ਕੈਪਟਨ ਅਮਰਿੰਦਰ ਸਿੰਘ ਅਪਣੀ ਪਾਰਟੀ ਬਣਾਉਣਗੇ

ਏਜੰਸੀ

ਖ਼ਬਰਾਂ, ਪੰਜਾਬ

ਕੈਪਟਨ ਅਮਰਿੰਦਰ ਸਿੰਘ ਅਪਣੀ ਪਾਰਟੀ ਬਣਾਉਣਗੇ

image

ਭਾਜਪਾ ਤੋਂ ਇਲਾਵਾ ਸ਼ੋ੍ਰਮਣੀ ਅਕਾਲੀ ਦਲ ਤੋਂ ਵੱਖ ਹੋਏ ਢੀਂਡਸਾ ਤੇ ਬ੍ਰਹਮਪੁਰਾ ਨਾਲ ਵੀ ਗਠਜੋੜ ਦੀ ਗੱਲ ਆਖੀ
ਚੰਡੀਗੜ੍ਹ, 19 ਅਕਤੂਬਰ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਪਣੀ ਨਵੀਂ ਪਾਰਟੀ ਬਣਾਉਣਗੇ | ਇਸ ਦੀ ਪੁਸ਼ਟੀ ਉਨ੍ਹਾਂ ਅੱਜ ਖ਼ੁਦ ਇਕ ਅੰਗਰੇਜ਼ੀ ਵੈਬ ਚੈਨਲ ਨਾਲ ਇੰਟਰਵਿਊ ਵਿਚ ਕੀਤੀ ਹੈ | ਉਨ੍ਹਾਂ ਨਵੀਂ ਪਾਰਟੀ ਦੇ ਹੋਰਨਾਂ ਪਾਰਟੀਆਂ ਨਾਲ ਤਾਲਮੇਲ ਬਾਰੇ ਵੀ ਕਿਹਾ ਕਿ ਭਾਜਪਾ ਤੋਂ ਇਲਾਵਾ ਅਕਾਲੀ ਦਲ ਤੋਂ ਵੱਖ ਹੋਏ ਢੀਂਡਸਾ ਤੇ ਬ੍ਰਹਮਪੁਰਾ ਗਰੁਪ ਨਾਲ ਗਠਜੋੜ ਹੋ ਸਕਦਾ ਹੈ |
ਕਿਸਾਨ ਜਥੇਬੰਦੀਆਂ ਨਾਲ ਵੀ ਗੱਲਬਾਤ ਕੀਤੀ ਜਾਵੇਗੀ | ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਨਾਲ ਸਮਝੌਤਾ ਖੇਤੀ ਬਿਲਾਂ ਦੇ ਮੁੱਦੇ ਉਪਰ ਨਿਰਭਰ ਕਰੇਗਾ ਕਿ ਕੇਂਦਰ ਸਰਕਾਰ ਇਸ ਦਾ ਕਿਸ ਤਰ੍ਹਾਂ ਹੱਲ ਕਰਦੀ ਹੈ | ਕੈਪਟਨ ਨੇ ਕਿਹਾ ਕਿ ਉਹ ਤਿੰਨ ਖੇਤੀ ਕਾਨੂੰਨਾਂ ਦਾ ਮਾਮਲਾ ਹੱਲ ਕਰਵਾਉਣ ਨੂੰ  ਪਹਿਲ ਦੇ ਕੇ ਯਤਨ ਕਰ ਰਹੇ ਹਨ | ਕੈਪਟਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਮੁੱਖ ਨਿਸ਼ਾਨਾ ਨਵੀਂ ਪਾਰਟੀ ਬਣਾ ਕੇ ਸਰਕਾਰ ਸਥਾਪਤ ਕਰਨਾ ਹੈ | ਕੈਪਟਨ ਨੇ ਪੰਜਾਬ ਵਿਚ ਅਤਿਵਾਦ ਦੇ ਖ਼ਤਰੇ ਦੀ ਗੱਲ ਮੁੜ ਦੁਹਰਾਈ ਹੈ | ਮੁੱਖ ਮੰਤਰੀ ਦੇ ਅਹੁਦੇ ਤੋਂ ਕਾਂਗਰਸ ਹਾਈਕਮਾਨ ਵਲੋਂ ਲਾਹੇ ਜਾਣ ਬਾਅਦ ਹੀ ਕੈਪਟਨ ਨੇ ਨਵੀਂ ਪਾਰਟੀ ਬਣਾਉਣ ਤੇ ਭਾਜਪਾ ਵਿਚ ਨਾ ਜਾਣ ਦੀ ਗੱਲ ਆਖੀ ਸੀ ਪਰ ਹੁਣ ਇਸ ਬਾਰੇ ਸਥਿਤੀ ਪੂਰੀ ਤਰ੍ਹਾਂ ਸਾਫ਼ ਕਰ ਦਿਤੀ ਹੈ | ਇਹ ਵੀ ਪਤਾ ਲੱਗਾ ਹੈ ਕਿ ਕੈਪਟਨ ਅੰਦਰ ਖਾਤੇ ਕਾਂਗਰਸ ਵਿਚ ਅਪਣੇ ਸਮਰਥਕ ਆਗੂਆਂ, ਵਿਧਾਇਕਾਂ ਤੇ ਸੰਸਦ ਮੈਂਬਰਾਂ ਨਾਲ ਲਗਾਤਾਰ ਸੰਪਰਕ ਰੱਖ ਰਹੇ ਹਨ ਅਤੇ ਨਵੀਂ ਪਾਰਟੀ ਦੇ ਗਠਨ ਦੀ ਤਿਆਰੀ ਵਿਚ ਲੱਗੇ ਹੋਏ ਹਨ | ਉਹ ਨਵਜੋਤ ਸਿੱਧੂ ਨੂੰ  ਵੀ ਵਾਰ ਵਾਰ ਚੁਨੌਤੀ ਦੇ ਰਹੇ ਹਨ |