ਖੇਤੀ ਕਾਨੂੰਨ: ਚਰਮ-ਸੀਮਾਂ 'ਤੇ ਪਹੁੰਚਿਆ ਕਿਸਾਨਾਂ ਦਾ ਰੋਹ, ਬਦਲਣ ਲੱਗੇ ਪ੍ਰਦਰਸ਼ਨ ਦੇ ਢੰਗ-ਤਰੀਕੇ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿੱਲੀ ਵੱਲ ਕੂਚ ਕਰਨ ਤੋਂ ਰੋਕਣ 'ਤੇ ਟਰੈਕਟਰ ਨੂੰ ਅੱਗ ਲਾ ਕੇ ਪ੍ਰਗਟਾਇਆ ਰੋਸ

Farmers Protest

ਚੰਡੀਗੜ੍ਹ : ਖੇਤੀ ਕਾਨੂੰਨਾਂ ਦੇ ਲੋਕ ਸਭਾ ਅਤੇ ਰਾਜ ਰਾਜ ਸਭਾ 'ਚ ਪਾਸ ਹੋਣ ਬਾਅਦ ਕਿਸਾਨਾਂ ਦਾ ਰੋਹ ਅਪਣੀ ਚਰਮ-ਸੀਮਾਂ 'ਤੇ ਪਹੁੰਚ ਗਿਆ ਹੈ। ਕਿਸਾਨ ਰਿਹਾਇਤੀ ਰੋਸ ਪ੍ਰਦਰਸ਼ਨ ਦੇ ਢੰਗ-ਤਰੀਕਿਆਂ ਦੇ ਨਾਲ-ਨਾਲ ਨਵੇਂ ਰਾਹ ਅਪਨਾਉਣ ਲੱਗੇ ਹਨ। ਅੰਮ੍ਰਿਤਸਰ ਜ਼ਿਲ੍ਹੇ 'ਚ ਬੀਤੇ ਦਿਨ ਕਿਸਾਨਾਂ ਦੇ ਚੱਲ ਰਹੇ ਧਰਨੇ ਪ੍ਰਦਰਸ਼ਨ ਦੌਰਾਨ ਪਿੰਡ ਮੂਧਲ ਵਿਖੇ ਇਕ ਕਿਸਾਨ ਮੋਬਾਈਲ ਟਾਵਰ 'ਤੇ ਚੜ੍ਹ ਗਿਆ। ਟਾਵਰ 'ਤੇ ਚੜ੍ਹਨ ਵਾਲਾ 50 ਸਾਲਾ ਕਿਸਾਨ ਬਖਤਾਵਰ ਸਿੰਘ ਪਿੰਡ ਹਰੀਆਂ ਮਜੀਠਾ ਦਾ ਰਹਿਣ ਵਾਲਾ ਦਸਿਆ ਜਾ ਰਿਹਾ ਹੈ। ਕਿਸਾਨ ਨੇ ਇਹ ਕਦਮ ਖੇਤੀ ਸਬੰਧੀ ਪਾਸ ਕੀਤੇ ਗਏ ਨਵੇਂ ਕਾਨੂੰਨਾਂ ਦੇ ਵਿਰੋਧ 'ਚ ਚੁੱਕਿਆ। ਮੋਬਾਇਲ ਟਾਵਰ ਤੇ ਚੜ੍ਹਿਆਂ ਕਿਸਾਨ ਅਪਣੀ ਜਾਨ ਦੇਣ ਲਈ ਬਜਿੱਦ ਸੀ, ਜਿਸ ਨੂੰ ਅੰਮ੍ਰਿਤਸਰ ਪੁਲਿਸ ਦਿਹਾਤੀ ਦੀ 4 ਘੰਟੇ ਦੀ ਮੁਸ਼ਕਤ ਤੋਂ ਬਾਅਦ ਹੇਠਾਂ ਉਤਾਰਿਆ ਜਾ ਸਕਿਆ ਹੈ।

ਇਸੇ ਤਰ੍ਹਾਂ ਪੰਜਾਬ ਯੂਥ ਕਾਂਗਰਸ ਵਲੋਂ ਕੱਢੀ ਗਈ ਟਰੈਕਟਰ ਰੈਲੀ ਦੌਰਾਨ ਵੀ ਪ੍ਰਦਰਸ਼ਨਕਾਰੀਆਂ ਦੇ ਤਿੱਖੇ ਤੇਵਰ ਵੇਖਣ ਨੂੰ ਮਿਲ ਰਹੇ ਹਨ। ਯੂਥ ਕਾਂਗਰਸ ਦੇ ਵਰਕਰ ਟਰੈਕਟਰਾਂ 'ਤੇ ਸਵਾਰ ਹੋ ਕੇ ਦਿੱਲੀ ਨੂੰ ਕੂਚ ਕਰ ਰਹੇ ਸਨ ਕਿ ਉਨ੍ਹਾਂ ਨੂੰ ਹਰਿਆਣਾ ਬਾਰਡਰ 'ਤੇ ਬੈਰੀਗੇਡ ਲਗਾ ਕੇ ਪੁਲਿਸ ਨੇ ਰੋਕ ਲਿਆ। ਇਸ ਦੌਰਾਨ ਨੌਜਵਾਨਾਂ ਦੇ ਭਾਰੀ ਜੋਸ਼ ਅੱਗੇ ਪੁਲਿਸ ਵਲੋਂ ਕੀਤੇ ਗਏ ਵੱਡੇ ਇਤਜ਼ਾਮ ਘੱਟ ਪੈਂਦੇ ਦਿਖੇ।

ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੇ ਮਜ਼ਬੂਤ ਬੇਰੀਗੇਡਾਂ ਨੂੰ ਰੱਸੇ ਪਾ ਕੇ ਪਾਸੇ ਹਟਾਉਣ ਦੀ ਕੋਸ਼ਿਸ਼ ਕੀਤੀ। ਰੋਹ 'ਚ ਆਏ ਕਿਸਾਨਾਂ ਵਲੋਂ ਇਕ ਟਰੈਕਟਰ ਨੂੰ ਅੱਗ ਲਗਾ ਦਿਤੀ ਗਈ। ਇਸ ਤੋਂ ਬਾਅਦ ਪੁਲਿਸ ਨੂੰ ਪਾਣੀ ਦੀਆਂ ਬੁਛਾੜਾਂ ਦਾ ਸਹਾਰਾ ਲੈਣਾ ਪਿਆ। ਫ਼ਿਲਹਾਲ ਮਾਹੌਲ ਕਾਫ਼ੀ ਤਣਾਅਪੂਰਨ ਬਣਿਆ ਹੋਇਆ ਹੈ ਅਤੇ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਖਿੱਚੋਤਾਣ ਜਾਰੀ ਹੈ। ਇਸੇ ਤਰ੍ਹਾਂ ਪੰਜਾਬ ਤੋਂ ਇਲਾਵਾ ਹਰਿਆਣਾ ਵਿਚੋਂ ਵੀ ਕਿਸਾਨਾਂ ਦਾ ਵਿਦਰੋਹ ਭਖਣ ਦੀਆਂ ਖ਼ਬਰਾਂ ਆ ਰਹੀਆਂ ਹਨ। ਕਿਸਾਨ ਕੇਂਦਰ ਸਰਕਾਰ ਦੇ ਦਲੀਲ-ਦਿਲਾਸਿਆਂ 'ਤੇ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ ਹੋ ਰਹੇ।

ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਅੰਦਰ ਹਾਲਾਤ ਵਿਸਫੋਟਕ ਬਣੇ ਹੋਏ ਹਨ। ਇਸ ਦੀ ਅਸ਼ੰਕਾ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਸਮੇਤ ਕਈ ਆਗੂ ਪ੍ਰਗਟਾ ਚੁੱਕੇ ਹਨ। ਮੁੱਖ ਮੰਤਰੀ ਨੇ ਸਰਹੱਦੀ ਸੂਬਾ ਹੋਣ ਦੇ ਨਾਤੇ ਪੰਜਾਬ ਅੰਦਰ ਅਜਿਹੇ ਹਾਲਾਤ ਪੈਦਾ ਕਰਨ ਤੋਂ ਕੇਂਦਰ ਸਰਕਾਰ ਨੂੰ ਵਰਜਿਆ ਹੈ। ਪੰਜਾਬ ਅੰਦਰ ਪਿਛਲੇ ਦਿਨਾਂ ਦੌਰਾਨ ਖਾਲਿਸਤਾਨ ਪੱਖੀ ਧਿਰਾਂ ਦੀਆਂ ਸਰਗਰਮੀਆਂ ਵਧਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ।

ਇਸੇ ਤਰ੍ਹਾਂ ਗੁਆਢੀ ਮੁਲਕ ਵਲੋਂ ਵੀ ਪੰਜਾਬ ਅੰਦਰਲੇ ਹਾਲਾਤਾਂ ਤੋਂ ਫ਼ਾਇਦਾ ਉਠਾਏ ਜਾਣ ਦੀਆਂ ਸੰਭਾਵਨਾਵਾਂ ਹਨ। ਸੰਨ 1978 ਤੋਂ ਸ਼ੁਰੂ ਹੋਇਆ ਕਾਲਾ ਦੌਰ ਵੀ ਕੁੱਝ ਇੱਕਾ-ਦੁਕਾ ਘਟਨਾਵਾਂ ਨਾਲ ਸ਼ੁਰੂ ਹੋਇਆ ਸੀ, ਜਿਸ ਦਾ ਪੰਜਾਬ ਨੇ ਕਈ ਦਹਾਕੇ ਸੰਤਾਪ ਹੰਢਾਇਆ। ਪੰਜਾਬ ਦੇ ਵਿਗੜੇ ਹਾਲਾਤਾਂ ਦਾ ਸੇਕ ਪੂਰਾ ਦੇਸ਼ ਝੱਲ ਚੁਕਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਸਮੇਤ ਹਜ਼ਾਰਾਂ ਲੋਕਾਂ ਦੀ ਜਾਨ ਚਲੇ ਜਾਣ ਦਾ ਬਿਰਤਾਂਤ ਇਤਿਹਾਸ 'ਚ ਦਰਜ ਹੈ। 

ਅੱਜ ਰਾਜ ਸਭਾ 'ਚ ਖੇਤੀ ਬਿੱਲ 'ਤੇ ਬਹਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ ਪੁੱਤਰ ਨਰੇਸ਼ ਗੁਜਰਾਲ ਨੇ ਵੀ ਸਰਕਾਰ ਨੂੰ ਧੁਖ ਰਹੀਆਂ ਚੰਗਿਆੜੀਆਂ ਨੂੰ ਅੱਗ 'ਚ ਤਬਦੀਲ ਨਾ ਕਰਨ ਸਬੰਧੀ ਚਿਤਾਵਨੀ ਦਿਤੀ ਹੈ। ਪਾਣੀਆਂ ਸਮੇਤ ਹੋਰ ਕਈ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਲੋਕ ਪਹਿਲਾਂ ਹੀ ਰੋਹ 'ਚ ਹਨ। ਉਪਰੋਂ ਪੰਜਾਬ ਦੀ ਸਾਹ-ਰਗ ਸਮਝੇ ਜਾਂਦੇ ਖੇਤੀ ਸੈਕਟਰ 'ਚ ਬਹੁਮਤ ਦੀ ਤਾਕਤ ਨਾਲ ਕੀਤੇ ਜਾ ਰਹੇ ਬਦਲਾਅ ਹਾਲਾਤ ਨੂੰ ਕਿਸੇ ਪਾਸੇ ਵੀ ਲਿਜਾ ਸਕਦੇ ਹਨ, ਜਿਸ 'ਤੇ ਸਮਾਂ ਰਹਿੰਦੇ ਕਾਬੂ ਪਾਉਣ ਦੀ ਲੋੜ ਹੈ।