ਕੈਪਟਨ ਸਰਕਾਰ ਨੇ ਚੋਣਾਂ ਲੁੱਟਣ ਲਈ ਬਾਦਲਾਂ ਨੂੰ ਵੀ ਪਿੱਛੇ ਛੱਡਿਆ : ਆਪ
ਪੰਜਾਬ 'ਚ ਐਨੇ ਵੱਡੇ ਪੱਧਰ 'ਤੇ ਹਿੰਸਾ ਤੇ ਬੂਥਾਂ ਦੀ ਲੁੱਟ ਪਹਿਲਾਂ ਕਦੇ ਨਹੀਂ ਦੇਖੀ-ਹਰਪਾਲ ਸਿੰਘ ਚੀਮਾ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਲਈ ਕੱਲ੍ਹ ਹੋਏ ਮਤਦਾਨ ਦੌਰਾਨ ਵੱਡੇ ਪੱਧਰ 'ਤੇ ਹੋਈ ਹਿੰਸਾ ਅਤੇ ਗੁੰਡਾਗਰਦੀ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਲੋਕਤੰਤਰ ਦੀ ਹਤਿਆਰੀ ਸਰਕਾਰ ਕਰਾਰ ਦਿੱਤਾ। ਵੀਰਵਾਰ ਨੂੰ ਇੱਥੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਅਮਨ ਅਰੋੜਾ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਹਰ ਚੋਣ 'ਚ ਬਦਮਾਸ਼ੀ ਅਤੇ ਗੁੰਡਾਗਰਦੀ ਨਾਲ ਲੋਕਤੰਤਰ ਦਾ ਘਾਣ ਹੁੰਦਾ ਦੇਖਿਆ ਸੀ,
ਪਰੰਤੂ ਕੈਪਟਨ ਅਮਰਿੰਦਰ ਸਿੰਘ ਸਰਕਾਰ ਬਾਦਲਾਂ ਤੋਂ ਵੀ ਅੱਗੇ ਲੰਘ ਗਈ। ਜਿੰਨੀ ਵੱਡੀ ਗਿਣਤੀ 'ਚ ਕਾਂਗਰਸੀ ਆਗੂਆਂ ਅਤੇ ਉਨ੍ਹਾਂ ਦੇ ਗੁੰਡਾ ਅਨਸਰਾਂ ਵੱਲੋਂ ਬੂਥਾਂ 'ਤੇ ਕਬਜ਼ੇ ਕੀਤੇ ਗਏ ਅਤੇ ਫ਼ਰਜ਼ੀ ਵੋਟਾਂ ਪਾਈਆਂ ਗਈਆਂ ਹਨ, ਪੰਜਾਬ ਦੇ ਲੋਕਾਂ ਨੇ ਇਸ ਤੋਂ ਪਹਿਲਾਂ ਇਹ ਨਾ ਕਦੇ ਦੇਖਿਆ ਸੀ ਅਤੇ ਕਦੇ ਪੰਜਾਬ ਅੰਦਰ ਸੁਣਿਆ ਸੀ। ਅਜਿਹੀਆਂ ਖ਼ਬਰਾਂ ਤਾਂ ਬਿਹਾਰ ਵਰਗੇ ਰਾਜਾਂ ਤੋਂ ਆਉਂਦੀਆਂ ਹੁੰਦੀਆਂ ਸਨ। ਦਰਜਨਾਂ ਦੀ ਗਿਣਤੀ 'ਚ ਨਕਾਬਪੋਸ਼ਾਂ ਵੱਲੋਂ ਬੂਥਾਂ ਨੂੰ ਕਬਜ਼ੇ 'ਚ ਲੈ ਕੇ ਫ਼ਰਜ਼ੀ ਵੋਟਾਂ ਪਾਉਣ ਅਤੇ ਹਜੂਮਾਂ ਦੀ ਅਗਵਾਈ ਕਰਦੇ ਕਾਂਗਰਸੀ ਆਗੂਆਂ ਵੱਲੋਂ ਫਾਇਰਿੰਗ ਕਰਦਿਆਂ ਪਿਸਤੌਲਾਂ ਦੀਆਂ ਨੋਕਾਂ 'ਤੇ ਫ਼ਰਜ਼ੀ ਵੋਟਾਂ ਪਵਾਇਆ ਗਈਆਂ।
