ਅਕਾਲੀ ਆਗੂ ਭਾਜਪਾ ਦੇ ਏਂਜੰਟ ਵਜੋਂ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਆਏ ਪੰਜਾਬ -ਸੁਨੀਲ ਜਾਖੜ

ਏਜੰਸੀ

ਖ਼ਬਰਾਂ, ਪੰਜਾਬ

 ਕਿਹਾ, ਅਕਾਲੀ ਦਲ ਦਾ ਏਂਜਡਾ ਕਿਸਾਨ ਏਕਤਾ ਨੂੰ ਤਾਰਪੀਡੋ ਕਰਨਾ

Sunil Kumar Jakhar

ਚੰਡੀਗੜ, 20 ਸਤੰਬਰ - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਜਿਸ ਨੇ ਆਪਣਾ ਰੂਪ ਬਦਲ ਕੇ ਸੁਖਬੀਰ ਅਕਾਲੀ ਦਲ ਕਰ ਲਿਆ ਹੈ, ਉਸਦੇ ਆਗੂ ਅਸਤੀਫੇ ਦਾ ਡਰਾਮਾ ਕਰਕੇ ਹੁਣ ਭਾਜਪਾ ਦੇ ਏਂਜਟ ਦੇ ਤੌਰ ਤੇ ਪੰਜਾਬ ਆਏ ਹਨ ਤਾਂ ਜੋ ਕਿਸਾਨਾਂ ਨੂੰ ਗੁੰਮਰਾਹ ਕਰਕੇ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਇੱਕਜੁੱਟ ਹੋਈਆਂ ਧਿਰਾਂ ਨੂੰ ਕਮਜੋਰ ਕੀਤਾ ਜਾ ਸਕੇ।

ਅੱਜ ਇੱਥੋਂ ਜਾਰੀ ਬਿਆਨ ਵਿਚ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਏਂਜਟ ਦੇ ਤੌਰ ਤੇ ਕੰਮ ਕਰਦਿਆਂ ਅਕਾਲੀ ਆਗੂਆਂ ਨੇ ਕੋਸ਼ਿਸ ਕੀਤੀ ਕਿ ਕਿਸਾਨਾਂ ਨੂੰ ਇੰਨਾਂ ਕਾਲੇ ਖੇਤੀ ਕਾਨੂੰਨਾਂ ਸਬੰਧੀ ਭਰਮਿਤ ਕੀਤਾ ਜਾਵੇ। ਇਸ ਲਈ ਉਨਾਂ ਪਿੱਛਲੇ ਤਿੰਨ ਮਹੀਨੇ ਤੋਂ ਮੁਹਿੰਮ ਚਲਾਈ ਹੋਈ ਸੀ ਅਤੇ ਖੇਤੀ ਮੰਤਰੀ ਦੀ ਚਿੱਠੀ ਲਿਆਉਣ ਸਮੇਤ ਹਰੇਕ ਮੰਚ ਤੇ ਉਹ ਇੰਨਾਂ ਕਾਲੇ ਕਾਨੂੰਨਾਂ ਦੀ ਹਮਾਇਤ ਕਰਦਿਆਂ ਇੰਨਾਂ ਨੂੰ ਕਿਸਾਨਾਂ ਦੇ ਹਿੱਤ ਵਿਚ ਦੱਸਦੇ ਰਹੇ ਸਨ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ,‘‘ਫਿਰ ਵੀ ਜਦ ਪੰਜਾਬ ਦਾ ਸਮਝਦਾਰ ਕਿਸਾਨ ਉਨਾਂ ਦੀਆਂ ਭਰਮਾਊ ਗੱਲਾਂ ਵਿਚ ਨਹੀਂ ਆਇਆ ਅਤੇ ਉਨਾਂ ਨੂੰ ਇਸ ਤਰਾਂ ਸਫਲਤਾ ਨਹੀਂ ਮਿਲੀ ਤਾਂ ਹੁਣ ਤਿਆਗ ਪੱਤਰ ਦਾ ਬਹਾਨਾ ਕਰਕੇ ਇਕ ਵਾਰ ਫਿਰ ਕਿਸਾਨ ਏਕਤਾ ਨੂੰ ਭੰਗ ਕਰਨ ਦੇ ਮਾੜੇ ਇਰਾਦੇ ਨਾਲ ਇਹ ਦਿੱਲੀ ਤੋਂ ਪੰਜਾਬ ਆਏ ਹਨ।’’

