ਕਾਂਗਰਸ ਹਾਈ ਕਮਾਨ ਨੇ 2022 ਦੀਆਂ ਚੋਣਾਂ ਜਿੱਤਣ ਲਈ ਚਰਨਜੀਤ ਸਿੰਘ ਚੰਨੀ ਨੂੰ ਕਪਤਾਨੀ ਸੌਂਪੀ!
ਕਾਂਗਰਸ ਹਾਈ ਕਮਾਨ ਨੇ 2022 ਦੀਆਂ ਚੋਣਾਂ ਜਿੱਤਣ ਲਈ ਚਰਨਜੀਤ ਸਿੰਘ ਚੰਨੀ ਨੂੰ ਕਪਤਾਨੀ ਸੌਂਪੀ!
ਚੰਨੀ ਸਾਹਮਣੇ 4 ਮਹੀਨੇ ਬਾਅਦ ਹੀ ਵੱਡੀ ਪ੍ਰੀਖਿਆ ਜਿਸ ਵਿਚੋਂ ਪਾਸ ਹੋਣ ਤੇ ਦੂਜੀ ਵਾਰ ਮੁੱਖ ਮੰਤਰੀ ਬਣਨਾ ਵੱਟ ਤੇ ਪਰ...
- ਜੋਗਿੰਦਰ ਸਿੰਘ
ਚੰਡੀਗੜ੍ਹ, 19 ਸਤੰਬਰ: 6-7 ਮਹੀਨੇ ਪਹਿਲਾਂ ਇਹ ਚਰਚਾ ਆਮ ਸੀ ਕਿ ਕਾਂਗਰਸ ਪਾਰਟੀ, ਕੈਪਟਨ ਅਮਰਿੰਦਰ ਸਿੰਘ ਦੀ ਕਮਾਨ ਹੇਠ 2022 ਦੀਆਂ ਚੋਣਾਂ ਬੜੇ ਆਰਮ ਨਾਲ ਜਿੱਤ ਲਵੇਗੀ ਪਰ ਫਿਰ ਕਾਂਗਰਸ ਅੰਦਰੋਂ ਹੀ ਕੁੱਝ ਵਜ਼ੀਰਾਂ ਤੇ ਉਨ੍ਹਾਂ ਦੇ ਸਾਥੀਆਂ ਨੇ ਸਵਾਲ ਖੜਾ ਕਰ ਦਿਤਾ ਕਿ 'ਕੈਪਟਨ ਸਰਕਾਰ' ਨੇ 5 ਸਾਲ ਪਹਿਲਾਂ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਕੀਤੇ, ਇਸ ਲਈ ਲੋਕਾਂ ਕੋਲੋਂ ਵੋਟਾਂ ਕਿਸ ਮੂੰਹ ਨਾਲ ਮੰਗਾਂਗੇ? ਵਧਦੀ ਵਧਦੀ ਗੱਲ ਇਥੋਂ ਤਕ ਪੁੱਜ ਗਈ ਕਿ ਇਹ ਸਵਾਲ ਚੁੱਕਣ ਵਾਲਿਆਂ ਨੇ ਅੰਤ ਇਹ ਮੰਗ ਵੀ ਰੱਖ ਦਿਤੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਚੋਣਾਂ ਕਿਸੇ ਹਾਲ ਵਿਚ ਨਹੀਂ ਜਿਤੀਆਂ ਜਾ ਸਕਦੀਆਂ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਅਕਾਲੀਆਂ ਨਾਲ ਅੰਦਰਖਾਤੇ ਦੀ ਭਾਈਵਾਲੀ ਜਦ ਤਕ ਕਾਇਮ ਹੈ, ਲੋਕ ਕਾਂਗਰਸ ਨੂੰ ਵੋਟ ਨਹੀਂ ਦੇਣਗੇ | ਬੜੀ ਤੇਜ਼ੀ ਨਾਲ ਘਟਨਾਕ੍ਰਮ ਉਹ ਜ਼ੋਰ ਫੜਦਾ ਗਿਆ ਜਿਸ ਦਾ ਪਹਿਲਾਂ ਕਿਸੇ ਨੂੰ ਚਿਤ ਚੇਤਾ ਵੀ ਨਹੀਂ ਸੀ ਅਤੇ ਸੰਖੇਪ ਵਿਚ ਗੱਲ ਕਰੀਏ ਤਾਂ ਅੱਜ ਕਾਂਗਰਸ ਹਾਈ ਕਮਾਨ ਨੇ 2022 ਦੀਆਂ ਚੋਣਾਂ ਜਿੱਤਣ ਦਾ ਸਾਰਾ ਭਾਰ, ਕੈਪਟਨ ਅਮਰਿੰਦਰ ਸਿੰਘ ਵਿਰੁਧ ਆਵਾਜ਼ ਚੁੱਕਣ ਵਾਲਿਆਂ 'ਚੋਂ ਇਕ ਵਜ਼ੀਰ, ਸ. ਚਰਨਜੀਤ ਸਿੰਘ ਚੰਨੀ ਦੇ ਮੋਢਿਆਂ ਤੇ ਪਾ ਦਿਤਾ ਹੈ | ਇਹ ਨਹੀਂ ਕਿ ਹਾਈ ਕਮਾਨ ਨੇ ਇਹ ਫ਼ੈਸਲਾ ਬੜੀ ਆਸਾਨੀ ਨਾਲ ਕਰ ਲਿਆ | ਪਹਿਲਾਂ ਸਵੇਰੇ ਸੁਨੀਲ ਜਾਖੜ ਨੂੰ ਜ਼ੁੰਮੇਵਾਰੀ ਸੌਂਪਣ ਦਾ ਫ਼ੈਸਲਾ ਹੋਇਆ, ਫਿਰ ਦੁਪਹਿਰ ਤਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਚੁਣ ਲੈਣ ਦਾ ਗ਼ੈਰ-ਸਰਕਾਰੀ ਐਲਾਨ ਵੀ ਕਰ ਦਿਤਾ ਗਿਆ ਪਰ ਫਿਰ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਮਗਰੋਂ ਹਾਲਾਤ ਨੇ ਇਕ ਹੋਰ ਪਲਟੀ ਖਾਧੀ ਤੇ ਚਰਨਜੀਤ ਸਿੰਘ ਚੰਨੀ ਦੀ ਲਾਟਰੀ ਨਿਕਲ ਆਈ ਜਿਸ ਦੀ ਚੰਨੀ ਨੂੰ ਜ਼ਰਾ ਵੀ ਭਿਣਕ ਨਹੀਂ ਸੀ |
ਬੀਜੇਪੀ ਅਤੇ ਅਕਾਲੀਆਂ ਵਲੋਂ 2022 ਦੀਆਂ ਚੋਣਾਂ ਵਿਚ ਦਲਿਤ ਪੱਤਾ ਖੇਡਣ ਦਾ ਹੀ ਨਤੀਜਾ ਹੈ ਕਿ ਅੰਤ ਹਾਈ ਕਮਾਨ ਨੇ ਪਹਿਲੀ ਵਾਰ, ਇਕ ਦਲਿਤ ਨੁੰ ਮੁੱਖ ਮੰਤਰੀ ਬਣਾਉਣ ਦਾ ਫ਼ੈਸਲਾ ਕਰ ਦਿਤਾ ਤੇ ਸ: ਚਰਨਜੀਤ ਸਿੰਘ ਚੰਨੀ ਸਾਹਮਣੇ ਜ਼ਿੰਦਗੀ ਦੀ ਸੱਭ ਤੋਂ ਔਖੀ ਪ੍ਰੀਖਿਆ ਵੀ ਲਿਆ ਖੜੀ ਕੀਤੀ ਹੈ | ਜਿਨ੍ਹਾਂ ਹਾਲਾਤ ਵਿਚ 