ਭਾਜਪਾ ਨੇ ਖੇਤੀ ਬਿਲ ਧੱਕੇ ਨਾਲ ਪਾਸ ਕਰ ਕੇ ਪੰਜਾਬ ਨੂੰ ਮੁੜ ਸੰਘਰਸ਼ ਦੇ ਰਾਹ ਪਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ ਦਲ ਲੰਮੇ ਸੰਘਰਸ਼ ਦੀ ਤਿਆਰੀ ਵਿਚ, ਰੂਪ ਰੇਖਾ ਆਉਣ ਵਾਲੇ ਦਿਨਾਂ 'ਚ ਸਪੱਸ਼ਟ ਹੋਵੇਗੀ

SAD-BJP alliance

ਚੰਡੀਗੜ੍ਹ : ਮੋਦੀ ਸਰਕਾਰ ਨੇ ਖੇਤੀ ਨਾਲ ਜੁੜੇ ਤਿੰਨ ਬਿਲ ਧੱਕੇ ਨਾਲ ਪਾਸ ਕਰ ਕੇ ਇਕ ਵਾਰ ਮੁੜ ਤੋਂ ਪੰਜਾਬ ਨੂੰ ਸੰਘਰਸ਼ ਦੇ ਰਾਹ 'ਤੇ ਲਿਆ ਖੜਾ ਕੀਤਾ ਹੈ। ਭਾਜਪਾ ਵਲੋਂ ਜਿਸ ਤਰ੍ਹਾਂ ਅਕਾਲੀ ਦਲ ਦੀ ਮੰਗ ਦੀ ਪ੍ਰਵਾਹ ਨਾ ਕਰਦਿਆਂ ਤਿੰਨਾਂ ਬਿਲਾਂ ਨੂੰ ਬਿਨਾਂ ਕਿਸੇ ਸੋਧ ਦੇ ਪਾਸ ਕੀਤਾ ਹੈ, ਇਸ ਤੋਂ ਸਾਫ਼ ਹੋ ਗਿਆ ਹੈ ਕਿ ਭਾਜਪਾ ਅਕਾਲੀ ਦਲ ਦੀ ਬਿਲਕੁਲ ਪ੍ਰਵਾਹ ਨਹੀਂ ਕਰਦੀ।

ਬੇਸ਼ੱਕ ਹਾਲੇ ਤਕ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਤੋੜਨ ਦਾ ਬਕਾਇਦਾ ਐਲਾਨ ਨਹੀਂ ਕੀਤਾ ਪਰ ਅਕਾਲੀ ਦਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਦਾ ਫ਼ੈਸਲਾ ਆਉਣ ਵਾਲੇ ਦਿਨਾਂ ਵਿਚ ਕੋਰ ਕਮੇਟੀ ਦੀ ਮੀਟਿੰਗ ਵਿਚ ਹੋਵੇਗਾ। ਲੋਕ ਸਭਾ ਵਿਚ ਇਨ੍ਹਾਂ ਬਿਲਾਂ ਦਾ ਵਿਰੋਧ ਕਰਨ ਤੋਂ ਪਹਿਲਾਂ ਅਕਾਲੀ ਦਲ ਦੀ ਲੀਡਰਸ਼ਿਪ ਦੋ ਧੜਿਆਂ 'ਚ ਵੰਡੀ ਗਈ ਸੀ। ਇਕ ਧੜਾ ਇਸ ਹੱਕ ਵਿਚ ਸੀ ਕਿ ਭਾਜਪਾ ਨਾਲੋਂ ਤੋੜ ਵਿਛੋੜਾ ਨਾ ਕੀਤਾ ਜਾਵੇ ਅਤੇ ਇਕ ਧੜਾ ਇਸ ਹੱਕ ਵਿਚ ਸੀ ਕਿ ਭਾਜਪਾ ਲੀਡਰਸ਼ਿਪ ਉਨ੍ਹਾਂ ਦੀ ਬਿਲਕੁਲ ਪ੍ਰਵਾਹ ਨਹੀਂ ਕਰਦੀ ਅਤੇ ਹੁਣ ਉਨ੍ਹਾਂ ਨਾਲ ਚਲਣਾ ਸੰਭਵ ਨਹੀਂ।

