‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪਿੰਡ ਝੋਰੜ ਦੀ ਪੰਚਾਇਤ ’ਤੇ ਬਣੀ ਨਸ਼ਾ ਤਸਕਰ ਦੀ ਸੰਪਤੀ ਨੂੰ ਕੀਤਾ ਢਹਿ ਢੇਰੀ
ਪਿੰਡ ਵਾਸੀਆਂ ਵੱਲੋਂ ਖੁਸ਼ੀ ਦਾ ਕੀਤਾ ਗਿਆ ਇਜ਼ਹਾਰ
ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਲਗਾਤਾਰ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਅਤੇ ਉਹਨਾਂ ਦੀਆਂ ਸੰਪਤੀਆਂ ਦੇ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਕਾਰਵਾਈ ਤਹਿਤ ਮਾਨ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਉਪਰਾਲੇ ਕਰ ਰਹੀ ਹੈ। ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ’ਚ ਵੀ ਪ੍ਰਸ਼ਾਸਨ ਵੱਲੋਂ ਪਿੰਡ ਝੋਰੜ ’ਚ ਪੰਚਾਇਤੀ ਜਗ੍ਹਾ ਉੱਪਰ ਨਸ਼ਾ ਤਸਕਰ ਵੱਲੋਂ ਬਣਾਈ ਸੰਪੱਤੀ ਨੂੰ ਢਹਿ-ਢੇਰੀ ਕੀਤਾ ਗਿਆ। ਇਸ ਮੌਕੇ ਐਸਐਸਪੀ ਸ਼੍ਰੀ ਮੁਕਤਸਰ ਸਾਹਿਬ ਡਾਕਟਰ ਅਖਿਲ ਚੌਧਰੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ। ਨਸ਼ਾ ਤਸਕਰ ਵੱਲੋਂ ਬਣਾਈ ਗਈ ਸੰਪੱਤੀ ਨੂੰ ਢਹਿ-ਢੇਰੀ ਕੀਤੇ ਜਾਣ ’ਤੇ ਪਿੰਡ ਵਾਸੀਆਂ ਵੱਲੋਂ ਖੁਸ਼ੀ ਜਤਾਈ ਗਈ ਅਤੇ ਲੱਡੂ ਵੰਡੇ ਗਏ।
ਇਸ ਮੌਕੇ ਪਿੰਡ ਦੇ ਸਰਪੰਚ ਅਤੇ ਮੈਂਬਰਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੋਣੀਆਂ ਚਾਹੀਦੀਆਂ ਨੇ ਅਤੇ ਸਾਡੇ ਪਿੰਡ ਦੇ ਵਿੱਚ ਪਿਛਲੇ ਸਮੇਂ ਦੌਰਾਨ ਨਸ਼ੇ ਨਾਲ ਹੋਈਆਂ ਮੌਤਾਂ ਕਰਕੇ ਨਸ਼ੇ ਨੂੰ ਕਾਫੀ ਠੱਲ ਪਈ ਹੈ। ਪਹਿਲਾਂ ਲੋਕ ਸਾਡੇ ਪਿੰਡ ’ਚੋਂ ਨਸ਼ਾ ਲੈਣ ਦੇ ਲਈ ਆਉਂਦੇ ਸਨ ਪਰ ਇਸ ਤਰ੍ਹਾਂ ਦੀ ਕਾਰਵਾਈ ਤੋਂ ਬਾਅਦ ਪਿੰਡ ਵਿੱਚ 80 ਤੋਂ 90 ਫੀਸਦੀ ਤੱਕ ਨਸ਼ਾ ਘੱਟ ਗਿਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ’ਚ ਸਾਨੂੰ ਲੱਗਦਾ ਹੈ ਕਿ ਸਾਡਾ ਪਿੰਡ 100 ਫੀਸਦੀ ਨਸ਼ਾ ਮੁਕਤ ਹੋ ਜਾਵੇਗਾ। ਪਿੰਡ ਵਾਸੀਆਂ ਨੇ ਜਿੱਥੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਉਥੇ ਹੀ ਉਨ੍ਹਾਂ ਵੱਲੋਂ ਪੰਜਾਬ ਪੁਲਿਸ ਦਾ ਵੀ ਧੰਨਵਾਦ ਕੀਤਾ।
ਗੱਲਬਾਤ ਕਰਦੇ ਹੋਏ ਐਸਐਸਪੀ ਸ਼੍ਰੀ ਮੁਕਤਸਰ ਸਾਹਿਬ ਡਾਕਟਰ ਅਖਿਲ ਚੌਧਰੀ ਨੇ ਦੱਸਿਆ ਕਿ ਇਸ ਪਰਿਵਾਰ ਦੇ ਸਾਰੇ ਹੀ ਪਰਿਵਾਰਿਕ ਮੈਂਬਰਾਂ ਦੇ ਉੱਪਰ ਵੱਖ-ਵੱਖ ਤਰ੍ਹਾਂ ਦੇ ਐਨਡੀਪੀਐਸ ਮਾਮਲੇ ਦਰਜ ਹਨ। ਜਿਸ ਨੂੰ ਲੈ ਕੇ ਇਸ ਤਰ੍ਹਾਂ ਦੀ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਾਲੇ ਵੀ ਇਸ ਕਾਰਵਾਈ ਤੋਂ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਉਹਨਾਂ ਲੋਕਾਂ ਅਪੀਲ ਕੀਤੀ ਕਿ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਯੁੱਧ ਨਸ਼ਾ ਵਿਰੁੱਧ ਦੇ ਵਿੱਚ ਪੁਲਿਸ ਦਾ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ।