ਬੈਂਸ ਦਾ ਬਾਦਲ ਪਰਵਾਰ 'ਤੇ ਨਿਸ਼ਾਨਾ, ਹਰਸਿਮਰਤ ਬਾਦਲ ਦੇ ਅਸਤੀਫ਼ੇ ਨੂੰ ਦਸਿਆ ਸਿਆਸੀ ਡਰਾਮਾ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੋ ਗੁਰੂ ਗ੍ਰੰਥ ਸਾਹਿਬ ਦੇ ਨਹੀਂ ਬਣੇ ਉਹ ਕਿਸਾਨਾਂ ਦੇ ਕਿਵੇਂ ਬਣਨਗੇ

Simarjit Bains

ਲੁਧਿਆਣਾ: ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਵਿਧਾਇਕ ਸਿਮਰਜੀਤ ਬੈਂਸ ਨੇ  ਬਾਦਲ ਪਰਿਵਾਰ ਵੱਲ ਨਿਸ਼ਾਨਾ ਸਾਧਦਿਆਂ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ 'ਤੇ ਸਵਾਲ ਖੜ੍ਹੇ ਕੀਤੇ ਹਨ। ਬੈਂਸ ਨੇ ਹਰਸਿਮਰਤ ਬਾਦਲ ਦੇ ਅਸਤੀਫੇ ਨੂੰ ਸਿਆਸੀ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਜਿਹੜੀ ਪਾਰਟੀ ਅਤੇ ਪਰਿਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਨਹੀਂ ਬਣਾ ਕੇ ਰੱਖ ਸਕੀ ਉਹ ਕਿਸਾਨਾਂ ਅਤੇ ਪੰਜਾਬ ਵਾਸੀਆਂ ਦਾ ਭਲਾ ਕਿਵੇਂ ਕਰ ਸਕਦੀ ਹੈ।

ਉਨ੍ਹਾਂ ਕਿਹਾ ਕਿ ਬਾਦਲ ਦੇ ਰਾਜ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਗਲੀਆਂ ਵਿਚ ਖਿਲਾਰ ਦਿੱਤੇ ਗਏ ਅਤੇ ਇਸ ਦੇ ਵਿਰੋਧ ਵਿਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦੇ ਹੋਏ ਦੋ ਸਿੱਖ ਨੌਜਵਾਨਾਂ ਨੂੰ ਪੰਜਾਬ ਪੁਲਿਸ ਵਲੋਂ ਸ਼ਹੀਦ ਕਰ ਦਿਤਾ ਗਿਆ। ਪਰ ਬਾਦਲ ਸਰਕਾਰ ਦੋਸ਼ੀਆਂ ਨੂੰ ਫੜਨ ਵਿਚ ਨਾਕਾਮਯਾਬ ਰਹੀ। ਬੈਂਸ ਨੇ ਕਿਹਾ ਕਿ ਬਾਦਲ ਪਰਿਵਾਰ ਇਸ ਕਾਨੂੰਨ ਨੂੰ ਕਿਸਾਨ ਵਿਰੋਧੀ ਮੰਨਦਾ ਹੀ ਨਹੀ ਫਿਰ ਉਹ ਕਿਸਾਨਾਂ ਦੀ ਅਗਵਾਈ ਕਿਵੇਂ ਕਰ ਸਕਦਾ ਹੈ।

ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਅਤੇ ਕਿਸਾਨੀ ਨਾਲ ਜੁੜੇ ਹਰ ਕਿੱਤੇ ਲਈ ਤਬਾਹਕੁੰਨ ਖੇਤੀ ਸੁਧਾਰ ਕਾਨੂੰਨ ਵਿਰੁੱਧ ਲੋਕ ਇਨਸਾਫ ਪਾਰਟੀ ਵਲੋਂ ਵਿੱਢੇ ਸੰਘਰਸ਼ ਤਹਿਤ 23 ਸਤੰਬਰ ਨੂੰ ਫਤਿਹਗੜ੍ਹ ਸਾਹਿਬ ਤੋਂ ਦਿੱਲੀ ਤਕ ਹਜ਼ਾਰਾਂ ਮੋਟਰਸਾਈਕਲਾਂ 'ਤੇ ਰੋਸ ਮਾਰਚ ਕੱਢਦਿਆਂ ਸੰਸਦ ਘੇਰਨ ਦੀ ਰਣਨੀਤੀ ਉਲੀਕ ਦਿਤੀ ਗਈ ਹੈ।

ਇਸ ਸਬੰਧੀ ਪਾਰਟੀ ਅਹੁਦੇਦਾਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਦੇ ਹਜ਼ਾਰਾਂ ਵਰਕਰ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਵਿਖੇ ਇਕੱਠੇ ਹੋ ਕੇ ਮੋਟਰਸਾਇਕਲਾਂ 'ਤੇ ਰੋਸ ਮਾਰਚ ਕਰਦਿਆਂ ਦਿੱਲੀ ਪਹੁੰਚ ਕੇ ਸੰਸਦ ਘੇਰ ਕੇ ਇਸ ਕਾਲੇ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਰਨਗੇ।