Joginder Singh : ਸ. ਜੋਗਿੰਦਰ ਸਿੰਘ ਨੇ ਬਾਬੇ ਨਾਨਕ ਦੀ ਸੋਚ ’ਤੇ ਪਹਿਰਾ ਦੇਣ ਦਾ ਕੰਮ ਕੀਤਾ : ਸੁਨੀਲ ਜਾਖੜ
ਪੰਜਾਬ ਭਾਜਪਾ ਪ੍ਰਧਾਨ ਨੇ ਸ. ਜੋਗਿੰਦਰ ਸਿੰਘ ਦੇ ਅਕਾਲ ਚਲਾਣੇ ’ਤੇ ਪਰਿਵਾਰ ਨਾਲ ਵੰਡਾਇਆ ਦੁੱਖ
Joginder Singh : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸੰਪਾਦਕ ਸਵ. ਸ. ਜੋਗਿੰਦਰ ਸਿੰਘ ਦੇ ਪਰਵਾਰ ਨਾਲ ਮਿਲ ਕੇ ਉਨ੍ਹਾਂ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਉਨ੍ਹਾਂ ਨੇ ਸਪੋਕਸਮੈਨ ਟੀ.ਵੀ. ’ਤੇ ਵੀ ਦੁੱਖ ਪ੍ਰਗਟਾਉਂਦਿਆਂ ਕਿਹਾ, ‘‘ਸ. ਜੋਗਿੰਦਰ ਸਿੰਘ ਅਪਣੇ-ਆਪ ’ਚ ਇਕ ਵੱਡੀ ਸ਼ਖ਼ਸੀਅਤ ਸਨ। ਉਨ੍ਹਾਂ ਨੇ ਜੋ ਇਕ ਵਾਰੀ ਠਾਣ ਲਿਆ ਉਸ ਨੂੰ ਪੂਰਾ ਕਰ ਕੇ ਰਹਿੰਦੇ ਸਨ। ਉਨ੍ਹਾਂ ਦੇ ਰਸਤੇ ’ਚ ਬਹੁਤ ਸਾਰੀਆਂ ਔਕੜਾਂ ਵੀ ਆਈਆਂ।
ਰੋਜ਼ਾਨਾ ਸਪੋਕਸਮੈਨ ਹੀ ਨਹੀਂ ‘ਉੱਚਾ ਦਰ ਬਾਬੇ ਨਾਨਕ ਦਾ’ ਉਸਾਰ ਕੇ ਉਨ੍ਹਾਂ ਨੇ ਜੋ ਬਾਬੇ ਨਾਨਕ ਦੀ ਸੋਚ ’ਤੇ ਪਹਿਰਾ ਦੇਣ ਦਾ ਕੰਮ ਕੀਤਾ ਹੈ, ਮੈਨੂੰ ਲਗਦਾ ਹੈ ਕਿ ਪੂਰਾ ਸਮਾਜ, ਪੰਜਾਬ ਅਤੇ ਦੇਸ਼-ਵਿਦੇਸ਼ ’ਚ ਵੀ ਲੋਕ ਬਾਬੇ ਨਾਨਕ ਦੀ ਇਸੇ ਸੋਚ ’ਤੇ ਚਲ ਕੇ ਸ. ਜੋਗਿੰਦਰ ਸਿੰਘ ਨੂੰ ਸੱਚੀ ਸ਼ਰਧਾਂਜਲੀ ਦੇ ਸਕਦੇ ਹਨ।
ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪਰਵਾਰ ਨੂੰ ਤਾਂ ਨੁਕਸਾਨ ਹੋਇਆ ਹੀ ਹੈ ਪਰ ਮੈਂ ਸਮਝਦਾ ਹਾਂ ਕਿ ਪੱਤਰਕਾਰਿਤਾ ਦੇ ਖੇਤਰ ’ਚ ਅਤੇ ਇਕ ਸੱਚੇ-ਸੁੱਚੇ ਇਨਸਾਨ ਦੇ ਰੂਪ ’ਚ ਉਨ੍ਹਾਂ ਦੀ ਘਾਟ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ।’’