ਫ਼ੌਜ ਮੁਖੀ ਵਲੋਂ ਜੰਮੂ ’ਚ ਸਰਹੱਦੀ ਇਲਾਕਿਆਂ ਦਾ ਦੌਰਾ

ਏਜੰਸੀ

ਖ਼ਬਰਾਂ, ਪੰਜਾਬ

ਫ਼ੌਜ ਮੁਖੀ ਵਲੋਂ ਜੰਮੂ ’ਚ ਸਰਹੱਦੀ ਇਲਾਕਿਆਂ ਦਾ ਦੌਰਾ

image

ਜੰਮੂ, 19 ਅਕਤੂਬਰ : ਫ਼ੌਜ ਮੁਖੀ ਜਨਰਲ ਐਮ ਐਮ ਨਰਵਣੇ ਨੇ ਮੰਗਲਵਾਰ ਨੂੰ ਜੰਮੂ ਖੇਤਰ ਵਿਚ ਸਰਹੱਦੀ ਰੇਖਾ ਦੇ ਅਗਲੇ ਇਲਾਕਿਆਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੂੰ ਖੇਤਰ ਵਿਚ ਜ਼ਮੀਨੀ ਸਥਿਤੀ ਅਤੇ ਉਥੇ ਚਲ ਰਹੇ ਘੁਸਪੈਠ ਰੋਕੂ ਅਭਿਆਨਾਂ ਦੀ ਜਾਣਕਾਰੀ ਦਿਤੀ ਗਈ। ਜਨਰਲ ਨਰਵਣੇ ਘਾਟੀ ਵਿਚ ਅਤਿਵਾਦੀਆਂ ਹੱਥੋਂ ਆਮ ਨਾਗਰਿਕਾਂ ਦੇ ਕਤਲਾਂ ਦੀਆਂ ਵਧਦੀਆਂ ਘਟਨਾਵਾਂ ਅਤੇ ਪੁੰਛ ਅਤੇ ਰਾਜੌਰੀ ਜ਼ਿਲ੍ਹਿਆਂ ਦੇ ਜੰਗਲਾਂ ਵਿਚ ਚਲ ਰਹੇ ਅਤਿਵਾਦ ਰੋਕੂ ਅਭਿਆਨਾਂ ਵਿਚਾਲੇ ਦੋ ਦਿਨਾਂ ਦੌਰੇ ’ਤੇ ਜੰਮੂ ਪਹੁੰਚੇ ਹਨ। ਅਤਿਵਾਦ ਰੋਕੂ ਅਭਿਆਨ ਵਿਚ ਪਿਛਲੇ ਇਕ ਹਫ਼ਤੇ ਵਿਚ 9 ਜਵਾਨ ਸ਼ਹੀਦ ਹੋ ਗਏ ਹਨ।
  ਭਾਰਤੀ ਫ਼ੌਜ ਦੇ ਵਧੀਕ ਜਨ ਸੂਚਨਾ ਡਾਇਰੈਕਟਰ ਜਨਰਲ ਨੇ ਟਵੀਟ ਕੀਤਾ,‘‘ਫ਼ੌਜ ਮੁਖੀ ਜਨਰਲ ਐਮ ਐਮ ਨਰਵਣੇ ਨੇ ਸਰਹੱਦੀ ਰੇਖਾ ’ਤੇ ਵ੍ਹਾਈਟ ਨਾਈਟ ਕੋਰ ਦੇ ਅਗਾਊ ਇਲਾਕਿਆਂ ਦਾ ਦੌਰਾ ਕੀਤਾ ਅਤੇ ਸਥਿਤੀ ਅਤੇ ਘੁਸਪੈਠ ਰੋਕੂ ਅਭਿਆਨ ਬਾਰੇ ਜਾਣਕਾਰੀ ਲਈ।’’ ਕਸ਼ਮੀਰ ’ਚ ਆਮ ਨਾਗਕਰਕਾਂ ਦੇ ਕਤਲਾਂ ਵਿਚਾਲੇ ਉਪਰਾਜਪਾਲ ਮਨੋਜ ਸਿਨਹਾ ਨੇ ਅਤਿਵਾਦੀਆਂ ਅਤੇ ਉਨ੍ਹਾਂ ਨਾਲ ਹਮਦਰਦੀ ਰੱਖਣ ਵਾਲੇ ਲੋਕਾਂ ਨੂੰ ਸਜ਼ਾ ਦੇ ਕੇ ਖ਼ੂਨ ਦੀ ਇਕ-ਇਕ ਬੂੰਦ ਦਾ ਬਦਲਾ ਲੈਣ ਦਾ ਸੱਦਾ ਦਿਤਾ ਹੈ।
  ਅਧਿਕਾਰੀਆਂ ਨੇ ਦਸਿਆ ਕਿ ਫ਼ੌਜ ਮੁਖੀ ਨੇ ਰਾਜੌਰੀ ਅਤੇ ਪੁੰਛ ਦੇ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕੀਤਾ, ਜਿਥੇ 11 ਅਕਤੂਬਰ ਤੋਂ ਬਾਅਦ ਮੇਂਢਰ, ਸੁਰਨਕੋਟ ਅਤੇ ਥਾਨਾਮੰਡੀ ਦੇ ਜੰਗਲਾਂ ਵਿਚ ਲੁਕੇ ਅਤਿਵਾਦੀਆਂ ਦੀ ਤਲਾਸ਼ ਕਰਨ ਦਾ ਅਭਿਆਨ ਚਲ ਰਿਹਾ ਹੈ। ਯਾਦ ਰਹੇ ਕਿ 11 ਅਕਤੂਬਰ ਨੂੰ ਅਤਿਵਾਦੀਆਂ ਦੇ ਹਮਲੇ ਵਿਚ ਫ਼ੌਜ ਦੇ 5 ਜਵਾਨ ਸ਼ਹੀਦ ਹੋ ਗਏ ਸਨ, ਜਦੋਂਕਿ ਬੀਤੇ ਵੀਰਵਾਰ ਨੂੰ ਮੇਂਢਰ ਵਿਚ ਅਤਿਵਾਦੀਆਂ ਨਾਲ ਮੁਠਭੇੜ ਵਿਚ ਚਾਰ ਜਵਾਨ ਸ਼ਹੀਦ ਹੋ ਗਏ। ਅਤਿਵਾਦੀਆਂ ਦੀ ਤਲਾਸ਼ ਲਈ ਅਭਿਆਨ ਮੰਗਲਵਾਰ ਨੌਵੇਂ ਦਿਨ ਵੀ ਜਾਰੀ ਰਿਹਾ। (ਏਜੰਸੀ)