ਹਾਥਰਸ ਜਬਰ ਜਨਾਹ ਤੇ ਸਕਾਲਰਸ਼ਿਪ ਘਪਲਾ ਮਾਮਲੇ 'ਚ ਧਰਨਾ ਜਾਰੀ, ਆਵਾਜਾਈ ਠੱਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਧਰਨੇ 'ਚ ਆਵਾਜਾਈ ਰੋਕ ਕੇ ਕੇਂਦਰ ਸਰਕਾਰ ਉਤਰ ਪ੍ਰਦੇਸ਼ ਸਰਕਾਰ ਅਤੇ ਪੰਜਾਬ ਸਰਕਾਰ ਖਿਲਾਫ ਮੁਜ਼ਾਹਰਾ ਕੀਤਾ ਜਾ ਰਿਹਾ ਹੈ।

Protest

ਅੰਮ੍ਰਿਤਸਰ- ਪੰਜਾਬ ਅਤੇ ਬਾਕੀ ਰਾਜਾਂ 'ਚ ਕਈ ਘਟਨਾਵਾਂ ਨੂੰ ਲੈ ਕੇ ਧਰਨੇ ਲਗਾਤਾਰ ਜਾਰੀ ਹਨ। ਇਸ ਦੇ ਚਲਦੇ ਅੱਜ ਵਾਲਮੀਕਿ ਸੰਤ ਸਮਾਜ ਵਲੋਂ ਉਤਰ ਪ੍ਰਦੇਸ਼ ਵਿਚ ਸਮੂਹਿਕ ਜਬਰ ਜਿਨਾਹ ਹੋਣ ਤੋਂ ਬਾਅਦ ਵਿਰੋਧ ਵਿਚ ਅਤੇ ਸਕਾਲਰਸ਼ਿਪ ਘਪਲੇ ਦੇ ਖਿਲਾਫ ਸਥਾਨਕ ਭੰਡਾਰੀ ਪੁਲ ਤੇ ਧਰਨਾ ਦਿੱਤਾ ਜਾ ਰਿਹਾ ਹੈ। ਇਸ ਧਰਨੇ 'ਚ ਆਵਾਜਾਈ ਰੋਕ ਕੇ ਕੇਂਦਰ ਸਰਕਾਰ ਉਤਰ ਪ੍ਰਦੇਸ਼ ਸਰਕਾਰ ਅਤੇ ਪੰਜਾਬ ਸਰਕਾਰ ਖਿਲਾਫ ਮੁਜ਼ਾਹਰਾ ਕੀਤਾ ਜਾ ਰਿਹਾ ਹੈ।

ਜਾਣੋ ਕੀ ਹੈ ਮਾਮਲਾ --ਹਾਥਰਸ ਸਮੂਹਿਕ ਜਬਰ ਜਨਾਹ|
14 ਸਤੰਬਰ ਨੂੰ ਹਾਥਰਸ ਜ਼ਿਲ੍ਹੇ ਦੇ ਚੰਦਪਾ ਥਾਣਾ ਖੇਤਰ ਦੇ ਇੱਕ ਪਿੰਡ ਵਿੱਚ ਇੱਕ 19 ਸਾਲਾ ਦਲਿਤ ਲੜਕੀ ਨਾਲ ਕਥਿਤ ਤੌਰ ‘ਤੇ ਸਮੂਹਿਕ ਬਲਾਤਕਾਰ ਹੋਇਆ ਸੀ। ਜਦੋਂ ਲੜਕੀ ਖੇਤ 'ਚ ਕੰਮ ਕਰਨ ਗਈ ਤਾਂ ਉਸਦੇ ਘਰ ਦੇ ਕੋਲ ਰਹਿਣ ਵਾਲੇ 4 ਨੌਜਵਾਨਾਂ ਨੇ ਉਸ ਨੂੰ ਉਸ ਦੇ ਦੁੱਪਟੇ ਤੋਂ ਖਿੱਚ ਲਿਆ, ਜਿਸ ਨਾਲ ਉਸ ਦੀ ਗਰਦਨ ਦੀ ਹੱਡੀ ਟੁੱਟ ਗਈ। ਘਿਨਾਉਣੀ ਕਰਤੂਤ ਤੋਂ ਬਾਅਦ ਉਸ 'ਤੇ ਹੱਤਿਆ ਦੇ ਇਰਾਦੇ ਨਾਲ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ। ਸਾਰੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਲੜਕੀ ਨੂੰ ਪਹਿਲਾਂ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ ਹੈ। ਮੌਤ ਤੋਂ ਬਾਅਦ ਪੁਲਿਸ ਨੇ ਰਾਤ ਕਰੀਬ ਤਿੰਨ ਵਜੇ ਲੜਕੀ ਦਾ ਅੰਤਿਮ ਸੰਸਕਾਰ ਕਰ ਦਿੱਤਾ। ਪਰਿਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਲੜਕੀ ਦਾ ਚਿਹਰਾ ਦੇਖਣ ਦੀ ਇਜਾਜ਼ਤ ਨਹੀਂ ਸੀ। ਇਸ ਨੂੰ ਲੈ ਕੇ ਪ੍ਰਸ਼ਾਸਨ 'ਤੇ ਲਗਾਤਾਰ ਸਵਾਲ ਖੜੇ ਕੀਤੇ ਜਾ ਰਹੇ ਹਨ। ਇਸ ਘਟਨਾ ਨੂੰ ਲੈ ਕੇ ਸਾਰੇ ਦੇਸ਼ ਵਿੱਚ ਪ੍ਰਦਰਸ਼ਨ ਕੀਤੇ ਗਏ।