ਉਨ੍ਹਾਂ ਦਾ ਇਹ ਵੀ ਤਰਕ ਸੀ ਕਿ ਪਹਿਲਾਂ ਦਿੱਲੀ ਅਸੰਬਲੀ ਚੋਣਾਂ ਅਤੇ ਫਿਰ ਹਰਿਆਣਾ ਅਸੰਬਲੀ ਚੋਣਾਂ ਵਿਚ ਭਾਜਪਾ ਨੇ ਬੁਰੀ ਤਰ੍ਹਾਂ ਬੇਇੱਜ਼ਤ ਕੀਤਾ। ਹੁਣ ਖੇਤੀ ਨਾਲ ਸਬੰਧਤ ਬਿਲਾਂ ਬਾਰੇ ਉਨ੍ਹਾਂ ਦੀ ਰਾਏ ਦੀ ਪ੍ਰਵਾਹ ਨਹੀਂ ਕੀਤੀ ਗਈ ਅਤੇ ਨਾ ਹੀ ਕਿਸੇ ਤਬਦੀਲੀ ਜਾਂ ਸੋਧ ਲਈ ਰਾਜ਼ੀ ਹੋਏ। ਇਨ੍ਹਾਂ ਬਿਲਾਂ ਤੋਂ ਬਾਅਦ ਪੰਜਾਬ ਦਾ ਇਕ ਹੋਰ ਅਹਿਮ ਪਾਣੀਆਂ ਦਾ ਮੁੱਦਾ ਆਉਣ ਵਾਲਾ ਹੈ ਅਤੇ ਭਾਜਪਾ ਤੋਂ ਕੋਈ ਆਸ ਨਹੀਂ ਬਚੀ ਕਿ ਉਹ ਪੰਜਾਬ ਦੇ ਹੱਕ ਵਿ ਫ਼ੈਸਲਾ ਦੇਣ। ਇਸ ਸੱਭ ਦੇ ਹੁੰਦਿਆਂ ਪਾਰਟੀ ਭਾਜਪਾ ਨਾਲ ਕਿਵੇਂ ਗਠਜੋੜ ਰੱਖ ਸਕਦੀ ਹੈ। ਅਖ਼ੀਰ ਪਾਰਟੀ ਪ੍ਰਧਾਨ ਨੇ ਬਿਲਾਂ ਦਾ ਵਿਰੋਧ ਕਰਨ ਅਤੇ ਭਾਜਪਾ ਨਾਲੋਂ ਨਾਤਾ ਤੋੜਨ ਦਾ ਫ਼ੈਸਲਾ ਲਿਆ।

ਇਹ ਵੀ ਜਾਣਕਾਰੀ ਮਿਲੀ ਹੈ ਕਿ ਬਿਲਾਂ ਦਾ ਵਿਰੋਧ ਕਰਨ ਤੋਂ ਪਹਿਲਾਂ ਹੀ ਪਾਰਟੀ ਨੇ ਮਨ ਬਣਾ ਲਿਆ ਹੈ ਕਿ ਇਨ੍ਹਾਂ ਬਿਲਾਂ ਨੂੰ ਲੈ ਕੇ ਲੰਮਾ ਸੰਘਰਸ਼ ਅਰੰਭਿਆ ਜਾਵੇ। ਇਸ ਸੰਘਰਸ਼ ਦੀ ਰੂਪ ਰੇਖਾ ਕੀ ਹੋਵੇਗੀ, ਉਹ ਪਾਰਟੀ ਆਉਣ ਵਾਲੇ ਦਿਨਾਂ ਵਿਚ ਸਪੱਸ਼ਟ ਕਰੇਗੀ ਪਰ ਉਹ ਸਪੱਸ਼ਟ ਹੋ ਗਿਆ ਹੈ ਕਿ ਅਕਾਲੀ ਦਲ ਨੇ ਬਿਲਾਂ ਦਾ ਵਿਰੋਧ ਕਰਨ ਅਤੇ ਮੰਤਰੀ ਪਦ ਛੱਡਣ ਤੋਂ ਪਹਿਲਾਂ ਹੀ ਚਰਚਾ ਕਰ ਕੇ ਮਨ ਬਣਾ ਲਿਆ ਹੈ।

ਇਹ ਵੀ ਸਾਫ਼ ਹੋ ਗਿਆ ਹੈ ਕਿ ਅਕਾਲੀ ਦਲ ਅਤੇ ਭਾਜਪਾ ਆਉਣ ਵਾਲੀਆਂ ਅਸੰਬਲੀ ਚੋਣਾਂ ਵੱਖੋ-ਵਖਰੇ ਲੜਨਗੇ ਅਤੇ ਅਕਾਲੀ ਦਲ ਇਨ੍ਹਾਂ ਬਿਲਾਂ ਦੇ ਵਿਰੋਧ ਵਿਚ ਉਸੇ ਤਰ੍ਹਾਂ ਸੰਘਰਸ਼ ਵਿੱਢਣ ਜਾ ਰਿਹਾ, ਜਿਸ ਤਰ੍ਹਾਂ ਪੰਜਾਬ ਦੇ ਮੁਦਿਆਂ 'ਤੇ ਤਿੰਨ ਦਹਾਕੇ ਪਹਿਲਾਂ ਮੋਰਚਾ ਲਗਾਇਆ ਗਿਆ ਸੀ। ਇਸ ਨਾਲ ਪੰਜਾਬ ਕਿਸ ਪਾਸੇ ਜਾਵੇਗਾ, ਇਹ ਤਾਂ ਸਮਾਂ ਹੀ ਦਸੇਗਾ।