ਪਿੰਡ ਸ਼ੁਤਰਾਣਾ 'ਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ

ਏਜੰਸੀ

ਖ਼ਬਰਾਂ, ਪੰਜਾਬ

ਪਿੰਡ ਸ਼ੁਤਰਾਣਾ 'ਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ

image

ਪੁਲਿਸ ਵਲੋਂ ਗ੍ਰੰਥੀ ਦੇ ਪਰਵਾਰ ਸਮੇਤ ਤਾਂਤਰਿਕ ਕਾਬੂ, ਮੁਕੱਦਮਾ ਦਰਜ

ਪਟਿਆਲਾ, 19 ਸਤੰਬਰ (ਦਲਜਿੰਦਰ ਸਿੰਘ ਪੱਪੀ) : ਸਬ-ਡਵੀਜ਼ਨ ਪਾਤੜਾਂ ਦੇ ਪਿੰਡ ਸ਼ੁਤਰਾਣਾ ਦੀ ਪੰਚਾਇਤ ਡੇਰਾ ਗੋਬਿੰਦਪੁਰਾ 'ਚ ਕੁੱਝ ਦਿਨ ਪਹਿਲਾਂ ਪਿੰਡ ਦੇ ਹੀ ਗ੍ਰੰਥੀ ਸਿੰਘ ਜੋ ਇਸ ਸਮੇਂ ਨਾਲ ਦੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਬਤੌਰ ਹੈੱਡ ਗ੍ਰੰਥੀ ਦੀ ਸੇਵਾ ਨਿਭਾ ਰਿਹਾ ਹੈ, ਦੇ ਪਰਵਾਰਕ ਮੈਂਬਰਾਂ ਵਲੋਂ ਇੱਕ ਤਾਂਤਰਿਕ ਨੂੰ  ਅਪਣੇ ਘਰ ਬੁਲਾ ਕੇ ਦੇਰ ਰਾਤ ਤਕ ਪਾਖੰਡਵਾਦ ਕਰਨ ਉਪਰੰਤ ਘਰ ਵਿਚ ਸੁਸ਼ੋਭਿਤ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਕਰ ਕੇ ਘਰ ਦੇ ਸਾਹਮਣੇ ਲੰਘਦੀ ਗੰਦੇ ਪਾਣੀ ਵਾਲੀ ਨਾਲੀ ਵਿਚ ਸੁਟਵਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | 
ਥਾਣਾ ਸ਼ੁਤਰਾਣਾ ਵਿਖੇ ਦੋਸ਼ੀਆਂ ਵਿਰੁਧ ਕਾਰਵਾਈ ਕਰਦੇ ਹੋਏ ਵੱਖ-ਵੱਖ ਧਰਾਵਾਂ ਤਹਿਤ ਮੁਕਦੱਮਾ ਦਰਜ ਕਰਨ ਉਪਰੰਤ ਛਾਪੇਮਾਰੀ ਕਰ ਕੇ ਕਾਬੂ ਕੀਤੇ ਗਏ ਸ਼ੱਕੀ ਦੋਸ਼ੀਆਂ ਤੋਂ ਮੁੱਢਲੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ |
ਇਸ ਸਬੰਧੀ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸਬ-ਡਵੀਜ਼ਨ ਪਾਤੜਾਂ ਦੇ ਡੀਐਸਪੀ ਬੂਟਾ ਸਿੰਘ ਨੇ ਦਸਿਆ ਕਿ ਗੋਬਿੰਦਪੁਰਾ (ਸ਼ੁਤਰਾਣਾ) ਦੇ ਵਸਨੀਕ ਗ੍ਰੰਥੀ ਸਿੰਘ ਅਮਰੀਕ ਸਿੰਘ ਜੋ ਕਿ ਨਾਲ ਦੇ ਪਿੰਡ ਜੈਖਰ ਦੇ ਗੁਰਦੁਆਰਾ ਸਾਹਿਬ ਵਿਚ ਬਤੌਰ ਹੈੱਡ ਗ੍ਰੰਥੀ ਅਪਣੀਆਂ ਸੇਵਾਵਾਂ ਨਿਭਾ ਰਿਹਾ ਹੈ, ਦੇ ਪਰਵਾਰ ਵਲੋਂ ਕੱੁਝ ਦਿਨ ਪਹਿਲਾਂ ਅਪਣੇ ਘਰ ਵਿਚ ਬੁਲਾਏ ਗਏ ਤਾਂਤਰਿਕ ਰਾਹੀਂ ਪਾਖੰਡਵਾਦ ਕਰਨ ਉਪਰੰਤ ਘਰ ਅੰਦਰ ਸੁਸ਼ੋਭਿਤ ਸ੍ਰੀ ਗੁਟਕਾ ਸਾਹਿਬ ਨੂੰ  ਘਰ ਤੋਂ ਬਾਹਰ ਗੰਦੇ ਪਾਣੀ ਦੀ ਨਾਲੀ ਵਿੱਚ ਸੁਟਵਾ ਦਿੱਤਾ ਗਿਆ | ਇਸ ਘਟਨਾ ਦੀ ਸੂਚਨਾ ਪਿੰਡ ਦੇ ਹੀ 12 ਸਾਲਾਂ ਬੱਚੇ ਅਕਾਸ਼ਦੀਪ ਸਿੰਘ ਨੇ ਗੁਟਕਾ ਸਾਹਿਬ ਨੂੰ  ਆਦਰ ਸਾਹਿਤ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਗੁਰਧਿਆਨ ਸਿੰਘ ਨੂੰ  ਸੌਂਪਿਆ ਗਿਆ ਤਾਂ ਗ੍ਰੰਥੀ ਸਿੰਘ ਵਲੋਂ ਗੁਟਕਾ ਸਾਹਿਬ ਦੀ ਦੁਬਾਰਾ ਬੇਅਦਬੀ ਕਰਦਿਆਂ ਸਾਂਭ-ਸੰਭਾਲ ਤੋਂ ਇਨਕਾਰ ਕਰਦੇ ਹੋਏ ਉਸੇ ਬੱਚੇ ਰਾਹੀਂ ਵਾਪਸ ਗੁਟਕਾ ਸਾਹਿਬ ਨੂੰ  ਉਸੇ ਘਰ ਵਾਪਸ ਭੇਜ ਦਿਤਾ ਜਿਥੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ | ਜਦੋਂ ਗ੍ਰੰਥੀ ਸਿੰਘ ਦੀ ਛੱਤ ਤੇ ਚੜ੍ਹ ਕੇ ਦੇਖਿਆ ਗਿਆ ਤਾਂ ਉਥੇ ਅਖੌਤੀ ਰਹਿਬਰਾਂ ਦੀ ਤਸਵੀਰਾਂ ਲਗਾ ਕੇ ਹਵਨ ਕਰਨ ਵਾਲੀ ਜਗ੍ਹਾ ਬਣੀ ਹੋਈ ਮਿਲੀ |
ਬੇਅਦਬੀ ਦੀ ਸੂਚਨਾ ਮਿਲਦੇ ਸਾਰ ਹੀ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਲੋਂ ਇਸ ਘਟਨਾ ਦੀ ਸੂਚਨਾ ਥਾਣਾ ਸ਼ੁਤਰਾਣਾ ਦੇ ਪੁਲਿਸ ਅਧਿਕਾਰੀਆਂ ਨੂੰ  ਦਿਤੀ ਗਈ ਜਿਸ ਉਪਰੰਤ ਪੁਲਿਸ ਵਲੋਂ ਸਖ਼ਤ ਕਾਰਵਾਈ ਕਰਦਿਆਂ ਕੱੁਝ ਕਥਿਤ ਦੋਸ਼ੀਆਂ ਨੂੰ  ਕਾਬੂ ਕਰ ਕੇ ਮੁੱਢਲੀ ਜਾਂਚ ਪੜਤਾਲ ਉਪਰੰਤ ਦੋਸ਼ੀਆਂ ਵਿਰੁਧ ਐਫ਼.ਆਈ.ਆਰ. ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ | 
ਘਟਨਾ ਦੀ ਜਾਣਕਾਰੀ ਮਿਲਦੇ ਹੀ ਅਮਰੀਕ ਸਿੰਘ ਅਜਨਾਲਾ ਨੇ ਵੀ ਉਸ ਜਗ੍ਹਾ ਦਾ ਸਰਵੇਖਣ ਕੀਤਾ ਜਿਥੇ ਗੁਟਕਾ ਸਾਹਿਬ ਸੁਟਿਆ ਗਿਆ ਸੀ ਅਤੇ ਕਿਹਾ ਕਿ ਸਿੱਖਾਂ ਨੂੰ  ਗੁਰੂ ਘਰਾਂ ਵਿਚ ਪੜ੍ਹੇ-ਲਿਖੇ ਪਾਠੀ ਹੀ ਰਖਣੇ ਚਾਹੀਦੇ ਹਨ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਮੈਂਬਰ ਜਥੇਦਾਰ ਨਿਰਮਲ ਸਿੰਘ ਹਰਿਆਊ ਵਲੋਂ ਘਟਨਾ ਵਾਲੀ ਥਾਂ ਦਾ ਦੌਰਾ ਕਰਨ ਉਪਰੰਤ ਪ੍ਰਸ਼ਾਸਨ ਨੂੰ  ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਲਈ ਕਿਹਾ ਗਿਆ |