ਅੰਦੋਲਨਾਂ ਦੌਰਾਨ ਕਿਸਾਨਾਂ 'ਤੇ ਬਣੇ ਕੇਸ ਦੀਵਾਲੀ ਤੋਂ ਪਹਿਲਾਂ ਵਾਪਸ ਹੋਣਗੇ

ਏਜੰਸੀ

ਖ਼ਬਰਾਂ, ਪੰਜਾਬ

ਅੰਦੋਲਨਾਂ ਦੌਰਾਨ ਕਿਸਾਨਾਂ 'ਤੇ ਬਣੇ ਕੇਸ ਦੀਵਾਲੀ ਤੋਂ ਪਹਿਲਾਂ ਵਾਪਸ ਹੋਣਗੇ

image

ਮੰਤਰੀ ਕਮੇਟੀ ਨੇ ਕਿਸਾਨ ਆਗੂਆਂ ਨੂੰ ਦਿਤਾ ਭਰੋਸਾ, ਹੋਰ ਕਈ ਮੰਗਾਂ ਬਾਰੇ ਵੀ ਹਾਂ ਪੱਖੀ ਹੁੰਗਾਰਾ ਦਿਤਾ

ਚੰਡੀਗੜ੍ਹ, 19 ਅਕਤੂਬਰ (ਗੁਰਉਪਦੇਸ਼ ਭੁੱਲਰ): ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਪਿਛਲੇ ਸਮੇਂ ਵਿਚ ਕੋਵਿਡ-19 ਸੰਕਟ ਦੇ ਚਲਦੇ ਅਤੇ ਹੋਰ ਵੱਖ ਵੱਖ ਐਕਸ਼ਨਾਂ ਦੌਰਾਨ ਪੁਲਿਸ ਵਲੋਂ ਦਰਜ ਸਾਰੇ ਕੇਸ ਦੀਵਾਲੀ ਤੋਂ ਪਹਿਲਾਂ ਵਾਪਸ ਲੈ ਲਏ ਜਾਣਗੇ। ਇਹ ਭਰੋਸਾ ਪੰਜਾਬ ਦੇ ਮੰਤਰੀਆਂ ਦੀ ਕਿਸਾਨਾਂ ਨਾਲ ਗੱਲਬਾਤ ਲਈ ਗਠਤ ਕਮੇਟੀ ਵਲੋਂ ਅੱਜ ਪੰਜਾਬ ਭਵਨ ਵਿਚ ਹੋਈ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਨਾਲ ਮੀਟਿੰਗ ਵਿਚ ਦਿਤਾ। ਇਸ ਤੋਂ ਇਲਾਵਾ ਕੇਂਦਰੀ ਖੇਤੀ ਬਿਲਾਂ ਨੂੰ ਵਿਧਾਨ ਸਭਾ ਵਿਚ ਰੱਦ ਕਰਨ ਬਾਰੇ ਵੀ ਮੰਤਰੀ ਕਮੇਟੀ ਨੇ ਕਿਸਾਨ ਆਗੂਆਂ ਨੂੰ ਹਾਂ ਪੱਖੀ ਭਰੋਸਾ ਦਿਤਾ ਪਰ ਪ੍ਰਸਤਾਵਤ ਬਿਜਲੀ ਐਕਟ ਦੇ ਆਉਣ ਵਾਲੇ ਆਰਡੀਨੈਂਸ ਬਾਰੇ ਕੋਈ ਠੋਸ ਭਰੋਸਾ ਨਹੀਂ ਮਿਲਿਆ। ਕਿਸਾਨਾਂ ਦੀਆਂ ਹੋਰ ਮੰਗਾਂ ਜਿਨ੍ਹਾਂ ਵਿਚ ਮੁਕੰਮਲ ਕਰਜ਼ਾ ਮਾਫ਼ੀ ਦਾ ਵਾਅਦਾ ਤੇ ਖ਼ੁਦਕੁਸ਼ੀ, ਪੀੜਤ ਕਿਸਾਨਾਂ ਦੇ ਪ੍ਰਵਾਰਾਂ ਦੇ ਮੁਆਵਜ਼ੇ ਤੇ ਹੋਰ ਸਹਾਇਤਾ ਬਾਰੇ ਮਾਮਲਿਆਂ ਬਾਰੇ ਵੀ ਚਰਚਾ ਦੌਰਾਨ ਕਮੇਟੀ ਨੇ ਇਨ੍ਹਾਂ 'ਤੇ ਵਿਚਾਰ ਕਰ ਕੇ ਛੇਤੀ ਨਿਪਟਾਰੇ ਦੀ ਗੱਲ ਵੀ ਆਖੀ ਹੈ। ਇਸ ਮੀਟਿੰਗ ਵਿਚ ਸ਼ਾਮਲ ਕਿਸਾਨ ਆਗੂਆਂ ਵਿਚ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਵੇਛਾ ਸਿੰਘ ਜੇਠੂਕੇ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ, ਔਰਤ ਨੇਤਾਵਾਂ ਹਰਿੰਦਰ ਕੌਰ ਬਿੰਦੂ ਤੇ ਪਰਮਜੀਤ ਕੌਰ ਪਿੱਥੋ ਆਦਿ ਸ਼ਾਮਲ ਸਨ।