ਸਾਡਾ ਪ੍ਰਵਾਰ ਐਸ.ਆਈ.ਟੀ. ਦੀ ਜਾਂਚ ਤੋਂ ਸੰਤੁਸ਼ਟ

ਏਜੰਸੀ

ਖ਼ਬਰਾਂ, ਪੰਜਾਬ

ਸਾਡਾ ਪ੍ਰਵਾਰ ਐਸ.ਆਈ.ਟੀ. ਦੀ ਜਾਂਚ ਤੋਂ ਸੰਤੁਸ਼ਟ

image

image

ਕਿਹਾ, ਕੁੱਝ ਲੋਕਾਂ ਵਲੋਂ ਕੇਸ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਸ਼ਾਂ ਨਾਬਰਦਾਸ਼ਤਯੋਗ
 

ਕੋਟਕਪੂਰਾ, 19 ਸਤੰਬਰ (ਗੁਰਿੰਦਰ ਸਿੰਘ) : ਬਹਿਬਲ ਗੋਲੀਕਾਂਡ ਵਾਲੀ ਘਟਨਾ 'ਚ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਕਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਭਰਾ ਰੇਸ਼ਮ ਸਿੰਘ ਵਲੋਂ ਪਿਛਲੇ ਦਿਨੀਂ ਇਕ ਮੁਲਜ਼ਮ ਇੰਸਪੈਕਟਰ ਪ੍ਰਦੀਪ ਸਿੰਘ ਦੇ ਵਾਅਦਾ ਮਾਫ਼ ਗਵਾਹ ਬਣਨ ਦੇ ਵਿਰੋਧ 'ਚ ਹਾਈ ਕੋਰਟ 'ਚ ਜਾਣ ਦੀਆਂ ਮੀਡੀਏ 'ਚ ਪ੍ਰਕਾਸ਼ਤ ਹੋਈਆਂ ਖ਼ਬਰਾਂ ਦਾ ਮ੍ਰਿਤਕ ਨਿਆਮੀਵਾਲਾ ਦੇ ਪੁੱਤਰ ਸੁਖਰਾਜ ਸਿੰਘ ਅਤੇ ਪਿਤਾ ਮਹਿੰਦਰ ਸਿੰਘ ਨੇ ਨੋਟਿਸ ਲੈਂਦਿਆਂ ਆਖਿਆ ਹੈ ਕਿ ਐਸ.ਆਈ.ਟੀ. ਦੇ ਪ੍ਰਮੁੱਖ ਮੈਂਬਰ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਬਹਿਬਲ ਗੋਲੀਕਾਂਡ ਦੀ ਜਾਂਚ ਬਹੁਤ ਹੀ ਵਧੀਆ ਤਰੀਕੇ ਨਾਲ ਕੀਤੀ ਜਾ ਰਹੀ ਹੈ, ਐਸਆਈਟੀ ਵਿਰੁਧ ਕੋਈ ਵੀ ਕਦਮ ਚੁੱਕਣਾ ਅਰਥਾਤ ਕੇਸ ਨੂੰ ਕਮਜ਼ੋਰ ਕਰਨ ਸਮਾਨ ਹੈ।
ਸੁਖਰਾਜ ਸਿੰਘ ਨੇ ਦਸਿਆ ਕਿ ਉਨ੍ਹਾਂ ਦਾ ਪ੍ਰਵਾਰ ਐਸ.ਆਈ.ਟੀ ਦੀ ਜਾਂਚ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ ਤੇ ਉਹ ਇਸ ਬਾਰੇ ਪਹਿਲਾਂ ਵੀ ਇਕ ਤੋਂ ਵੱਧ ਵਾਰ ਸਪੱਸ਼ਟ ਕਰ ਚੁੱਕੇ ਹਨ ਕਿ ਸਾਡੇ ਹੀ ਕੁੱਝ ਨੇੜਲਿਆਂ ਵਲੋਂ ਵਿਰੋਧੀਆਂ ਦੇ ਹੱਥੇ ਚੜ੍ਹ ਕੇ ਕੇਸ ਨੂੰ ਕਮਜ਼ੋਰ ਕਰਨ ਦੀਆਂ ਸਾਜਸ਼ਾਂ ਰਚੀਆਂ ਜਾ ਰਹੀਆਂ ਹਨ, ਜੋ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਸੁਖਰਾਜ ਸਿੰਘ ਨੇ ਇਥੋਂ ਤਕ ਵੀ ਕਹਿ ਦਿਤਾ ਕਿ ਪਹਿਲਾਂ ਬਾਦਲ ਸਰਕਾਰ ਨੇ ਬੇਅਦਬੀ ਕਾਂਡ ਨਾਲ ਜੁੜੇ ਉਕਤ ਮਾਮਲਿਆਂ ਦੀ ਜਾਂਚ ਲਈ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦਾ ਗਠਨ ਕੀਤਾ, ਫਿਰ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰੀਪੋਰਟ ਹੀ ਮੰਨਣ ਤੋਂ ਟਾਲਾ ਵੱਟਣਾ ਜਾਰੀ ਰਖਿਆ, ਬਾਦਲ ਸਰਕਾਰ ਵਲੋਂ ਗਠਤ ਕੀਤੀ ਗਈ ਐਸਆਈਟੀ ਨੇ ਬਹਿਬਲ ਗੋਲੀਕਾਂਡ ਦੀ ਘਟਨਾ ਲਈ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਤਾਂ ਬਾਜਾਖ਼ਾਨਾ ਥਾਣੇ ਵਿਖੇ ਅਣਪਛਾਤੀ ਪੁਲਿਸ ਵਿਰੁਧ ਮਾਮਲਾ ਦਰਜ ਕਰ ਕੇ ਖ਼ਾਨਾਪੂਰਤੀ ਕਰ ਦਿਤੀ ਗਈ, ਜੇਕਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਅਤੇ ਐਸਆਈਟੀ ਵਲੋਂ ਕੀਤੀ ਜਾ ਰਹੀ ਜਾਂਚ ਦੇ ਆਧਾਰ 'ਤੇ ਕੁੱਝ ਇਨਸਾਫ਼ ਮਿਲਣ ਦੀ ਆਸ ਬੱਝੀ ਹੈ ਤਾਂ ਇਸ ਤਰ੍ਹਾਂ ਕੇਸ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਸ਼ਾਂ ਨਾਬਰਦਾਸ਼ਤਯੋਗ ਹਨ। ਸੁਖਰਾਜ ਸਿੰਘ ਨੇ ਫਿਰ ਦੁਹਰਾਇਆ ਕਿ ਮੇਰੇ ਭੈਣ-ਭਰਾ, ਮਾਤਾ ਅਤੇ ਦਾਦਾ ਜੀ ਸਮੇਤ ਸਾਰਾ ਪ੍ਰਵਾਰ ਐਸ.ਆਈ.ਟੀ. ਵਲੋਂ ਕੀਤੀ ਜਾ ਰਹੀ ਜਾਂਚ ਨਾਲ ਪੂਰੀ ਤਰ੍ਹਾਂ ਸੰਤੁਸ਼ਟ ਹੈ।