ਪੰੰਜਾਬ ਪੁਲਿਸ ਦੇ ਸਾਈਬਰ ਵਿੰਗ ਅਤੇ ਸੀ.ਆਈ.ਏ. ਦੇ ਸਾਂਝੇ ਆਪਰੇਸ਼ਨ ਦੁਆਰਾ ਛੇ ਸਾਈਬਰ ਠੱਗ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰੰਜਾਬ ਪੁਲਿਸ ਦੇ ਸਾਈਬਰ ਵਿੰਗ ਅਤੇ ਸੀ.ਆਈ.ਏ. ਦੇ ਸਾਂਝੇ ਆਪਰੇਸ਼ਨ ਦੁਆਰਾ ਛੇ ਸਾਈਬਰ ਠੱਗ ਗ੍ਰਿਫ਼ਤਾਰ

image

ਸੰਗਰੂਰ, 20 ਸਤੰਬਰ (ਬਲਵਿੰਦਰ ਸਿੰਘ ਭੁੱਲਰ): ਪੰਜਾਬ ਪੁਲਿਸ ਦੇ ਮੁਖੀ ਡੀ ਜੀ ਪੀ, ਦਿਨਕਰ ਗੁਪਤਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਪੰਜਾਬ ਪੁਲਿਸ ਦੇ ਇਕ ਸਾਂਝੇ ਆਪਰੇਸ਼ਨ ਦੁਆਰਾ ਅੰਤਰਰਾਜੀ ਸਾਈਬਰ ਅਪਰਾਧੀਆਂ ਦਾ ਇਕ ਛੇ ਮੈਂਬਰੀ ਗੈਂਗ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬੈਂਕ ਕਰਮਚਾਰੀਆਂ ਦੇ ਭੇਸ ਹੇਠ ਇਹ ਭੋਲੇ ਭਾਲੇ ਬੈਂਕ ਖਾਤਾਧਾਰਕਾਂ ਦੀ ਰਕਮ ਅਪਣੇ ਖ਼ਾਤਿਆਂ ਅਤੇ ਪੇ ਟੀ ਐਮ ਅਕਾਊਂਟਾਂ ਵਿਚ ਟਰਾਂਸਫ਼ਰ ਕਰਦੇ ਰਹੇ। ਇਨ੍ਹਾਂ ਪਾਸੋਂ 8,85,000 ਰੁਪਏ ਨਕਦ 11 ਮੋਬਾimageਈਲ ਫ਼ੋਨ ਅਤੇ 100 ਸਿੰਮ ਕਾਰਡ ਬਰਾਮਦ ਕੀਤੇ ਗਏ ਹਨ।

 


    ਗੁਪਤਾ ਨੇ ਦਸਿਆ ਕਿ ਇਸ ਗੈਂਗ ਦੇ ਚਾਰ ਮੈਂਬਰ ਦਿੱਲੀ ਅਤੇ ਦੋ ਮੈਂਬਰ ਬਿਹਾਰ ਦੇ ਵਸਨੀਕ ਹਨ ਜਿਹੜੇ ਪੰਜਾਬ ਦੇ ਲੁਧਿਆਣਾ ਸ਼ਹਿਰ ਤੋਂ ਗ੍ਰਿਫ਼ਤਾਰ ਕੀਤੇ ਗਏ ਹਨ। ਗ੍ਰਿਫ਼ਤਾਰ ਕੀਤੇ ਗਏ ਇਹ ਸਾਰੇ ਵਿਅਕਤੀ ਆਨਲਾਈਨ ਸਾਈਬਰ ਠੱਗੀਆਂ ਮਾਰਨ ਦੇ ਮਾਹਿਰ ਹਨ। ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਚਾਰ ਬੈਂਕ ਠੱਗੀਆਂ ਦੇ ਕੇਸ ਸੁਲਝਾਏ ਗਏ। ਉਨ੍ਹਾਂ ਇਹ ਵੀ ਦਸਿਆ ਕਿ ਸੰਗਰੂਰ ਦੇ ਐੇਸ ਐਸ ਪੀ ਸੰਦੀਪ ਗਰਗ ਦੀ ਨਿਗਰਾਨੀ ਅਧੀਨ ਇਹ ਗੈਂਗ ਪੁਲਿਸ ਦੇ ਸਾਈਬਰ ਸੈਲ ਅਤੇ ਸੀ ਆਈ ਏ ਵਲੋਂ ਇਕ ਸਾਂਝੇ ਆਪਰੇਸ਼ਨ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਇਸ ਵਿੱਚ ਡੀ ਐਸ ਪੀ ਡੀ ਮੋਹਿਤ ਅਗਰਵਾਲ ਵੀ ਸ਼ਾਮਲ ਸੀ। ਇਸ ਗੈਂਗ ਦਾ ਮੁਖੀਆ ਫਰੀਦ ਚਾਣਕੀਆ ਦਿੱਲੀ ਅੰਦਰ ਇਕ ਕਾਲ ਸੇਂਟਰ ਚਲਾਉਂਦਾ ਸੀ। ਪੁਲਿਸ ਵਲੋਂ ਇਸ ਸੈਂਟਰ ਉਤੇ ਰੇਡ ਕਰ ਕੇ 1,20,000 ਰੁਪਏ ਨਕਦ ਅਤੇ 7 ਮੋਬਾਈਲ ਫ਼ੋਨ, ਬੀਟਲ ਕੰਪਨੀ ਦੇ 9 ਹੈਂਡਸੈਟਾਂ ਅਤੇ 90 ਸਿੰਮ ਕਾਰਡਾਂ ਸਮੇਤ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।


