ਪਿੱਟਬੁੱਲ ਨੇ ਕੀਤਾ 9 ਸਾਲਾ ਬੱਚੇ 'ਤੇ ਹਮਲਾ, ਕੁੱਤੇ ਦੀ ਮਾਲਕਣ 'ਤੇ ਕੇਸ ਦਰਜ 

ਏਜੰਸੀ

ਖ਼ਬਰਾਂ, ਪੰਜਾਬ

ਘਰ ਵਿਚ ਖੇਡ ਰਹੇ 9 ਸਾਲਾ ਬੱਚੇ 'ਤੇ ਗੁਆਂਢੀਆਂ ਦੇ ਪਿੱਟਬੁੱਲ ਨੇ ਕੀਤਾ ਹਮਲਾ

pit bull

ਰੂਪਨਗਰ - ਸਥਾਨਕ ਪੁਲਿਸ ਚੌਕੀ ਪੁਰਖਾਲੀ ਅਧੀਨ ਪੈਂਦੇ ਪਿੰਡ ਹਰੀਪੁਰ ਵਿਚ ਇੱਕ ਨੌਂ ਸਾਲਾ ਬੱਚੇ ’ਤੇ ਪਿੱਟਬੁੱਲ ਨੇ ਹਮਲਾ ਕਰ ਦਿੱਤਾ ਜਿਸ ਵਿਚ ਉਹ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਨੇ ਕੁੱਤੇ  ਦੀ ਮਾਲਕਣ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਚੌਕੀ ਪੁਰਖਾਲੀ ਦੇ ਇੰਚਾਰਜ ਹਰਮੇਸ਼ ਕੁਮਾਰ ਨੇ ਦੱਸਿਆ ਕਿ ਪੀੜਤ ਬੱਚੇ ਦੀ ਮਾਂ ਸੁਖਜੀਤ ਕੌਰ ਵਾਸੀ ਹਰੀਪੁਰ ਨੇ ਸ਼ਿਕਾਇਤ ਵਿਚ ਦੱਸਿਆ ਹੈ ਕਿ ਇਹ ਘਟਨਾ 17 ਅਗਸਤ ਦੀ ਹੈ। ਉਸ ਦਾ ਪੁੱਤਰ ਹਰਸ਼ਦੀਪ ਸਿੰਘ ਆਪਣੇ ਘਰ ਵਿਚ ਖੇਡ ਰਿਹਾ ਸੀ। ਇਸ ਦੌਰਾਨ ਉਸ ਦੀ ਗੁਆਂਢਣ ਕਮਲਜੀਤ ਕੌਰ ਦੀ ਪਿੱਟਬੁੱਲ ਨਸਲ ਦੀ ਕੁੱਤੀ ਉਨ੍ਹਾਂ ਦੇ ਘਰ ਅੰਦਰ ਵੜ ਗਈ ਅਤੇ ਹਰਸ਼ਦੀਪ ’ਤੇ ਹਮਲਾ ਕੀਤਾ।

ਇਸ ਦੌਰਾਨ ਰੌਲਾ ਸੁਣ ਕੇ ਉਸ ਦੇ ਗੁਆਂਢੀ ਸਰੂਪ ਸਿੰਘ ਨੇ ਚਾਕੂ ਤੇ ਦਾਤੀ ਦੀ ਮਦਦ ਨਾਲ ਲੜਕੇ ਦੇ ਵਾਲ ਕੱਟ ਕੇ ਕੁੱਤੀ ਦਾ ਜਬਾੜਾ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਸਿਰ ਦੇ ਵਾਲ ਛੱਡ ਕੇ ਸਿਰ ਨੂੰ ਫੜ ਲਿਆ। ਇਸ ਦੌਰਾਨ ਰੌਲਾ ਸੁਣ ਕੇ ਹੋਰ ਪਿੰਡ ਵਾਸੀ ਵੀ ਲੜਕੇ ਨੂੰ ਛੁਡਾਉਣ ਦੀ ਕੋਸ਼ਿਸ਼ ਕਰਨ ਲੱਗੇ। ਕੁੱਤੀ ਨੇ ਆਪਣਾ ਮੂੰਹ ਜਕੜੀ ਰੱਖਿਆ। ਲੋਕਾਂ ਨੇ ਕੁੱਤੀ ਨੂੰ ਕੁਹਾੜੀ ਨਾਲ ਮਾਰ ਕੇ ਲੜਕੇ ਦੀ ਜਾਨ ਬਚਾਈ। ਚੌਕੀ ਇੰਚਾਰਜ ਨੇ ਦੱਸਿਆ ਕਿ ਪੁਲਿਸ ਨੇ ਪਿੱਟਬੁੱਲ ਦੀ ਮਾਲਕਣ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ ਤੇ ਜਾਂਚ ਹੋ ਰਹੀ ਹੈ।