50 ਸਾਲਾਂ ਬਾਅਦ ਸੂਬੇ ਦੇ ਗ਼ੈਰ ਜੱਟ ਸਿੱਖ ਮੁੱਖ ਮੰਤਰੀ ਬਣੇ ਚੰਨੀ

ਏਜੰਸੀ

ਖ਼ਬਰਾਂ, ਪੰਜਾਬ

50 ਸਾਲਾਂ ਬਾਅਦ ਸੂਬੇ ਦੇ ਗ਼ੈਰ ਜੱਟ ਸਿੱਖ ਮੁੱਖ ਮੰਤਰੀ ਬਣੇ ਚੰਨੀ

image

ਬਠਿੰਡਾ, 19 ਸਤੰਬਰ (ਸੁਖਜਿੰਦਰ ਮਾਨ) : ਜਿਥੇ ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਬਣਕੇ ਨੌਜਵਾਨ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਨੇ ਇਤਿਹਾਸ ਰਚ ਦਿਤਾ ਹੈ ਉੱਥੇ ਉਹ ਪੰਜਾਹ ਸਾਲਾਂ ਬਾਅਦ  ਗ਼ੈਰ ਜੱਟ ਸਿੱਖ ਬਣਨ ਵਾਲੇ ਦੂਜੇ ਮੁੱਖ ਮੰਤਰੀ ਵੀ ਹਨ | 
ਚੰਨੀ ਤੋਂ ਪਹਿਲਾਂ 1972 ਵਿਚ ਕਾਂਗਰਸ ਪਾਰਟੀ ਵਲੋਂ ਹੀ ਗਿਆਨੀ ਜ਼ੈਲ ਸਿੰਘ ਗ਼ੈਰ ਜੱਟ ਸਿੱਖ ਮੁੱਖ ਮੰਤਰੀ ਬਣੇ ਸਨ | ਭਾਵੇਂ ਪੰਜਾਬ ਦੇ ਵਿਚ ਦਲਿਤ, ਹਿੰਦੂ ਅਤੇ ਗ਼ੈਰ ਜੱਟ ਸਿੱਖ ਜਾਤੀਆਂ ਦੀ ਵੀ ਵੱਡੀ ਆਬਾਦੀ ਹੈ ਪ੍ਰੰਤੂ ਪਿਛਲੇ ਕਰੀਬ ਚਾਰ ਦਹਾਕਿਆਂ ਤੋਂ ਕਿਸੇ ਜੱਟ ਸਿੱਖ ਨੂੰ  ਹੀ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦਾ ਰਿਵਾਜ ਚੱਲਿਆ ਆ ਰਿਹਾ ਸੀ ਜਿਸ ਨੂੰ  ਮੁੜ ਕਾਂਗਰਸ ਨੇ ਤੋੜ ਦਿਤਾ ਹੈ | ਹਾਲਾਂਕਿ ਕਾਂਗਰਸ ਹਾਈਕਮਾਂਡ ਚੰਨੀ ਤੋਂ ਪਹਿਲਾਂ ਇਕ ਹਿੰਦੂ ਆਗੂ ਸੁਨੀਲ ਜਾਖੜ ਨੂੰ  ਮੁੱਖ ਮੰਤਰੀ ਦੇ ਤੌਰ 'ਤੇ ਪੇਸ਼ ਕਰ ਰਹੀ ਸੀ ਪ੍ਰੰਤੂ ਮੌਕੇ ਤੇ ਬਣੇ ਸਿਆਸੀ ਹਾਲਾਤਾਂ ਨੇ ਚਰਨਜੀਤ ਸਿੰਘ ਚੰਨੀ ਦਾ ਨਾਂ ਅੱਗੇ ਲੈ ਆਂਦਾ | ਚਰਨਜੀਤ ਸਿੰਘ ਚੰਨੀ ਵੀ ਗਿਆਨੀ ਜ਼ੈਲ ਸਿੰਘ ਦੀ ਤਰ੍ਹਾਂ ਹੇਠਾਂ ਤੋਂ ਚੱਲੇ ਹੋਏ ਆਗੂ ਹਨ ਜਿਨ੍ਹਾਂ ਆਪਣਾ ਸਿਆਸੀ ਜੀਵਨ ਇਕ ਕੌਂਸਲਰ ਵਜੋਂ ਸ਼ੁਰੂ ਕੀਤਾ ਸੀ | ਇਸ ਤੋਂ ਬਾਅਦ ਉਹ 2007 'ਚ ਆਜ਼ਾਦ ਵਿਧਾਇਕ ਵਜੋਂ ਚੁਣੇ ਗਏ ਤੇ ਮੁੜ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ 2012 ਅਤੇ 2017 ਵਿਚ ਵੀ ਉਨ੍ਹਾਂ ਨੇ ਅਪਣੀ ਜਿੱਤ ਵਾਲੀ ਲੈਅ ਬਰਕਰਾਰ ਰੱਖੀ ਅਤੇ ਮੌਜੂਦਾ ਸਮੇਂ ਉਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ 'ਚ ਕੈਬਨਿਟ ਵਜ਼ੀਰ ਦੇ ਤੌਰ 'ਤੇ ਕੰਮ ਕਰ ਰਹੇ ਸਨ | ਇਸ ਤੋਂ ਪਹਿਲਾਂ ਪਿਛਲੀ ਅਕਾਲੀ ਭਾਜਪਾ ਸਰਕਾਰ ਦਰਮਿਆਨ ਉਹ ਵਿਰੋਧੀ ਧਿਰ ਦੇ ਨੇਤਾ ਵਜੋਂ ਵੀ ਕੰਮ ਕਰ ਚੁੱਕੇ ਹਨ | ਸ਼ੁਰੂ ਤੋਂ ਹੀ ਉਨ੍ਹਾਂ ਦਾ ਕੈਪਟਨ ਅਮਰਿੰਦਰ ਸਿੰਘ ਨਾਲ ਛੱਤੀ ਦਾ ਅੰਕੜਾ ਰਿਹਾ ਅਤੇ ਮੁੱਖ ਮੰਤਰੀ ਨੂੰ  ਗੱਦੀ ਤੋਂ ਉਤਾਰਨ ਦੀ ਸ਼ੁਰੂ ਹੋਈ ਮੁਹਿੰਮ ਵਿਚ ਉਨ੍ਹਾਂ ਵੱਡਾ ਯੋਗਦਾਨ ਪਾਇਆ | ਸਰਦਾਰ ਚੰਨੀ ਨੇ ਛੋਟੀ ਉਮਰ ਦੇ ਮੁੱਖ ਮੰਤਰੀ ਵਜੋਂ ਮੈਂ ਆਪਣਾ ਨਾਮ ਰਿਕਾਰਡ ਵਿੱਚ ਦਰਜ ਕੀਤਾ ਹੈ | ਇਸ ਤੋਂ ਇਲਾਵਾ ਉਨ੍ਹਾਂ ਮੰਤਰੀ ਰਹਿੰਦੇ ਹੋਏ ਵੀ ਆਪਣੀ ਉਚੇਰੀ ਪੜ੍ਹਾਈ ਜਾਰੀ ਰੱਖੀ ਸੀ |