Punjab, Haryana, ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ’ਚ 35 ਥਾਂਵਾਂ ’ਤੇ ਇਨਕਮ ਟੈਕਸ ਦੀ ਰੇਡ
ਚੰਡੀਗੜ੍ਹ ਅਤੇ ਸ਼ਿਮਲਾ ਦੀਆਂ ਟੀਮਾਂ ਨੇ 15 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
Income Tax raids news : ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ’ਚ 35 ਥਾਵਾਂ ’ਤੇ ਇਨਕਮ ਟੈਕਸ ਵਿਭਾਗ ਵੱਲੋਂ ਰੇਡ ਕੀਤੀ ਗਈ। ਇਹ ਕਾਰਵਾਈ ਬੀਤੇ ਐਤਵਾਰ ਨੂੰ ਭਾਰਤ-ਪਾਕਿਸਤਾਨ ਦਰਮਿਆਨ ਖੇਡੇ ਗਏ ਏਸ਼ੀਆ ਕੱਪ ਦੇ ਕ੍ਰਿਕਟ ਮੈਚ ਦੌਰਾਨ ਔਨਲਾਈਨ ਸੱਟੇਬਾਜ਼ੀ ਦੇ ਮਾਮਲੇ ’ਚ ਕੀਤੀ ਗਈ। ਆਮਦਨ ਕਰ ਵਿਭਾਗ ਦੀਆਂ ਚੰਡੀਗੜ੍ਹ ਅਤੇ ਸ਼ਿਮਲਾ ਟੀਮਾਂ ਨੇ ਇੱਕ ਸਾਂਝਾ ਆਪ੍ਰੇਸ਼ਨ ਕੀਤਾ ਅਤੇ ਚੰਡੀਗੜ੍ਹ, ਹਰਿਆਣਾ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ 35 ਥਾਵਾਂ ’ਤੇ ਛਾਪੇਮਾਰੀ ਕੀਤੀ। ਆਪ੍ਰੇਸ਼ਨ ਐਂਡ ਗੇਮ ਨਾਮਕ ਇਸ ਆਪ੍ਰੇਸ਼ਨ ਨੇ 300 ਕਰੋੜ ਤੋਂ ਵੱਧ ਦੇ ਰੈਕੇਟ ਦਾ ਪਰਦਾਫਾਸ਼ ਕੀਤਾ। ਇਸ ਮਾਮਲੇ ਦੇ ਸਬੰਧ ਵਿੱਚ 15 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਨੈੱਟਵਰਕ ਵਰਲਡ-777, ਡਾਇਮੰਡ ਐਕਸਚੇਂਜ ਅਤੇ 10-ਐਕਸ ਬੈਟ ਐਪ ਰਾਹੀਂ ਕ੍ਰਿਕਟ, ਕਾਰ ਰੇਸਿੰਗ ਅਤੇ ਰਾਜਨੀਤਿਕ ਸਮਾਗਮਾਂ ’ਤੇ ਸੱਟਾ ਲਗਵਾ ਰਿਹਾ ਸੀ। ਭਾਰਤ-ਪਾਕਿਸਤਾਨ ਮੈਚ ’ਤੇ 50 ਕਰੋੜ ਦਾ ਦਾ ਸੱਟਾ ਲਗਾਇਆ ਗਿਆ ਸੀ। ਇਹ ਨੈੱਟਵਰਕ ਦੁਬਈ ਅਤੇ ਅਰਮੇਨੀਆ ਤੋਂ ਕੰਮ ਕਰ ਰਿਹਾ ਸੀ। ਮੁਲਜ਼ਮਾਂ ਨੇ ਹਵਾਲਾ ਰਾਹੀਂ ਕਰੋੜਾਂ ਰੁਪਏ ਵਿਦੇਸ਼ ਭੇਜਣ ਦੀ ਯੋਜਨਾ ਬਣਾਈ ਸੀ।
ਛਾਪੇਮਾਰੀ ਦੌਰਾਨ ਕਰੋੜਾਂ ਰੁਪਏ ਦੇ ਗਹਿਣੇ, ਲਗਜ਼ਰੀ ਕਾਰਾਂ, ਇਲੈਕਟ੍ਰਾਨਿਕ ਡਿਵਾਇਸ ਅਤੇ ਸਰਵਰ ਜ਼ਬਤ ਕੀਤੇ ਗਏ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੈਟਿੰਗ ਐਪਸ ’ਤੇ ਲਾਈਵ ਕੈਸਿਨੋ ਵੀਡੀਓ ਅਤੇ ਕੁੜੀਆਂ ਰਾਹੀਂ ਆਨਲਾਈਨ ਵੀਡੀਓ ਦਿਖਾ ਕੇ ਲੋਕਾਂ ਨੂੰ ਜ਼ਿਆਦਾ ਪੈਸੇ ਲਗਾਉਣ ਲਈ ਉਕਸਾਇਆ ਜਾਂਦਾ ਸੀ।