ਕਿਸਾਨੀ ਸੰਘਰਸ਼ ਨੂੰ ਰਾਜਨੀਤਕ ਅਤਿਵਾਦ ਦੱਸਣ ਵਾਲੇ ਭਾਜਪਾਈਆਂ ਨੂੰ ਕਿਸਾਨਾਂ ਨੇ ਵੰਗਾਰਿਆ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨੀ ਸੰਘਰਸ਼ ਨੂੰ ਰਾਜਨੀਤਕ ਅਤਿਵਾਦ ਦੱਸਣ ਵਾਲੇ ਭਾਜਪਾਈਆਂ ਨੂੰ ਕਿਸਾਨਾਂ ਨੇ ਵੰਗਾਰਿਆ

image

ਕਿਹਾ, ਟੀਵੀ ਚੈਨਲਾਂ ਤੇ ਖੇਤੀ ਕਾਨੂੰਨਾਂ ਨੂੰ ਸਹੀ ਦਰਸਾਉਣ ਵਾਲੇ ਪਿੰਡਾਂ 'ਚ ਵੜ ਕੇ ਦੇਖਣ

ਸੁਨਾਮ ਊਧਮ ਸਿੰਘ ਵਾਲਾ, 19 ਅਕਤੂਬਰ (ਦਰਸ਼ਨ ਸਿੰਘ ਚੌਹਾਨ) : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਖੇਤੀ ਕਾਨੂੰਨਾਂ ਵਿਰੁਧ ਇਥੇ ਭਾਜਪਾ ਦੇ ਚੋਣਵੇਂ ਆਗੂਆਂ ਵਿਨੋਦ ਗੁਪਤਾ ਅਤੇ ਰਿਸ਼ੀਪਾਲ ਖੇਰਾ ਦੇ ਘਰਾਂ ਅਤੇ ਦਫ਼ਤਰਾਂ ਤੋਂ ਇਲਾਵਾ ਪਟਰੌਲ ਪੰਪਾਂ 'ਤੇ ਧਰਨੇ ਦੇ ਰਹੇ ਕਿਸਾਨਾਂ ਨੇ ਕਿਸਾਨੀ ਸੰਘਰਸ਼ ਨੂੰ ਰਾਜਨੀਤਕ ਅਤਿਵਾਦ ਦੱਸਣ ਵਾਲੇ ਭਾਜਪਾਈਆਂ ਨੂੰ ਵੰਗਾਰਿਆ ਹੈ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਟੀਵੀ ਚੈਨਲਾਂ ਉਪਰ ਬੈਠ ਕੇ ਖੇਤੀ ਕਾਨੂੰਨਾਂ ਨੂੰ ਸਹੀ ਦੱਸਣ ਵਾਲੇ ਭਾਜਪਾ ਆਗੂ ਪਿੰਡਾਂ ਵਿਚ ਵੜ ਕੇ ਦਿਖਾਉਣ। ਉਨ੍ਹਾਂ ਕਿਹਾ ਕਿ ਕਿਸਾਨੀ ਦੀ ਹੋਂਦ ਬਚਾਉਣ ਲਈ ਇਕ ਮਹੀਨੇ ਤੋਂ ਰੇਲ ਪਟੜੀਆਂ ਅਤੇ ਅਮੀਰ ਘਰਾਣਿਆਂ ਦੇ ਪਟਰੌਲ ਪੰਪਾਂ ਉੱਪਰ ਲਗਾਤਾਰ ਧਰਨੇ ਦੇ ਰਹੇ ਕਿਸਾਨ ਅਪਣੇ ਪਰਵਾਰਾਂ ਸਮੇਤ ਧਰਨਿਆਂ ਵਿਚ ਸ਼ਾਮਲ ਹੋ ਰਹੇ ਹਨ ਪ੍ਰੰਤੂ ਭਾਜਪਾ ਦੇ ਕੁੱਝ ਆਗੂਆਂ ਨੂੰ ਇਹ ਕਿਸਾਨ ਅਤਿਵਾਦੀ ਦਿਸ ਰਹੇ ਹਨ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਦਰਬਾਰਾ ਸਿੰਘ ਛਾਜਲਾ, ਜਸਵੰਤ ਸਿੰਘ ਤੋਲਾਵਾਲ ਅਤੇ ਸੁਖਪਾਲ ਸਿੰਘ ਮਾਣਕ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨ ਕਿਸਾਨਾਂ ਅਤੇ ਮਜ਼ਦੂਰਾਂ ਦੀ ਮੌਤ ਦੇ ਵਾਰੰਟਾਂ ਤੋਂ ਘੱਟ ਨਹੀਂ ਲੇਕਿਨ ਭਾਜਪਾ ਦੇ ਕੁੱਝ ਇਕ ਆਗੂ ਕਿਸਾਨੀ ਦੀ ਹੋਂਦ ਬਚਾਉਣ ਲਈ ਦਿਨ ਰਾਤ ਧਰਨਿਆਂ ਉਤੇ ਬੈਠੇ ਕਿਸਾਨਾਂ ਨੂੰ ਅਤਿਵਾਦੀ ਕਹਿਣ 'ਤੇ ਉਤਾਰੂ ਹੋ ਰਹੇ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਅਜੋਕੇ ਸਮੇਂ ਅਪਣੇ ਬੱਚਿਆਂ ਦੀ ਭੁੱਖ ਅਤੇ ਭਵਿੱਖ ਲਈ ਗੰਭੀਰ ਚਿੰਤਾ ਵਿਚੋਂ ਲੰਘ ਰਿਹਾ ਹੈ, ਕਿਉਂਕਿ ਮੋਦੀ ਸਰਕਾਰ ਨੇ ਜਿਨਸਾਂ ਦੀ ਸਰਕਾਰੀ ਖ਼ਰੀਦ ਦਾ ਰਾਹ ਬੰਦ ਕਰ ਕੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਦੇਣ ਲਈ ਰਾਹ ਪੱਧਰਾ ਕਰ ਦਿਤਾ ਹੈ। ਬੁਲਾਰਿਆਂ ਨੇ ਕਿਹਾ ਕਿ ਕਿਸਾਨ ਆਖਰੀ ਸਾਹ ਤਕ ਅਜਿਹਾ ਕਾਨੂੰਨ ਪੰਜਾਬ ਵਿਚ ਲਾਗੂ ਨਹੀਂ ਹੋਣ ਦੇਣਗੇ। ਇਸ ਮੌਕੇ ਰਾਮਸ਼ਰਨ ਸਿੰਘ ਉਗਰਾਹਾਂ, ਗੋਬਿੰਦ ਸਿੰਘ ਚੱਠੇ, ਪਾਲ ਦੌਲੇਵਾਲਾ, ਗੁਰਮੇਲ ਸਿੰਘ ਸ਼ਾਹਪੁਰ ਸਮੇਤ ਹੋਰਨਾਂ ਕਿਸਾਨ ਆਗੂਆਂ ਨੇ ਕਿਸਾਨਾਂ ਦੇ ਧਰਨਿਆਂ ਨੂੰ ਸੰਬੋਧਨ ਕੀਤਾ।