ਸੌਦਾ ਸਾਧ ’ਤੇ ਮਿਹਰਬਾਨੀ, ਏਮਜ਼ ਦਿੱਲੀ ਤੋਂ ਰੋਹਤਕ ਜੇਲ ’ਚ ਵਾਪਸੀ ਤਕ ਮਿਲੇ ਵਿਸ਼ੇਸ਼ ਮਹਿਮਾਨ, ਦੋ

ਏਜੰਸੀ

ਖ਼ਬਰਾਂ, ਪੰਜਾਬ

ਸੌਦਾ ਸਾਧ ’ਤੇ ਮਿਹਰਬਾਨੀ, ਏਮਜ਼ ਦਿੱਲੀ ਤੋਂ ਰੋਹਤਕ ਜੇਲ ’ਚ ਵਾਪਸੀ ਤਕ ਮਿਲੇ ਵਿਸ਼ੇਸ਼ ਮਹਿਮਾਨ, ਦੋ ਔਰਤਾਂ ਵੀ ਨਾਲ ਬੈਠੀਆਂ

image

ਚੰਡੀਗੜ੍ਹ, 19 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਸਾਧਵੀਆਂ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ 20 ਸਾਲ ਦੀ ਸਜ਼ਾ ਕੱਟ ਰਹੇ ਸੌਦਾ ਸਾਧ ਦੀ ਸਕਿਉਰਿਟੀ ’ਚ ਲੱਗੇ ਪੁਲਿਸ ਅਧਿਕਾਰੀ ਵਿਵਾਦਾਂ ’ਚ ਘਿਰ ਗਏ ਹਨ। ਡੀਐਸਪੀ ਰੈਂਕ ਦੇ ਇਕ ਅਧਿਕਾਰੀ ਨੇ ਅਪਣੇ ਸਾਥੀਆਂ ਨੂੰ ਭਰੋਸੇ ’ਚ ਲੈ ਕੇ ਸਾਧ ਨੂੰ ਉਸ ਸਮੇਂ ਖ਼ੂਬ ਛੋਟ ਦਿਤੀ, ਜਦੋਂ ਉਹ ਅਪਣੇ ਇਲਾਜ ਲਈ ਕੁਝ ਟੈਸਟ ਕਰਵਾਉਣ ਨੂੰ ਏਮਜ਼ ਦਿੱਲੀ ਗਿਆ ਸੀ। ਉਥੇ ਸਾਧ ਨੂੰ ਕੱੁਝ ਲੋਕ ਮਿਲੇ ਸਨ, ਜਿਨ੍ਹਾਂ ’ਚ ਔਰਤਾਂ ਵੀ ਸ਼ਾਮਲ ਸਨ। ਸਾਧ ਜਦੋਂ ਪੁਲਿਸ ਵਾਹਨ ਰਾਹੀਂ ਵਾਪਸ ਪਰਤ ਰਿਹਾ ਸੀ, ਉਦੋਂ ਰਸਤੇ ’ਚ ਥਾਂ-ਥਾਂ ਵਾਹਨ ਰੋਕੇ ਗਏ। ਇਕ ਸਥਾਨ ਤੋਂ ਤਾਂ ਦੋ ਔਰਤਾਂ ਵੀ ਸਾਧ ਦੇ ਵਾਹਨ ’ਚ ਬਿਠਾਏ ਜਾਣ ਦੀ ਸੂਚਨਾ ਸੂਬਾ ਸਰਕਾਰ ਕੋਲ ਪੁੱਜੀ ਹੈ।
ਹਰਿਆਣਾ ਦੇ ਜੇਲ ਮੰਤਰੀ ਰਣਜੀਤ ਚੌਟਾਲਾ ਡੇਰਾ ਮੁਖੀ ਦੀ ਸਕਿਉਰਿਟੀ ’ਚ ਵਰਤੀ ਗਈ ਲਾਪਰਵਾਹੀ ਤੋਂ ਨਾਰਾਜ਼ ਹੈ ਪਰ ਨਾਲ ਹੀ ਕਹਿੰਦੇ ਹਨ ਕਿ ਜੇਲ ਮੈਨਿਊਅਲ ਦੇ ਹਿਸਾਬ ਤੋਂ ਇਕ ਕੈਦੀ ਇਕ ਸਮਾਨ ਹੁੰਦੇ ਹਨ। ਇਲਾਜ ਜਾਂ ਟੈਸਟ ਦੌਰਾਨ ਜੇ ਕਿਸੇ ਕੈਦੀ ਨੂੰ ਹੋਰ ਬਾਹਰੀ ਵਿਅਕਤੀ ਤੋਂ ਮਿਲਣ ਦੀ ਇਜਾਜ਼ਤ ਹੁੰਦੀ ਹੈ ਤਾਂ ਸਾਧ ਲਈ ਇਹ ਵੀ ਸੁਵਿਧਾ ਰਹੇਗੀ ਪਰ ਅਜਿਹੀ ਇਜਾਜ਼ਤ ਲਈ ਗਈ ਹੈ ਜਾਂ ਨਹੀਂ, ਇਸ ਬਾਰੇ ’ਚ ਉਹ ਅਧਿਕਾਰੀਆਂ ਤੋਂ ਰਿਪੋਰਟ ਤਲਬ ਕਰਨਗੇ।
ਸਾਧ ਦੀ ਸਕਿਉਰਿਟੀ ਨੂੰ ਲੈ ਕੇ ਵਿਵਾਦ ਅਜਿਹੇ ਸਮੇਂ ’ਤੇ ਖੜਾ ਹੋਇਆ ਹੈ, ਜਦੋਂ ਸ਼ੁਕਰਵਾਰ ਤੋਂ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਸ਼ੁਰੂ ਹੋ ਰਿਹਾ ਹੈ। ਇਸ ਤੋਂ ਇਲਾਵਾ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੀ ਹਤਿਆ ਦੇ ਮਾਮਲੇ ’ਚ ਸੀਬੀਆਈ ਕੋਰਟ ਵਲੋਂ 26 ਅਗੱਸਤ ਨੂੰ ਫ਼ੈਸਲਾ ਦਿਤਾ ਜਾਣਾ ਹੈ। ਸੀਬੀਆਈ ਕੋਰਟ ਹਾਲਾਂਕਿ 26 ਅਗੱਸਤ ਤੋਂ ਪਹਿਲਾਂ ਫ਼ੈਸਲੇ ਦੇਣ ’ਤੇ ਵਿਚਾਰ ਕਰ ਰਹੀ ਸੀ ਤੇ ਫ਼ੈਸਲੇ ਦੇ ਦਿਨ ਡੇਰਾ ਮੁਖੀ ਨੂੰ ਵੀ ਸਖ਼ਤ ਸਕਿਉਰਿਟੀ ’ਚ ਅਦਾਲਤ ’ਚ ਪੇਸ਼ ਕੀਤੇ ਜਾਣ ਦਾ ਵਿਚਾਰ ਬਣਾਇਆ ਗਿਆ ਸੀ ਪਰ ਹਰਿਆਣਾ ਸਰਕਾਰ ਦੇ ਵਕੀਲਾਂ ਨੇ ਕੋਰਟ ਤੋਂ ਬੇਨਤੀ ਕੀਤੀ ਕਿ ਸਾਧ ਦੀ ਵਿਅਕਤੀਗਤ ਪੇਸ਼ੀ ਤੋਂ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜ ਸਕਦੀ ਹੈ।