4 ਮਹੀਨੇ ਬਾਅਦ ਚੋਣਾਂ ਹੋ ਰਹੀਆਂ ਹਨ, ਸ: ਚੰਨੀ ਨੂੰ ਹਾਈ ਕਮਾਨ ਤੋਂ ਇਲਾਵਾ, ਨਵਜੋਤ ਸਿੰਘ ਸਿੱਧੂ ਤੇ ਹੋਰ ਸਾਥੀਆਂ ਦਾ ਭਾਰੀ ਸਮਰਥਨ ਮਿਲਣਾ ਲਾਜ਼ਮੀ ਹੈ ਪਰ ਕਾਫ਼ੀ ਲੋਕ ਅਜਿਹੇ ਵੀ ਹਨ ਜੋ ਉਨ੍ਹਾਂ ਦੀ ਕਾਮਯਾਬੀ ਨੂੰ ਰੋਕਣ ਲਈ ਵੀ ਅੰਦਰੋਂ ਕੰਮ ਕਰਨਗੇ ਕਿਉਂਕਿ 2022 ਵਿਚ ਉਨ੍ਹਾਂ ਦੀ ਸਫ਼ਲਤਾ ਦਾ ਮਤਲਬ, 2022 ਵਿਚ 5 ਸਾਲ ਲਈ ਫਿਰ ਤੋਂ ਮੁੱਖ ਮੰਤਰੀ ਪਦ ਦਾ ਤਾਜ ਉਨ੍ਹਾਂ ਦੇ ਸਿਰ ਤੇ ਹੀ ਬੱਝ ਜਾਏਗਾ ਜੋ ਸਾਰਿਆਂ ਲਈ ਹਜ਼ਮ ਕਰਨਾ ਸੌਖਾ ਨਹੀਂ ਹੋਵੇਗਾ | ਉਹ ਲੋਕ ਇਕ ਵਾਰ ਲਈ ਤਾਂ ਕਿਸੇ ਨੂੰ ਵੀ ਮੁੱਖ ਮੰਤਰੀ ਵਜੋਂ ਪ੍ਰਵਾਨ ਕਰ ਸਕਦੇ ਹਨ ਪਰ ਦੂਜੀ ਵਾਰ ਬਿਲਕੁਲ ਨਹੀਂ |
ਅਜਿਹੇ ਹਾਲਾਤ ਵਿਚ, ਸ: ਚੰਨੀ ਲਈ ਅਗਲੇ 4-5 ਮਹੀਨੇ ਵੀ ਡਾਢੀ ਪ੍ਰੀਖਿਆ ਵਾਲੇ ਦਿਨ ਹੀ ਸਾਬਤ ਹੋਣਗੇ, ਜਿਸ ਸਮੇਂ ਵਿਚ ਉਨ੍ਹਾਂ ਲਈ ਪੁਰਾਣੀਆਂ ਦੁਸ਼ਮਣੀਆਂ ਖ਼ਤਮ ਕਰਨ, ਕਿਸੇ ਨਾਲ ਜ਼ਿਆਦਤੀ ਨਾ ਕਰਨ ਅਤੇ ਨਵੇਂ ਮਿੱਤਰ ਬਣਾ ਕੇ 3 ਤੋਂ 5 ਫ਼ੀ ਸਦੀ ਨਿਜੀ ਵੋਟ ਬੈਂਕ (ਦਲਿਤਾਂ ਤੋਂ ਬਾਹਰ ਬਣਾਉਣ ਲਈ ਉਚੇਚੇ ਯਤਨ ਕਰਨੇ ਪੈਣਗੇ ਅਤੇ 'ਦਲਿਤ' ਮੁੱਖ ਮੰਤਰੀ ਨਾਲੋਂ ਸਾਰੇ ਪੰਜਾਬੀਆਂ ਦਾ ਚਹੇਤਾ ਮੁੱਖ ਮੰਤਰੀ ਬਣ ਕੇ ਵਿਖਾਣਾ ਹੋਵੇਗਾ | ਕੰਮ ਔਖਾ ਹੈ ਪਰ ਅਸੰਭਵ ਨਹੀਂ, ਜੇ ਉਹ ਫ਼ੈਸਲਾ ਲੈ ਲੈਣ ਕਿ ਸਾਰਿਆਂ ਨੂੰ ਨਾਲ ਲੈ ਕੇ ਚਲਣਾ ਹੈ ਤੇ 'ਨਿਸਚੇ ਕਰ ਅਪਨੀ ਜੀਤ' ਪ੍ਰਾਪਤ ਕਰ ਕੇ ਰਹਿਣਾ ਹੈ |