ਉਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਅੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ 'ਚ ਉਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਦੋ ਸਾਲਾਂ ਮਗਰੋਂ 20 ਸਤੰਬਰ ਨੂੰ ਉਦਯੋਗਿਕ ਖੇਤਰ ਦੇ ਇਕ ਹੋਟਲ ਵਿਚ ਕੀਤੀ ਜਾਵੇਗੀ

Amit Shah

ਚੰਡੀਗੜ੍ਹ (ਸਰਬਜੀਤ ਢਿੱਲੋਂ) : ਚੰਡੀਗੜ੍ਹ 'ਚ ਉਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਦੋ ਸਾਲਾਂ ਮਗਰੋਂ 20 ਸਤੰਬਰ ਨੂੰ ਉਦਯੋਗਿਕ ਖੇਤਰ ਦੇ ਇਕ ਹੋਟਲ ਵਿਚ ਕੀਤੀ ਜਾਵੇਗੀ ਜਿਸ ਦੀ ਪ੍ਰਧਾਨਗੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਰਨਗੇ ਜਦਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਬਤੌਰ ਉਪ ਪ੍ਰਧਾਨ ਅਤੇ ਪਹਿਲੀ ਵਾਰ ਇਸ ਸਮਾਗਮ ਦੀ ਮੇਜ਼ਬਾਨੀ ਕਰਨ ਜਾ ਰਹੇ ਹਨ।

ਸੂਤਰਾਂ ਅਨੁਸਾਰ ਲੋਕ ਸਭਾ ਚੋਣਾਂ ਮਗਰੋਂ ਉਨ੍ਹਾਂ ਦਾ ਚੰਡੀਗੜ੍ਹ ਪਹਿਲਾ ਦੌਰਾ ਹੈ। ਇਸ ਸਮਾਗਮ ਵਿਚ ਪੰਜਾਬ, ਹਰਿਆਣਾ ਸਮੇਤ ਰਾਜਸਥਾਨ, ਹਿਮਾਚਲ, ਜੰਮੂ ਤੇ ਕਸ਼ਮੀਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਬਦਨੌਰ ਤੇ ਹੋਰ ਉੱਚ ਅਧਿਕਾਰੀ ਸ਼ਾਮਲ ਹੋਣਗੇ। ਚੰਡੀਗੜ੍ਹ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਇਸ ਮੀਟਿੰਗ ਵਿਚ ਟਰਾਈਸਿਟੀ ਮੋਹਾਲੀ, ਚੰਡੀਗੜ੍ਹ ਤੇ ਪੰਚਕੂਲਾ ਵਿਚ ਭਾਰੀ ਟ੍ਰੈਫ਼ਿਕ ਨੂੰ ਕੰਟਰੋਲ ਕਰਨ, ਪੀਣ ਵਾਲੇ ਪਾਣੀ, ਟਰਾਂਸਪੋਰਟ ਸਿਸਟਮ ਵਿਚ ਸੁਧਾਰ ਕਰਨ ਅਤੇ ਚੰਡੀਗੜ੍ਹ ਏਅਰਪੋਰਟ ਦਾ ਨਾਂ ਰੱਖਣ ਲਈ ਵਿਚਾਰ ਹੋ ਸਕਦੀ ਹੈ।

ਇਸ ਤੋਂ ਇਲਾਵਾ ਰਿੰਗ ਰੋਡ ਦੀ ਉਸਾਰੀ ਕਰਨ ਲਈ ਭਖਵੇਂ ਮੁੱÎਦਿਆਂ 'ਤੇ ਗੰਭੀਰ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਮੌਕੇ ਤਿੰਨਾਂ ਸੂਬਿਆਂ ਦੀ ਦਿਨ ਪ੍ਰਤੀ ਦਿਨ ਵਿਗੜਦੀ ਲਾਅ ਐਂਡ ਆਰਡਰ ਦੀ ਸਥਿਤੀ ਅਤੇ ਵਧਦੀ ਵਸੋਂ ਅਤੇ ਲਾਲ ਡੋਰੇ ਦੀ ਸਮੱਸਿਆ ਸਮੇਤ ਕਈ ਹੋਰ ਮਸਲੇ ਵਿਚਾਰ ਅਧੀਨ ਰੱਖੇ ਜਾਣਗੇ। ਸੰਸਦ ਮੈਂਬਰ ਕਿਰਨ ਖੇਰ ਵੀ ਚੰਡੀਗੜ੍ਹ ਨਾਲ ਸਬੰਧਤ ਏਜੰਡੇ ਪੇਸ਼ ਕਰ ਸਕਦੀ ਹੈ। ਚੰਡੀਗੜ੍ਹ ਸਮਾਰਟ ਸਿਟੀ ਦੀ ਪ੍ਰਤੀਨਿਧਤਾ ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਕਰਨਗੇ। ਦੱਸਣਯੋਗ ਹੈ ਕਿ 2017 'ਚ ਕੇਂਦਰੀ ਤੇ ਤਤਕਾਲੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਕੌਂਸਲ ਦੀ ਪ੍ਰਧਾਨਗੀ ਕੀਤੀ ਸੀ।

Amit Shah