ਜਦੋਂ ਖਹਿਰਾ ਨੂੰ ਢੀਂਡਸਾ ਅਪਣੀ ਗੱਡੀ ਵਿਚ ਬਿਠਾ ਕੇ ਲੈ ਗਏ...
ਨਵੇਂ ਸਿਆਸੀ ਸਮੀਕਰਨ ਬਣਨ ਦੀ ਛਿੜੀ ਚਰਚਾ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਅੱਜ ਪੰਜਾਬ ਵਿਧਾਨ ਸਭਾ ਸੈਸ਼ਨ ਵਿਚ ਆਪ ਦੇ ਬਾਗ਼ੀ ਨੇਤਾ ਤੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਕਾਫ਼ੀ ਸਮੇਂ ਬਾਅਦ ਵਿਧਾਨ ਸਭਾ ਸੈਸ਼ਨ ਵਿਚ ਸ਼ਾਮਲ ਹੋਏ। ਬਣ ਰਹੇ ਨਵੇਂ ਸਿਆਸੀ ਸਮੀਕਰਨਾਂ ਬਾਰੇ ਉਸ ਸਮੇਂ ਚਰਚਾ ਛਿੜ ਗਈ ਜਦ ਸੁਖਪਾਲ ਸਿੰਘ ਖਹਿਰਾ ਨੂੰ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਅਪਣੀ ਗੱਡੀ ਵਿਚ ਬਿਠਾ ਕੇ ਲੈ ਗਏ।
ਜਦੋਂ ਇਸ ਮੌਕੇ ਢੀਂਡਸਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਖਹਿਰਾ ਇਕ ਸਮਝਦਾਰ ਸਿਆਸਤਦਾਨ ਹੈ। ਉਨ੍ਹਾਂ ਕਿਹਾ ਕਿ ਸਿਆਸੀ ਸਮੀਕਰਨ ਸਮੇਂ ਅਨੁਸਾਰ ਬਦਲਦੇ ਰਹਿੰਦੇ ਹਨ ਤੇ ਹਮਖ਼ਿਆਲੀ ਲੋਕਾਂ ਦੀ ਪੰਜਾਬ ਦੇ ਹਿਤ ਵਿਚ ਏਕਤਾ ਜ਼ਰੂਰੀ ਹੈ। ਖਹਿਰਾ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਗੱਡੀ ਭੀੜ ਕਾਰਨ ਇਧਰ ਉਧਰ ਫਸ ਗਈ ਜਿਸ ਕਰ ਕੇ ਮੈਂ ਢੀਂਡਸਾ ਕੋਲੋਂ ਲਿਫ਼ਟ ਲਈ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਸਮੇਂ ਪੰਜਾਬ ਨੂੰ ਖੇਤਰੀ ਧਿਰ ਦੀ ਲੋੜ ਹੈ ਜਿਸ ਵਿਚ ਪੰਜਾਬ ਲਈ ਸੋਚਣ ਵਾਲੇ ਲੋਕ ਇਕੱਠੇ ਹੋਣ। ਅੱਜ ਦੇ ਸੈਸ਼ਨ ਦੀ ਕਾਰਵਾਈ ਬਾਰੇ ਵੀ ਦੋਹਾਂ ਨੇਤਾਵਾਂ ਦੀ ਇਕੋ ਹੀ ਸੁਰ ਸੀ। ਉਨ੍ਹਾਂ ਕਾ ਕਿ ਇਹ ਸੈਸ਼ਨ ਖੇਤੀ ਬਿਲ ਬਾਰੇ ਵਿਸ਼ੇਸ਼ ਸੀ ਪਰ ਅੱਜ ਇਹ ਪੇਸ਼ ਨਾ ਕਰ ਕੇ ਪੈਸਾ ਤੇ ਸਮਾਂ ਹੀ ਬਰਬਾਦ ਕੀਤਾ ਗਿਆ ਹੈ ਤੇ ਇਕ ਦਿਨ ਦਾ ਸੈਸ਼ਨ ਵਧਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸੈਸ਼ਨ ਵਿਚ ਖੇਤੀ ਬਿਲ ਹੀ ਤਰਜੀਹੀ ਆਧਾਰ ਤੇ ਅੱਜ ਪੇਸ਼ ਹੋਣਾ ਚਾਹੀਦਾ ਸੀ।