ਵਿਧਾਨ ਸਭਾ ਦੇ ਬਾਹਰ ਅਕਾਲੀ ਦਲ ਦਾ ਪ੍ਰਦਰਸ਼ਨ, ਕਾਂਗਰਸ ਦੇ ਮੈਨੀਫੈਸਟੋ ਦੀ ਸਾੜੀਆਂ ਕਾਪੀਆਂ
ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਮਿਲੀ ਹੋਈ ਹੈ - ਮਜੀਠੀਆ
ਚੰਡੀਗੜ੍ਹ - ਅੱਜ ਵਿਧਾਨ ਸਭਾ ਦੇ ਇਜਲਾਸ ਦਾ ਦੂਜਾ ਦਿਨ ਹੈ ਤੇ ਅੱਜ ਖੇਤੀ ਕਾਨੂੰਨਾਂ ਖਿਲਾਫ਼ ਬਿੱਲ ਪੇਸ਼ ਹੋਵੇਗਾ। ਇਸ ਤੋਂ ਪਹਿਲਾਂ ਅਕਾਲੀ ਦਲ ਵਿਧਾਇਕਾਂ ਨੇ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਕਾਂਗਰਸ ਦੇ ਚੋਣ ਮੈਨੀਫੈਸਟੋ ਦੀਆਂ ਕਾਪੀਆਂ ਸਾੜੀਆਂ ਗਈਆਂ। ਅਕਾਲੀ ਦਲ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਮਿਲੀ ਹੋਈ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਦਾ ਕਹਿਣਾ ਹੈ ਕਿ ਉਹਨਾਂ ਨੂੰ ਅਜੇ ਤੱਕ ਪੇਸ਼ ਹੋਣ ਵਾਲੇ ਬਿੱਲ ਦੀਆਂ ਕਾਪੀਆਂ ਨਹੀਂ ਦਿੱਤੀਆਂ ਗਈਆਂ ਤੇ ਸਰਕਾਰ ਦਾ ਹੁਣ ਮਕਸਦ ਇਹ ਹੈ ਕਿ ਆਖਰੀ ਟਾਈਮ 'ਤੇ ਬਿੱਲ ਲਿਆ ਕੇ ਪਾਸ ਕਰ ਦਿੱਤਾ ਜਾਵੇ ਤੇ ਕਿਸੇ ਨੂੰ ਕੁੱਝ ਕਹਿਣ ਦਾ ਮੌਕਾ ਨਾ ਦਿੱਤਾ ਜਾਵੇ। ਇਸ ਦੇ ਨਾਲ ਹੀ ਦੱਸ ਦਈਏ ਕਿ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦਾ ਵੀ ਕਹਿਣਾ ਹੈ ਕਿ ਜੇ ਪੰਜਾਬ ਸਰਕਾਰ ਕਿਸਾਨਾਂ ਲਈ ਵਧੀਆ ਬਿੱਲ ਪੇਸ਼ ਕਰਨ ਜਾ ਰਹੀ ਹੈ
ਤਾਂ ਸਭ ਦੀ ਸਹਿਮਤੀ ਨਾਲ ਹੋਣਾ ਚਾਹੀਦਾ ਹੈ ਤੇ ਸਾਰੇ ਮੈਂਬਰਾਂ ਨੂੰ ਉਸ ਦੀਆਂ ਕਾਪੀਆਂ ਮਿਲਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਕੱਲ੍ਹ ਮਨਪ੍ਰੀਤ ਬਾਦਲ ਨੇ ਵਿਧਾਨ ਸਭਾ ਵਿਚ ਵਿਸ਼ਵਾਸ ਦਿਲਵਾਇਆ ਸੀ ਕਿ ਸ਼ਾਮ 5 ਵਜੇ ਤੱਕ ਸਾਰੇ ਮੈਂਬਰਾਂ ਨੂੰ ਬਿੱਲ ਦੀਆਂ ਕਾਪੀਆਂ ਮਿਲ ਜਾਣਗੀਆਂ ਪਰ ਅਜੇ ਤੱਕ ਕਿਸੇ ਵੀ ਮੈਂਬਰ ਕੋਲ ਕੋਈ ਕਾਪੀ ਨਹੀਂ ਪਹੁੰਚੀ।