ਬਾਦਲ ਮੋਰਚੇ ਦਾ ਘੇਰਾ ਵਧਾਇਆ, ਕਿਸਾਨਾਂ ਵਲੋਂ 25 ਦੇ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਰੇਲ ਜਾਮ ਦੇ ਸੱਦੇ ਦੀ ਹਮਾਇਤ ਵਿਚ ਮਾਲਵੇ 'ਚ ਰੇਲਾਂ ਜਾਮ ਕਰਨ ਦਾ ਐਲਾਨ

ਬਾਦਲਾਂ ਦੇ ਘਰ ਅੱਗੇ ਧਰਨੇ ਵਿਚ ਜੁੜੇ ਕਿਸਾਨਾਂ ਦਾ ਦ੍ਰਿਸ਼।

ਸ੍ਰੀ ਮੁਕਤਸਰ ਸਾਹਿਬ-ਲੰਬੀ, 20 ਸਤੰਬਰ (ਰਣਜੀਤ ਸਿੰਘ): ਮੋਦੀ ਹਕੂਮਤ ਵਲੋਂ ਖੇਤੀ ਆਰਡੀਨੈਂਸਾਂ ਨੂੰ ਕਾਨੂੰਨੀ ਰੂਪ ਦੇਣ ਕਾਰਨ ਰੋਹ 'ਚ ਆਏ ਤੇ ਬਾਦਲਾਂ ਦੇ ਘਰ ਅੱਗੇ ਜੁੜੇ ਹਜ਼ਾਰਾਂ ਕਿਸਾਨਾਂ, ਨੌਜ਼ਵਾਨਾਂ ਤੇ ਔਰਤਾਂ ਵਲੋਂ 25 ਸਤੰਬਰ ਨੂੰ 30 ਕਿਸਾਨ ਜਥੇਬੰਦੀਆਂ ਵਲੋਂ ਦਿਤੇ ਪੰਜਾਬ ਬੰਦ ਦੇ ਸੱਦੇ  ਨੂੰ ਸਫ਼ਲ ਬਣਾਉਣ ਤੋਂ ਇਲਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ 24 ਤੋਂ 26 ਸਤੰਬਰ ਤਕ ਰੇਲਾਂ ਜਾਮ ਦੇ ਸੱਦੇ ਦੀ ਹਮਾਇਤ ਕਰਦਿਆਂ ਮਾਲਵੇ 'ਚ ਰੇਲਾਂ ਜਾਮ ਕਰਨ ਦਾ ਗਰਜਵਾ ਐਲਾਨ ਕੀਤਾ ਹੈ।

image


ਇਹ ਐਲਾਨ ਯੂਨੀਅਨ ਦੀ ਕਾਰਜਕਾਰੀ ਜਨਰਲ ਸਕੱਤਰ ਹਰਿੰਦਰ ਕੌਰ ਬਿੰਦੂ ਤੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਬਾਦਲ ਮੋਰਚਾ ਜਾਰੀ ਰੱਖਣ ਦਾ ਸੱਦਾ ਦਿਤਾ। ਪਿੰਡ ਬਾਦਲ ਵਿਖੇ ਲੱਗੇ ਮੋਰਚੇ ਦੀ ਸਟੇਜ ਦੀ ਸ਼ੁਰੂਆਤ ਅੱਜ ਹਰਿਆਣਾ ਦੇ ਕਿਸਾਨ ਘੋਲ ਦੀ ਹਮਾਇਤ 'ਚ ਹਜ਼ਾਰਾਂ ਦੇ ਇਕੱਠ ਵਲੋਂ ਆਰਡੀਨੈਂਸਾਂ ਦੀਆਂ ਕਾਪੀਆਂ ਤੇ ਮੋਦੀ ਸਰਕਾਰ ਦੀ ਅਰਥੀ ਸਾੜ ਕੇ ਕੀਤੀ ਗਈ।

ਇਸ ਤੋਂ ਇਲਾਵਾ ਅੱਜ ਲੰਬੀ ਇਲਾਕੇ ਤੋਂ ਇਲਾਵਾ ਮੁਕਤਸਰ, ਬਠਿੰਡਾ, ਫ਼ਰੀਦਕੋਟ, ਮੋਗਾ ਤੇ ਮਾਨਸਾ ਜ਼ਿਲ੍ਹਿਆਂ ਦੇ ਸੈਂਕੜੇ ਪਿੰਡਾਂ ਵਿਚ ਮੋਦੀ ਸਰਕਾਰ ਦੀਆਂ ਅਰਥੀਆਂ ਫੂਕੀਆਂ ਗਈਆਂ। ਅੱਜ ਦੇ ਧਰਨੇ ਨੂੰ  ਯੂਨੀਅਨ ਦੇ ਨੌਜਵਾਨ ਆਗੂ ਰਾਜਵਿੰਦਰ ਸਿੰਘ ਰਾਮਨਗਰ, ਅਜੇ ਪਾਲ ਸਿੰਘ ਘੁੱਦਾ, ਰਾਮ ਸਿੰਘ ਭੈਣੀ ਬਾਘਾ ਤੋਂ ਇਲਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਜਸਵੀਰ ਸਿੰਘ ਪਿੱਦੀ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਲਛਮਣ ਸਿੰਘ ਸੇਵੇਵਾਲਾ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਆਗੂ ਡਾਕਟਰ ਧੰਨਾ ਮੱਲ ਗੋਇਲ ਤੇ ਮਨਜਿੰਦਰ ਸਿੰਘ ਸਰਾਂ, ਠੇਕਾ ਮੁਲਾਜ਼ਮ ਮੋਰਚੇ ਦੇ ਆਗੂ ਜਗਰੂਪ ਸਿੰਘ , ਕਿਸਾਨ ਆਗੂ ਬਲੌਰ ਸਿੰਘ ਘੱਲਕਲਾਂ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ। ਉਨ੍ਹਾਂ ਆਖਿਆ ਕਿ ਮੋਦੀ ਸਰਕਾਰ ਵਲੋਂ ਇਹ ਕਾਨੂੰਨ ਲਿਆ ਕੇ ਦੇਸ਼ ਦੇ ਲੋਕਾਂ ਨਾਲ ਗ਼ਦਾਰੀ ਕੀਤੀ ਹੈ।