ਸ਼ਹੀਦਾਂ ਦੀ ਸ਼ਹਾਦਤ ਨੂੰ ਕਦੇ ਵੀ ਮਨੋ ਨਹੀਂ ਵਿਸਾਰ ਸਕਦੇ : ਮਨਪ੍ਰੀਤ ਸਿੰਘ ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

74ਵੇਂ ਸੁਤੰਤਰਤਾ ਦਿਵਸ ਮੌਕੇ ਬਠਿੰਡਾ 'ਚ ਵਿੱਤ ਮੰਤਰੀ ਨੇ ਲਹਿਰਾਇਆ ਕੌਮੀ ਤਿਰੰਗਾ

Manpreet Singh Badal

ਬਠਿੰਡਾ, 16 ਅਗੱਸਤ (ਸੁਖਜਿੰਦਰ ਮਾਨ) :  ਮੁਲਕ ਦੇ 74ਵੇਂ ਸੁਤੰਤਰਤਾ ਦਿਵਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਥੇ ਸਰਕਾਰੀ ਰਾਜਿੰਦਰਾ ਕਾਲਜ ਵਿਖੇ ਸਥਿਤ ਹਾਕੀ ਸਟੇਡੀਅਮ ਵਿਖੇ ਕੌਮੀ ਤਿਰੰਗਾ ਝੰਡਾ ਲਹਿਰਾਇਆ। ਇਸ ਉਪਰੰਤ ਉਨ੍ਹਾਂ ਨੇ ਪੰਜਾਬ ਪੁਲਿਸ ਦੀ ਟੁਕੜੀ ਤੋਂ ਸਲਾਮੀ ਲਈ ਅਤੇ ਉਥੇ ਮੌਜੂਦ ਲੋਕਾਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿਤੀ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ, ਇੰਸਪੈਕਟਰ ਜਨਰਲ ਜਸਕਰਨ ਸਿੰਘ ਅਤੇ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਜੀਤ ਸਿੰਘ ਵਿਰਕ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।

ਇਸ ਮੌਕੇ ਆਜ਼ਾਦੀ ਦੇ ਸੰਗਰਾਮ ਵਿਚ ਆਪਣਾ ਕੁਰਬਾਨੀਆਂ ਦੇਣ ਵਾਲੇ ਤੇ ਵਡਮੁੱਲਾ ਯੋਗਦਾਨ ਪਾਉਣ ਵਾਲੇ ਮਹਾਨ ਸੂਰਬੀਰ ਯੋਧਿਆਂ ਨੂੰ ਯਾਦ ਕਰਦਿਆਂ ਵਿੱਤ ਮੰਤਰੀ ਸ. ਬਾਦਲ ਨੇ ਕਿਹਾ ਕਿ ਆਜ਼ਾਦੀ ਬਦਲੇ ਅਨੇਕਾ ਮਹਾਨ ਸੂਰਬੀਰਾਂ ਨੂੰ ਸ਼ਹਾਦਤਾਂ ਦੇਣੀਆਂ ਪਈਆਂ ਸਨ। ਉਨ੍ਹਾਂ ਇਹ ਵੀ ਯਾਦ ਕਰਵਾਇਆ ਕਿ ਸੂਰਬੀਰ ਯੋਧਿਆਂ ਦੇ ਡੁੱਲ੍ਹੇ ਖੂਨ ਦਾ ਇਕ-ਇਕ ਕਿਣਕੇ ਨੂੰ ਕਦੇ ਵੀ ਮਨੋ ਨਹੀਂ ਵਿਸਾਰਿਆ ਜਾ ਸਕਦਾ। ਇਸ ਉਪਰੰਤ ਸ. ਬਾਦਲ ਨੇ ਅਡਵਾਂਸ ਲਾਇਫ਼ ਸਪੋਟ (ਏ.ਐਲ.ਐਸ.) ਐਂਬੂਲੈਂਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਇਸ ਉਪਰੰਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੁੱਖ ਮਹਿਮਾਨ ਮਨਪ੍ਰੀਤ ਸਿੰਘ ਬਾਦਲ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇ.ਕੇ. ਅਗਰਵਾਲ, ਮਾਰਕਿਟ ਕਮੇਟੀ ਦੇ ਚੇਅਰਮੈਨ  ਮੋਹਨ ਲਾਲ ਝੂੰਬਾ, ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਅਰੁਣ ਵਧਾਵਨ ਤੇ ਦਿਹਾਤੀ ਦੇ ਪ੍ਰਧਾਨ ਖ਼ੁਸ਼ਬਾਜ ਸਿੰਘ ਜਟਾਣਾ, ਸੀਨੀਅਰ ਆਗੂ ਪਵਨ ਮਾਨੀ, ਅਨਿਲ ਭੋਲਾ, ਰਾਜਨ ਗਰਗ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਿਵਲ ਤੇ ਪੁਲਿਸ ਵਿਭਾਗ ਦੇ ਅਧਿਕਾਰੀ ਤੇ ਕਮਰਚਾਰੀ ਆਦਿ ਮੌਜੂਦ ਸਨ।