   ਡੀ ਜੀ ਪੀ ਨੇ ਦਸਿਆ ਕਿ ਫ਼ਰੀਦ ਨਾਲ ਉਸ ਦੇ ਹੋਰ ਸਾਥੀ, ਸੰਜੇ ਕਸ਼ਯਪ ਉਰਫ਼ ਦਾਦਾ, ਮੁਕੇਸ਼ ਅਤੇ ਉਪੇਂਦਰ ਕੁਮਾਰ ਸਿੰਘ ਜਿਹੜੇ ਦਿੱਲੀ ਦੇ ਵਸਨੀਕ ਸਨ ਵੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਤੇ ਇਨ੍ਹਾਂ ਉੱਪਰ ਵੱਖ ਵੱਖ ਧਾਰਾਵਾਂ ਅਧੀਨ ਪਰਚੇ ਦਰਜ ਕੀਤੇ ਜਾ ਚੁੱਕੇ ਹਨ। ਇਸੇ ਤਰ੍ਹਾਂ ਬਿਹਾਰ ਨਿਵਾਸੀ ਨੂਰ ਅਲੀ ਅਤੇ ਪਵਨ ਕੁਮਾਰ ਕਰਮਵਾਰ ਮੰਡੀ ਗੋਬਿੰਦਗੜ੍ਹ ਅਤੇ ਲੁਧਿਆਣਾ ਤੋਂ ਬੈਂਕ ਧੋਖਾਧੜੀ੍ਹ ਕਰਦੇ ਆ ਰਹੇ ਹਨ ਤੇ ਇਨ੍ਹਾਂ ਦੋਵਾਂ ਨੂੰ ਲੁਧਿਆਣਾ ਦੀ ਬਸਤੀ ਜੋਧੇਵਾਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਤੋਂ 7,65,000 ਰੁਪਏ ਨਕਦ ਅਤੇ ਦੋ ਮੋਬਾਈਲ ਫ਼ੋਨਾਂ ਸਮੇਤ ਕੁੱਝ ਸਿੰਮ ਵੀ ਬਰਾਮਦ ਕੀਤੇ ਗਏ ਹਨ। ਡੀ ਜੀ ਪੀ ਗੁਪਤਾ ਨੇ ਬੈਂਕ ਖਾਤਾਧਾਰਕਾਂ ਨੂੰ ਸਲਾਹ ਦਿਤੀ ਕਿ ਉਹ ਅਪਣੇ ਏ ਟੀ ਐਮ ਜਾਂ ਬੈਂਕ ਅਕਾਊਂਟ ਦੀ ਡਿਟੇਲ ਕਿਸੇ ਵੀ ਫ਼ੋਨ ਕਾਲ ਕਰਨ ਵਾਲੇ ਨਾਲ ਸਾਂਝੀ ਨਾ ਕਰਨ ਬਲਕਿ ਜੋ ਕੰਮ ਕਰਨਾ ਹੈ ਬੈਂਕ ਜਾ ਕੇ ਕਰਨ।