ਅਜਿਹੀ ਤਾਂਡਵ ਨਾਚ ਪੰਜਾਬ ਦੇ ਲੋਕਾਂ ਨੇ ਪਹਿਲਾ ਕਦੇ ਨਹੀਂ ਸੀ ਦੇਖਿਆ। ਹਰਪਾਲ ਸਿੰਘ ਚੀਮਾ ਨੇ ਸੁਨਾਮ ਹਲਕੇ ਦੇ ਪਿੰਡ ਝਾੜੋਂ ਅਤੇ ਬੀਰ ਖ਼ੁਰਦ 'ਚ ਜ਼ਿਲ੍ਹਾ ਕਾਂਗਰਸੀ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਵੱਲੋਂ ਕੀਤੀ ਗੁੰਡਾਗਰਦੀ ਅਤੇ 'ਆਪ' ਉਮੀਦਵਾਰ 'ਤੇ ਪਿਸਤੌਲ ਨਾਲ ਕੀਤੇ ਜਾਨਲੇਵਾ ਹਮਲੇ ਦਾ ਮਾਮਲਾ ਉਠਾਇਆ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਆਉਂਦੀ 23 ਸਤੰਬਰ ਤੱਕ ਰਜਿੰਦਰ ਸਿੰਘ ਰਾਜਾ ਨੂੰ ਗਿਰਫਤਾਰ ਨਾ ਕੀਤਾ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਵਿਰੁੱਧ ਧਰਨਾ ਤੇ ਰੋਸ ਪ੍ਰਦਰਸ਼ਨ ਕਰਨਗੇ।
ਚੀਮਾ ਨੇ ਮੰਗ ਕੀਤੀ ਕਿ ਜੇਕਰ ਸਰਕਾਰ ਨੂੰ ਲੋਕਤੰਤਰ ਪ੍ਰਣਾਲੀ 'ਚ ਰੱਤੀ ਭਰ ਵੀ ਵਿਸ਼ਵਾਸ ਹੈ ਤਾਂ ਪੂਰੇ ਪੰਜਾਬ 'ਚ ਹੋਈਆਂ ਹਿੰਸਕ ਘਟਨਾਵਾਂ ਅਤੇ ਬੂਥਾਂ 'ਤੇ ਕਬਜ਼ਿਆਂ ਵਗ਼ੈਰਾ ਦੀਆਂ ਘਟਨਾਵਾਂ ਵਾਪਰੀਆਂ ਹਨ, ਸਾਰੇ ਗੁੰਡਿਆਂ, ਬਦਮਾਸ਼ਾ ਅਤੇ ਬਾਕੀ ਗੈਰ ਸਮਾਜੀ ਅਨਸਰਾਂ ਵਿਰੁੱਧ ਪਰਚੇ ਦਰਜ ਕਰ ਕੇ ਮਿਸਾਲੀ ਸਜਾਵਾਂ ਦਿੱਤੀਆਂ ਜਾਣ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਆਖ਼ਰੀ ਟਰਮ 'ਚ ਅਜਿਹੀ ਪਿਰਤਾਂ ਨਾ ਪਾ ਕੇ ਜਾਣ ਜਿਸ ਦਾ ਖ਼ਮਿਆਜ਼ਾ ਲੋਕਤੰਤਰ ਵਿਵਸਥਾ ਦੇ ਨਾਲ ਨਾਲ ਲੋਕਾਂ ਨੂੰ ਵੀ ਚੁਕਾਉਣਾ ਪਵੇ।
ਚੀਮਾ ਨੇ ਕਿਹਾ ਕਿ ਅਸੀਂ ਵਾਰ-ਵਾਰ ਮੰਗ ਕਰਦੇ ਆ ਰਹੇ ਸੀ ਕਿ ਇਹ ਚੋਣਾਂ ਕੇਂਦਰੀ ਸੁਰੱਖਿਆ ਬਲਾਂ ਦੀ ਪਹਿਰੇਦਾਰੀ ਥੱਲੇ ਹੋਵੇ ਪਰੰਤੂ ਸਰਕਾਰ ਦੇ ਇਰਾਦੇ ਚੋਣਾਂ ਲੁੱਟਣ ਦੇ ਸਨ ਅਤੇ ਉਹੀ ਸਭ ਕੁੱਝ ਵਾਪਰਿਆ। ਪੁਲਿਸ, ਪ੍ਰਸ਼ਾਸਨ ਅਤੇ ਰਾਜ ਚੋਣ ਕਮਿਸ਼ਨ ਪੂਰੀ ਤਰ੍ਹਾਂ ਬੇਵੱਸ ਅਤੇ ਸੱਤਾਧਾਰੀ ਧਿਰ ਨਾਲ ਖੜ੍ਹਾ ਨਜ਼ਰ ਆਇਆ, ਜੋ ਲੋਕਤੰਤਰ ਲਈ ਖ਼ਤਰੇ ਦੀ ਘੰਟੀ ਹੈ। ਚੀਮਾ ਨੇ ਕਿਹਾ ਕਿ ਰਿਵਾਇਤੀ ਧਿਰਾਂ ਇਸ ਲੋਕਤੰਤਰਿਕ ਵਿਵਸਥਾ ਨੂੰ ਇਹ ਹੱਦ ਤੱਕ ਕਮਜ਼ੋਰ ਅਤੇ ਤੋੜਨਾ ਚਾਹੁੰਦੀਆਂ ਹਨ ਕਿ ਲੋਕ ਅੱਕ-ਥੱਕ ਕੇ ਇਹ ਕਹਿਣ ਕਿ ਸਾਡੇ ਧੀਆਂ, ਪੁੱਤ ਮਰਵਾਉਣ ਦੀ ਥਾਂ ਕਿਉਂ ਨਾ ਸਰਕਾਰ ਆਪਣੀ ਮਰਜ਼ੀ ਦੇ ਮੈਂਬਰ ਨਾਮਜ਼ਦ ਕਰ ਲਵੇ।
ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਤੰਤਰ ਵਿਵਸਥਾ ਅਤੇ ਪੰਚਾਇਤੀ ਰਾਜ ਪ੍ਰਣਾਲੀ ਨੂੰ ਹਕੀਕੀ ਤੌਰ 'ਤੇ ਬਹਾਲ ਕਰਨ ਲਈ ਅਗਲੇ ਦੋ ਮਹੀਨੇ ਇੱਕ ਲੋਕ ਲਹਿਰ ਖੜੀ ਕਰੇਗੀ ਤਾਂ ਕਿ ਅਜਿਹੀਆਂ ਚੋਣਾਂ ਲੋਕ ਹਿਤ ਮੁੱਦਿਆਂ 'ਤੇ ਕੇਂਦਰਿਤ ਹੋਣ ਅਤੇ ਲੋਕਾਂ ਨੂੰ ਪੰਚਾਇਤੀ ਰਾਜ ਦੇ ਹੱਕਾਂ-ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ ਜਾਵੇ। ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਪਿਛਲੇ ਡੇਢ ਸਾਲ 'ਚ ਕੈਪਟਨ ਸਰਕਾਰ ਦੀ ਨਖਿੱਧ ਕਾਰਜਕਾਰੀ ਕਾਰਨ ਕਾਂਗਰਸੀਆਂ ਨੇ ਇਹ ਵੋਟਾਂ ਲੁੱਟੀਆਂ। ਚੰਗਾ ਹੁੰਦਾ ਸਰਕਾਰ ਇਹਨਾਂ ਚੋਣਾਂ ਨੂੰ ਆਪਣੀ ਕਾਰਗੁਜ਼ਾਰੀ ਦਾ ਪੈਮਾਨਾ ਬਣਾਉਂਦੀ ਅਤੇ ਫ੍ਰੀ ਅਤੇ ਫੇਅਰ ਚੋਣਾਂ ਕਰਵਾਉਂਦੀ।
ਅਮਨ ਅਰੋੜਾ ਨੇ ਇਸ ਮੌਕੇ ਸੰਗਰੂਰ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਜਿੰਦਰ ਸਿੰਘ ਰਾਜਾ ਦੀ ਗੁੰਡਾਗਰਦੀ ਦੀਆਂ ਵੀਡਿਓਜ ਵੀ ਮੀਡੀਆ ਅੱਗੇ ਪੇਸ਼ ਕੀਤੀਆਂ। ਉਨ੍ਹਾਂ ਕਿਹਾ ਕਿ ਹਰਪਾਲ ਸਿੰਘ ਚੀਮਾ ਦੀ ਅਗਵਾਈ ਥੱਲੇ ਉਨ੍ਹਾਂ ਕੋਲ ਤਿੰਨ ਘੰਟੇ ਧਰਨਾ ਲਾਇਆ ਪਰੰਤੂ ਪੁਲਸ ਪ੍ਰਸ਼ਾਸਨ ਨੇ ਜਿਸ 'ਆਪ' ਉਮੀਦਵਾਰ 'ਤੇ ਹਮਲਾ ਹੋਇਆ ਉਸ ਦੀ ਸ਼ਿਕਾਇਤ 'ਤੇ ਐਫਆਈਆਰ ਕਰਨ ਦੀ ਥਾਂ ਸਰਕਾਰੀ ਕਰਮਚਾਰੀ ਦੇ ਵੱਲੋਂ ਢਿੱਲਾ ਜਿਹਾ ਮਾਮਲਾ ਦਰਜ ਕਰਵਾ ਦਿੱਤਾ ਗਿਆ। ਅਰੋੜਾ ਨੇ ਕਿਹਾ ਕਿ ਜੇਕਰ 23 ਸਤੰਬਰ ਤੱਕ ਰਾਜਾ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਤਾਂ 'ਆਪ' ਸਰਕਾਰ ਦੇ ਨੱਕ 'ਚ ਦਮ ਕਰ ਦੇਵੇਗੀ।
ਅਰੋੜਾ ਨੇ ਰਾਜਾ ਬੀਰ ਵੱਲੋਂ ਚੋਣ ਜ਼ਾਬਤੇ ਅਤੇ ਆਪਣੇ 'ਤੇ 307 ਦਾ ਪਰਚਾ ਹੋਣ ਦੇ ਬਾਵਜੂਦ ਅੱਜ ਸੰਗਰੂਰ ਦੇ ਸਰਕਾਰੀ ਰੈਸਟ ਹਾਊਸ 'ਚ ਕੀਤੀ ਪ੍ਰੈੱਸ ਕਾਨਫ਼ਰੰਸ ਦਾ ਵੀ ਸਖ਼ਤ ਨੋਟਿਸ ਲਿਆ। ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਅਤੇ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਪੰਚਾਇਤੀ ਰਾਜ ਸਿਸਟਮ ਪਿੰਡਾਂ ਦੀਆਂ ਨੁਹਾਰ ਬਦਲ ਸਕਦਾ ਹੈ। ਸੰਧਵਾਂ ਅਨੁਸਾਰ ਉਹ ਪਿੰਡ ਦੇ ਸਰਪੰਚ ਵੀ ਰਹੇ ਹਨ ਅਤੇ ਪੰਚਾਇਤੀ ਰਾਜ ਦੀ ਤਾਕਤ ਤੋਂ ਭਲੀ ਭਾਂਤ ਜਾਣੂ ਹਨ।
ਉਨ੍ਹਾਂ ਕਿਹਾ ਕਿ 'ਆਪ' ਪੰਚਾਇਤੀ ਰਾਜ ਪ੍ਰਬੰਧ ਖ਼ਾਸ ਕਰ ਕੇ ਗਰਾਮ ਸਭਾ ਮਾਡਲ ਦੀ ਬਹਾਲੀ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰੇਗੀ। ਇਸ ਮੌਕੇ ਉਨ੍ਹਾਂ ਨਾਲ ਸੂਬਾ ਸਕੱਤਰ ਜਗਤਾਰ ਸਿੰਘ ਸੰਘੇੜਾ, ਲੀਗਲ ਸੈੱਲ ਦੇ ਸਹਿ-ਪ੍ਰਧਾਨ ਜਸਤੇਜ ਸਿੰਘ ਅਰੋੜਾ, ਸੂਬਾ ਜਨਰਲ ਸਕੱਤਰ ਅਤੇ ਵਿੱਤ ਕਮੇਟੀ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਅਤੇ ਸਟੇਟ ਮੀਡੀਆ ਇੰਚਾਰਜ ਮਨਜੀਤ ਸਿੱਧੂ ਮੌਜੂਦ ਸਨ।