ਅਜ਼ਾਦੀ ਘੁਲਾਟੀਆਂ ਦੇ ਆਸ਼ਰਿਤਾਂ ਵਲੋਂ ਸੱਦਾ ਪੱਤਰ ਨਾ ਦੇਣ ਦੋਸ਼

ਬਠਿੰਡਾ : ਉਧਰ ਦੇਸ਼ ਦੇ 74ਵੇਂ ਅਜ਼ਾਦੀ ਦਿਹਾੜੇ ਮੌਕੇ ਅਜ਼ਾਦੀ ਘੁਲਾਟੀਆਂ ਦੇ ਪਰਵਾਰਾਂ ਵਲੋਂ ਇਸ ਸਮਾਰੋਹ ਉਪਰ ਸੱਦਾ ਪੱਤਰ ਨਾ ਦੇਣ ਦੇ ਦੋਸ਼ ਲਗਾਏ ਗਏ। ਸਥਾਨਕ ਆਰੀਆ ਸਮਾਜ਼ ਚੌਕ 'ਚ ਸ਼ਹੀਦ ਭਗਤ ਸਿੰਘ ਅਤੇ ਹੋਰਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਪੁੱਜੇ ਅਜ਼ਾਦੀ ਘੁਲਾਟੀਆਂ ਦੇ ਵਾਰਸਾਂ ਦੀ ਜਥੇਬੰਦੀ ਦੇ ਆਗੂ ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦਕਿ ਦੇਸ਼ ਨੂੰ ਅਜ਼ਾਦੀ ਦਿਵਾਉਣ ਵਾਲੇ ਸ਼ਹੀਦਾਂ ਦੇ ਪ੍ਰਵਾਰਾਂ ਨੂੰ ਆਜ਼ਾਦੀ ਦਿਹਾੜੇ ਮੌਕੇ ਯਾਦ ਨਹੀਂ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਾਰਸਾਂ ਦੀਆਂ ਮੰਗਾਂ ਮੰਨਣ ਤੋਂ ਵੀ ਭੱਜ ਰਹੀ ਹੈ।
ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਕਰੋਨਾ ਮਹਾਂਮਾਰੀ ਕਾਰਨ ਇਸ ਵਾਰ ਅਜ਼ਾਦੀ ਦਿਹਾੜਾ ਸਾਦੇ ਢੰਗ ਨਾਲ ਮਨਾਇਆ ਗਿਆ ਹੈ। ਜਿਸਦੇ ਚਲਦੇ ਅਜ਼ਾਦੀ ਘੁਲਾਟੀਆਂ ਸਹਿਤ ਕਿਸੇ ਨੂੰ ਇਸ ਮੌਕੇ ਸੱਦਾ ਪੱਤਰ ਨਹੀਂ ਦਿਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅਜ਼ਾਦੀ ਘੁਲਾਟੀਆਂ ਦੇ ਆਸ਼ਰਿਤਾਂ ਨੂੰ ਸਨਮਾਨ ਦੇਣ ਲਈ ਪ੍ਰਸ਼ਾਸਨ ਵਲੋਂ ਇਕ-ਇਕ ਅਧਿਕਾਰੀ ਹਰੇਕ ਅਜ਼ਾਦੀ ਘੁਲਾਟੀਏ ਦੇ ਆਸ਼ਰਿਤਾਂ ਦੇ ਘਰ ਭੇਜਿਆ ਗਿਆ।