Patiala News : ਵਿਜੀਲੈਂਸ ਵੱਲੋਂ 20 ਹਜ਼ਾਰ ਨਕਦ ਅਤੇ 30 ਹਜ਼ਾਰ ਰੁਪਏ ਦਾ ਚੈੱਕ ਰਿਸ਼ਵਤ ਵਜੋਂ ਲੈਂਦੀ ਔਰਤ ਕਾਬੂ ,ਸਹਿ-ਮੁਲਜ਼ਮ ਫਰਾਰ
ਦੋਵਾਂ ਨੇ ਸ਼ਿਕਾਇਤਕਰਤਾ ਤੋਂ ਤਬਾਦਲਾ ਕਰਵਾਉਣ ਬਦਲੇ ਮੰਗੀ ਸੀ ਰਿਸ਼ਵਤ
Patiala News : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਸ਼ੁੱਕਰਵਾਰ ਨੂੰ ਇੱਕ ਔਰਤ ਡਿੰਪਲ, ਪਤਨੀ ਨਾਇਬ ਸਿੰਘ, ਵਾਸੀ ਧੋਬੀ ਘਾਟ, ਪਟਿਆਲਾ ਨੂੰ 20,000 ਨਕਦ ਅਤੇ 30,000 ਰੁਪਏ ਦਾ ਚੈੱਕ ਰਿਸ਼ਵਤ ਵਜੋਂ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਕੇਸ ਵਿੱਚ ਉਸਦਾ ਸਹਿ-ਮੁਲਜ਼ਮ ਅਜੈ ਗੋਇਲ ਫਰਾਰ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਔਰਤ ਨੂੰ ਰਾਕੇਸ਼ ਕੁਮਾਰ ਵਾਸੀ ਗੁਰੂ ਨਾਨਕ ਨਗਰ, ਪਟਿਆਲਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫਤਾਰ ਕੀਤਾ ਗਿਆ ਹੈ।
ਉਸਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੱਸਿਆ ਹੈ ਕਿ ਉਸਦੀ ਸਾਲੀ ਪੂਨਮ ਅਰੋੜਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਪਟਿਆਲਾ ਵਿੱਚ ਅੱਪਰ ਡਿਵੀਜ਼ਨ ਕਲਰਕ ਵਜੋਂ ਸੇਵਾ ਨਿਭਾ ਰਹੀ ਹੈ। ਉਸ ਨੂੰ ਮੁੱਖ ਦਫ਼ਤਰ ਪੀ.ਐਸ.ਪੀ.ਸੀ.ਐਲ. ਪਟਿਆਲਾ ਤੋਂ ਸੁਪਰਡੈਂਟ ਇੰਜੀਨੀਅਰ, ਪੀ.ਐਸ.ਪੀ.ਸੀ.ਐਲ. ਦੇ ਦਫ਼ਤਰ ਨੇੜੇ 23 ਨੰਬਰ ਫਾਟਕ, ਪਟਿਆਲਾ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ।
ਸ਼ਿਕਾਇਤਕਰਤਾ ਨੂੰ ਮੁਲਜ਼ਮ ਅਤੇ ਉਸ ਦੇ ਸਾਥੀ ਅਜੈ ਗੋਇਲ, ਵਾਸੀ ਰਾਮ ਬਾਗ ਕਲੋਨੀ, ਪਟਿਆਲਾ ਨੇ ਸੰਪਰਕ ਕੀਤਾ। ਉਨ੍ਹਾਂ ਸ਼ਿਕਾਇਤਕਰਤਾ ਤੋਂ ਤਬਾਦਲਾ ਕਰਵਾਉਣ ਸਬੰਧੀ 2 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਤੇ ਕਿਹਾ ਕਿ ਉਨ੍ਹਾਂ ਦੇ ਪੀਐਸਪੀਸੀਐਲ ਦੇ ਸੀਨੀਅਰ ਅਧਿਕਾਰੀਆਂ ਨਾਲ ਚੰਗੇ ਸਬੰਧ ਹਨ।
ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਬਾਅਦ ਵਿੱਚ ਉਹ 50,000 ਰੁਪਏ ਰਿਸ਼ਵਤ ਲੈਣ ਲਈ ਰਾਜ਼ੀ ਹੋ ਗਏ, ਪਰ ਉਨ੍ਹਾਂ ਵੱਲੋਂ 20,000 ਰੁਪਏ ਨਕਦ ਅਤੇ 30,000 ਰੁਪਏ ਚੈੱਕ ਜ਼ਰੀਏ ਲੈਣ ਦੀ ਮੰਗ ਰੱਖੀ ਗਈ।
ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਮੁਲਜ਼ਮ ਔਰਤ ਡਿੰਪਲ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਸਹਿ-ਮੁਲਜ਼ਮ ਅਜੇ ਗੋਇਲ ਫਰਾਰ ਹੈ। ਇਸ ਸਬੰਧੀ ਦੋਵਾਂ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਰੇਂਜ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।