲੇ ਆਏ ਹਨ। ਮੋਹਾਲੀ ਵਿਚ ਵੀ ਇਹ ਅੰਕੜਾ ਅੱਜ 114 ਹੈ।