ਪੰਜਾਬ 'ਚ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜਾਰੀ ਹੋਏ ਦਿਸ਼ਾ-ਨਿਰਦੇਸ਼

ਏਜੰਸੀ

ਖ਼ਬਰਾਂ, ਪੰਜਾਬ

ਕੰਟੇਨਮੈਂਟ ਜ਼ੋਨ ਤੋਂ ਬਾਹਰ ਵਾਲੇ ਖੇਤਰਾਂ 'ਚ ਅਧਿਆਪਕਾਂ ਤੋਂ ਸੇਧ ਲੈਣ ਸਕੂਲ ਜਾਣ ਦੀ ਆਗਿਆ

Capt Amrinder Singh

ਚੰਡੀਗੜ੍ਹ : ਕੇਂਦਰੀ ਗ੍ਰਹਿ ਮੰਤਰਾਲੇ (ਐੱਮ.ਐੱਚ.ਏ.) ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਅਨਲਾਕ 4.0 ਦੇ ਦਿਸ਼ਾ-ਨਿਰਦੇਸ਼ਾਂ ਵਿਚ ਅੰਸ਼ਿਕ ਸੋਧ ਕਰਦਿਆਂ ਪੰਜਾਬ ਸਰਕਾਰ ਨੇ ਐਤਵਾਰ ਨੂੰ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਿਰਫ਼ ਕੰਟੇਨਮੈਂਟ ਜ਼ੋਨ ਤੋਂ ਬਾਹਰ ਵਾਲੇ ਖੇਤਰਾਂ ਵਿਚ ਸਵੈ-ਇੱਛਾ ਦੇ ਆਧਾਰ 'ਤੇ ਅਧਿਆਪਕਾਂ ਤੋਂ ਸੇਧ ਲੈਣ ਲਈ ਅਪਣੇ ਸਕੂਲ ਜਾਣ ਦੀ ਆਗਿਆ ਦਿਤੀ ਗਈ ਹੈ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ 8 ਸਤੰਬਰ, 2020 ਨੂੰ ਜਾਰੀ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸ.ਓ. ਪੀਜ਼) ਮੁਤਾਬਕ 21 ਸਤੰਬਰ ਤੋਂ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ/ਸਰਪ੍ਰਸਤਾਂ ਦੀ ਲਿਖਤੀ ਸਹਿਮਤੀ ਬਾਅਦ ਹੀ ਇਹ ਇਜਾਜ਼ਤ ਦਿਤੀ ਜਾਵੇਗੀ।

ਸਰਕਾਰੀ ਬੁਲਾਰੇ ਮੁਤਾਬਕ ਸੂਬੇ ਦੇ ਗ੍ਰਹਿ ਵਿਭਾਗ ਨੇ ਰਾਸ਼ਟਰੀ ਹੁਨਰ ਸਿਖਲਾਈ ਸੰਸਥਾਵਾਂ, ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈਜ਼.), ਕੌਮੀ ਹੁਨਰ ਵਿਕਾਸ ਨਿਗਮ ਜਾਂ ਰਾਜ ਹੁਨਰ ਵਿਕਾਸ ਮਿਸ਼ਨ ਜਾਂ ਭਾਰਤ ਸਰਕਾਰ ਦੇ ਹੋਰ ਮੰਤਰਾਲੇ ਜਾਂ ਰਾਜ ਸਰਕਾਰਾਂ ਤਹਿਤ ਰਜਿਸਟਰਡ ਥੋੜ੍ਹੇ ਸਮੇਂ ਸਿਖਲਾਈ ਕੇਂਦਰਾਂ ਵਿਚ ਹੁਨਰ ਜਾਂ ਉੱਦਮੀ ਸਿਖਲਾਈ ਦੀ ਆਗਿਆ ਦੇਣ ਸਬੰਧੀ ਵਿਸਥਾਰਤ ਨਿਰਦੇਸ਼ ਜਾਰੀ ਕੀਤੇ ਹਨ।

ਇਸੇ ਤਰ੍ਹਾਂ ਨੈਸ਼ਨਲ ਇੰਸਟੀਟਿਊਟ ਫਾਰ ਇੰਟਰਪ੍ਰਨਿਉਰਸ਼ਿਪ ਐਂਡ ਸਮਾਲ ਬਿਜ਼ਨਸ ਡਿਵੈਲਪਮੈਂਟਜ਼ (ਐਨ. ਆਈ. ਈ. ਐੱਸ. ਬੀ. ਯੂ. ਡੀ.), ਇੰਡੀਅਨ ਇੰਸਟੀਟਿਊਟ ਆਫ ਇੰਟਰਪ੍ਰਨਿਉਰਸ਼ਿਪ (ਆਈ.ਆਈ.ਈ) ਅਤੇ ਉਨ੍ਹਾਂ ਦੇ ਸਿਖਲਾਈ ਦੇਣ ਵਾਲਿਆਂ ਨੂੰ 21 ਸਤੰਬਰ ਤੋਂ ਆਪਣੀਆਂ ਗਤੀਵਿਧੀਆਂ ਲਈ ਨਿਰਧਾਰਤ ਐੱਸ. ਓ. ਪੀਜ਼. ਦੀ ਸਖ਼ਤੀ ਨਾਲ ਪਾਲਣ ਕਰਨ ਲਈ ਮਨਜ਼ੂਰੀ ਦਿਤੀ ਗਈ ਹੈ।