ਸ੍ਰੀ ਜਾਖੜ ਨੇ ਕਿਹਾ ਕਿ ਦੋ ਤੱਥਾਂ ਤੋਂ ਪ੍ਰਮਾਣਿਤ ਹੁੰਦਾ ਹੈ ਕਿ ਅਕਾਲੀ ਦਲ ਨੂੰ ਹਾਲੇ ਵੀ ਕਿਸਾਨਾਂ ਦੇ ਹਿੱਤਾਂ ਦੀ ਕੋਈ ਪ੍ਰਵਾਹ ਨਹੀਂ ਹੈ ਬਲਕਿ ਉਹ ਤਾਂ ਦਿੱਲੀ ਬੈਠੇ ਆਪਣੇ ਆਕਵਾਂ ਦੀ ਇੱਛਾ ਪੂਰਤੀ ਲਈ ਕੰਮ ਕਰ ਰਿਹਾ ਹੈ। ਪਹਿਲਾਂ ਤੱਥ, ਕੇਂਦਰੀ ਵਜਰਾਤ ਵਿਚੋਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਤਿਆਗ ਪੱਤਰ ਦਿੱਤਾ ਪਰ ਨਾਲ ਹੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਵਿਚ ਭਾਈਵਾਲ ਬਣਿਆ ਰਹੇਗਾ, ਅਤੇ ਦੂਜਾ, ਅਕਾਲੀ ਆਗੂ ਸ੍ਰੀਮਤੀ ਬਾਦਲ ਵੱਲੋਂ ਹਾਲੇ ਵੀ ਇਹ ਆਖਿਆ ਜਾਣਾ ਕਿ ਉਹ ਖੁਦ ਇੰਨਾਂ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਨਹੀਂ ਆਖਦੇ ਬਲਕਿ ਕਿਸਾਨ ਇੰਨਾਂ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਆਖ ਰਹੇ ਹਨ।

ਸੁਨੀਲ ਜਾਖੜ ਨੇ ਕਿਹਾ ਕਿ ਹੁਣ ਜਦ ਪੰਜਾਬ ਦੀਆਂ ਅਕਾਲੀ ਦਲ ਤੇ ਬੀਜੇਪੀ ਨੂੰ ਛੱਡ ਕੇ ਸਾਰੀਆਂ ਸਿਆਸੀ ਪਾਰਟੀਆਂ, ਸਾਰੇ ਕਿਸਾਨ ਸੰਗਠਨਾਂ ਸਮੇਤ ਸਮਾਜ ਦਾ ਹਰ ਇਕ ਵਰਗ ਇੰਨਾਂ ਕਾਲੇ ਕਾਨੂੰਨਾਂ ਖਿਲਾਫ ਇਕਜੁੱਟ ਹੋ ਗਿਆ ਤਾਂ ਫਿਰ ਭਾਜਪਾ ਦੇ ਇਹ ਏਂਜਟ ਕਿਸਾਨ ਅੰਦੋਲਣ ਨੂੰ ਤਾਰਪੀਡੋ ਕਰਨ ਦੇ ਇਰਾਦੇ ਨਾਲ ਪੰਜਾਬ ਆਏ ਹਨ। ਸ੍ਰੀ ਜਾਖੜ ਨੇ ਕਿਹਾ ਕਿ ਪਰ ਪ੍ਰਧਾਨ ਮੰਤਰੀ ਮੋਦੀ ਦੇ ਇੰਨਾਂ ਏਂਜਟਾਂ ਦੀਆਂ ਚਾਲਾਂ ਨੂੰ ਪੰਜਾਬ ਦਾ ਕਿਸਾਨ ਭਲੀਂਭਾਂਤ ਸਮਝ ਚੁੱਕਿਆ ਹੈ ਅਤੇ ਹੁਣ ਪੰਜਾਬ ਦੇ ਕਿਸਾਨ ਇੰਨਾਂ ਦੀਆਂ ਗੱਲਾਂ ਵਿਚ ਨਹੀਂ ਆਵੇਗਾ।