ਹਾਈ ਕੋਰਟ ਨੇ ਸੁਮੇਧ ਸੈਣੀ ਨੂੰ  ਛੱਡਣ ਦੇ ਦਿਤੇ ਹੁਕਮ

ਏਜੰਸੀ

ਖ਼ਬਰਾਂ, ਪੰਜਾਬ

ਹਾਈ ਕੋਰਟ ਨੇ ਸੁਮੇਧ ਸੈਣੀ ਨੂੰ  ਛੱਡਣ ਦੇ ਦਿਤੇ ਹੁਕਮ

image


ਵਿਜੀਲੈਂਸ ਨੇ ਗ਼ੈਰ ਕਾਨੂੰਨੀ ਕਾਲੋਨੀ ਕੱਟਣ ਨਾਲ ਜੁੜੇ ਮਾਮਲੇ 'ਚ ਕੀਤਾ ਸੀ ਗਿ੍ਫ਼ਤਾਰ 

ਚੰਡੀਗੜ੍ਹ, 19 ਅਗੱਸਤ (ਗੁਰਉਪਦੇਸ਼ ਭੁੱਲਰ/ਸੁਖਦੀਪ ਸਿੰਘ ਸੋਈ) : ਬੀਤੀ ਰਾਤ ਵਿਜੀਲੈਂਸ ਬਿਊਰੋ ਵਲੋਂ ਗਿ੍ਫ਼ਤਾਰ ਕੀਤੇ ਗਏ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੂੰ  ਪੰਜਾਬ-ਹਰਿਆਣਾ ਹਾਈ ਕੋਰਟ ਨੇ ਵੱਡੀ ਰਾਹਤ ਦਿਤੀ ਹੈ | ਅੱਜ ਸ਼ਾਮ ਇਸ ਸਬੰਧੀ ਸੈਣੀ ਦੇ ਵਕੀਲਾਂ ਵਲੋਂ ਪਾਈ ਪਟੀਸ਼ਨ 'ਤੇ ਫ਼ੈਸਲਾ ਦਿੰਦਿਆਂ ਸੈਣੀ ਨੂੰ  ਤੁਰਤ ਛੱਡਣ ਦੇ ਹੁਕਮ ਦਿਤੇ ਹਨ | ਭਾਵੇਂ ਸੈਣੀ ਨੂੰ  ਰਾਹਤ ਮਿਲ ਗਈ ਪਰੰਤੂ ਬਿਊਰੋ ਵਲੋਂ ਸਬੰਧਤ ਕੰਪਨੀ ਨੇ ਦੇ ਇਕ ਅਧਿਕਾਰੀ ਐਮ.ਡੀ ਕਰਨਲ ਬੀ.ਐਸ ਸੰਧੂ ਅਤੇ ਇਕ ਹੋਰ ਵਿਅਕਤੀ ਅਸ਼ੋਕ ਭਾਟੀਆ ਦੀ ਇਸ ਮਾਮਲੇ 'ਚ ਗਿ੍ਫ਼ਤਾਰੀ ਪਾ ਦਿਤੀ ਹੈ | 
ਬੀਤੀ ਰਾਤ ਹੀ ਸੈਣੀ ਦੇ ਵਕੀਲ ਸਰਗਰਮ ਹੋ ਗਏ ਸਨ | ਸੈਣੀ ਦੀ ਪਤਨੀ ਵਲੋਂ ਪਾਈ ਪਟੀਸ਼ਨ 'ਤੇ ਹਾਈ ਕੋਰਟ 'ਚ ਅੱਜ 3 ਵਜੇ ਸੁਣਵਾਈ ਸ਼ੁਰੂ ਹੋਈ ਸੀ, ਜੋ ਕਈ ਘੰਟੇ ਚਲੀ | ਸੈਣੀ ਦੇ ਵਕੀਲਾਂ ਦਾ ਕਹਿਣਾ ਸੀ ਕਿ ਵਿਜੀਲੈਂਸ ਬਿਊਰੋ ਨੇ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ | ਸੈਣੀ ਹਾਈ ਕੋਰਟ ਦੇ ਹੁਕਮ ਮੁਤਾਬਕ ਹੀ ਉਸ ਵਿਰੁਧ ਪਿਛਲੇ ਦਿਨਾਂ ਵਿਚ ਕੋਠੀ ਦੀ ਖ਼ਰੀਦ ਬਾਰੇ ਮਾਮਲੇ ਨੂੰ  ਲੈ ਕੇ ਦਰਜ ਕੇਸ ਦੀ ਜਾਂਚ ਲਈ ਪੇਸ਼ ਹੋਏ ਸਨ ਪਰ ਉਨ੍ਹਾਂ ਨੂੰ  ਕੋਈ ਹੋਰ ਕੇਸ ਦਰਜ ਕਰ ਕੇ ਗਿ੍ਫ਼ਤਾਰ ਕਰ ਲਿਆ ਗਿਆ | ਹਾਈ ਕੋਰਟ ਵਲੋਂ ਬਹਿਸ ਤੋਂ ਬਾਅਦ ਮੋਹਾਲੀ ਅਦਾਲਤ ਨੂੰ  ਸੈਣੀ ਦਾ ਰਿਮਾਂਡ ਵੀ ਨਾ ਦੇਣ ਦੇ ਹੁਕਮ ਦਿਤੇ ਅਤੇ ਹੋਰ ਕੋਈ ਕਾਰਵਾਈ ਕਰਨੋਂ ਵੀ ਰੋਕ ਦਿਤਾ | ਸੈਣੀ ਨੇ ਪੂਰੀ ਰਾਤ ਮੋਹਾਲੀ ਦੀ ਪੁਲਿਸ ਹਵਾਲਾਤ ਵਿਚ ਕੱਟੀ | ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਡੀਜੀਪੀ ਪੰਜਾਬ ਸੁਮੇਧ ਸਿੰਘ ਸੈਣੀ ਨੂੰ  ਥਾਣਾ ਵਿਜੀਲੈਂਸ ਬਿਊਰੋ, ਉਡਣ ਦਸਤਾ-1, ਪੰਜਾਬ ਵਿਖੇ ਦਰਜ ਮੁਕੱਦਮੇ 'ਚ ਭਿ੍ਸ਼ਟਾਚਾਰ ਰੋਕੂ ਕਾਨੂੰਨ ਅਧੀਨ ਗਿ੍ਫ਼ਤਾਰ ਕੀਤਾ ਸੀ | ਪੰਜਾਬ ਵਿਜੀਲੈਂਸ ਬਿਊਰੋ ਦੇ ਇਕ ਬੁਲਾਰੇ ਨੇ ਦਸਿਆ ਕਿ ਕੁਰਾਲੀ, ਜ਼ਿਲ੍ਹਾ ਐਸ.ਏ.ਐਸ. ਨਗਰ ਵਿਖੇ ਸਾਲ 2013 ਵਿਚ ਵਰਲਡ ਵਾਈਡ ਇੰਮੀਗਰੇਸ਼ਨ ਕੰਸਲਟੈਂਸੀ ਸਰਵਿਸਿਜ਼ ਇਸਟੇਟਸ ਪ੍ਰਾਈਵੇਟ ਲਿਮ. ਐਸ.ਏ.ਐਸ. ਨਗਰ ਦੇ ਡਾਇਰੈਕਟਰ ਦਵਿੰਦਰ ਸਿੰਘ ਸੰਧੂ ਵਲੋਂ ਸਥਾਨਕ ਸਰਕਾਰਾਂ ਪੰਜਾਬ ਦੇ ਡਿਪਟੀ ਡਾਇਰੈਕਟਰ ਅਸ਼ੋਕ ਸਿੱਕਾ, ਪੀਸੀਐਸ (ਰਿਟਾ:), ਸਾਗਰ ਭਾਟੀਆ, ਸੀਨੀਅਰ ਟਾਊਨ ਪਲੈਨਰ (ਰਿਟਾ:) ਅਤੇ ਹੋਰਾਂ ਨਾਲ ਮਿਲੀਭੁਗਤ ਕਰ ਕੇ ਖੇਤੀਬਾੜੀ ਵਾਲੀ ਜ਼ਮੀਨ 'ਤੇ ਕੁਦਰਤੀ ਚੋਅ ਨੂੰ  ਗ਼ੈਰ ਕਾਨੂੰਨੀ ਤਰੀਕੇ ਨਾਲ ਰਿਹਾਇਸ਼ੀ ਕਾਲੋਨੀ ਦਰਸਾ ਕੇ, ਗ੍ਰੀਨ ਮੀਡੋਜ਼-1 ਅਤੇ ਗ੍ਰੀਨ ਮੀਡੋਜ਼-2 ਨਾਮ ਦੀਆਂ ਰਿਹਾਇਸ਼ੀ ਕਾਲੋਨੀਆਂ ਅਸਲ ਤੱਥ ਲੁਕੋ ਕੇ, ਫ਼ਰਜ਼ੀ ਤੇ ਝੂਠੇ ਦਸਤਾਵੇਜ਼ਾਂ ਦੇ ਅਧਾਰ 'ਤੇ ਧੋਖਾਧੜੀ ਨਾਲ ਪਾਸ ਕਰਵਾ ਲਈਆਂ ਸਨ | ਇਸ ਸਬੰਧੀ ਮੁਕੱਦਮਾ 11 ਮਿਤੀ 17-9-2020 ਨੂੰ  ਭਿ੍ਸ਼ਟਾਚਾਰ ਰੋਕੂ ਕਾਨੂੰਨ ਅਧੀਨ ਉਕਤ ਦੋਸ਼ੀਆਂ ਵਿਰੁਧ ਦਰਜ ਕੀਤਾ ਗਿਆ ਸੀ | ਉਨ੍ਹਾਂ ਦਸਿਆ ਕਿ ਤਫ਼ਤੀਸ਼ ਦੌਰਾਨ ਇਹ ਤੱਥ ਸਾਹਮਣੇ ਆਏ ਕਿ ਦਵਿੰਦਰ ਸਿੰਘ ਸੰਧੂ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਨਿਮਰਤਦੀਪ ਸਿੰਘ ਦਾ ਪੁਰਾਣਾ ਜਾਣਕਾਰ ਸੀ ਅਤੇ ਨਿਮਰਤਦੀਪ ਸਿੰਘ ਦੀ ਉੱਚ ਅਧਿਕਾਰੀਆਂ ਨਾਲ ਕਾਫੀ ਜਾਣ ਪਹਿਚਾਣ ਸੀ | ਉਸ ਵਲੋਂ ਉਕਤ ਕਾਲੋਨੀਆਂ ਸਰਟੀਫ਼ਾਈ ਕਰਵਾਉਣ ਬਦਲੇ ਦਵਿੰਦਰ ਸਿੰਘ ਸੰਧੂ ਕੋਲੋਂ ਤਕਰੀਬਨ 6 ਕਰੋੜ ਰੁਪਏ ਰਿਸ਼ਵਤ ਮੰਗ ਕੇ ਹਾਸਲ ਕੀਤੀ ਗਈ ਸੀ |

 ਸਖ਼ਤ ਸੁਰੱਖਿਆ ਪ੍ਰਬੰਧਾਂ 'ਚ ਹੋਈ ਪੇਸ਼ੀ 
ਐਸ.ਏ.ਐਸ. ਨਗਰ, 19 ਅਗਸਤ (ਸੁਖਦੀਪ ਸਿੰਘ ਸੋਈ) : ਵਿਜੀਲੈਂਸ ਵਿਭਾਗ ਵਲੋਂ ਬੀਤੀ ਸ਼ਾਮ ਗਿ੍ਫਤਾਰ ਕੀਤੇ ਗਏ ਪੰਜਾਬ ਪੁਲੀਸ ਦੇ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਨੂੰ  ਅੱਜ ਮੁਹਾਲੀ ਦੀ ਅਦਲਤ ਵਿਚ ਪੇਸ਼ ਕੀਤਾ ਗਿਆ | ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਵਲੋਂ ਸੁਮੇਧ ਸਿੰਘ ਸੈਣੀ ਨੂੰ  ਸਖ਼ਤ ਸੁਰਖਿਆ ਪ੍ਰਬੰਧਾਂ ਹੇਠ ਦੁਪਹਿਰ  ਦੇ ਕਰੀਬ ਵਿਜੀਲੈਂਸ ਬਿਓਰੋ ਦੀ ਚਿੱਟੇ ਰੰਗ ਦੀ ਇਨੋਵਾ ਗੱਡੀ ਵਿਚ ਅਦਾਲਤ ਲਿਆਂਦਾ ਗਿਆ | ਇਸ ਮੌਕੇ ਸਥਾਨਕ ਪੁਲਿਸ ਵੱਲੋਂ ਸੁਰੱਖਿਆ ਦੇ ਬਹੁਤ ਹੀ ਸਖ਼ਤ ਪ੍ਰਬੰਧ ਕੀਤੇ ਹੋਏ ਸਨ ਅਤੇ ਪੁਲਿਸ ਵਲੋਂ ਮੀਡੀਆ ਨੂੰ  ਅਦਾਲਤ ਦੇ ਅੰਦਰ ਜਾਣ ਤੋਂ ਰੋਕ ਦਿਤਾ ਗਿਆ | ਇਸ ਦੌਰਾਨ ਸੈਣੀ ਦੇ ਪਹੁੰਚਣ ਤੋਂ ਪਹਿਲਾਂ ਜਿਹੜੇ ਮੀਡੀਆ ਕਰਮੀ ਅਦਾਲਤੀ ਕਾਂਪਲੈਕਸ ਵਿਚ ਦਾਖਿਲ ਹੋ ਚੁੱਕੇ ਸਨ,  ਉਹਨਾਂ ਨੂੰ  ਵੀ ਪੁਲੀਸ ਵਲੋਂ ਕੋਰਟ ਕਾਂਪਲੈਕਸ ਤੋਂ ਬਾਹਰ ਕੱਢ ਦਿੱਤਾ ਗਿਆ ਅਤੇ ਪੁਲੀਸ ਦਾ ਕੋਈ ਵੀ ਅਧਿਕਾਰੀ ਕਿਸੇ ਨੂੰ  ਕੁੱਝ ਵੀ ਦੱਸਣ ਲਈ ਤਿਆਰ ਨਹੀਂ ਸੀ | 

Photos 19-10