ਚੱਲਦੇ ਪ੍ਰੋਗਰਾਮ 'ਚ ਸਵਾਲ ਪੁੱਛਣ 'ਤੇ ਭੜਕੇ ਕਾਂਗਰਸੀ ਵਿਧਾਇਕ, ਲੜਕੇ ਨੂੰ ਮਾਰਿਆ ਥੱਪੜ
ਉਥੇ ਮੌਜੂਦ ਪੁਲਿਸ ਮੁਲਾਜ਼ਮਾਂ ਨਾਲ ਰਲ ਕੇ ਉਸ ਲੜਕੇ ਦੀ ਕੁੱਟਮਾਰ ਵੀ ਕੀਤੀ ਗਈ ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।
ਪਠਾਨਕੋਟ (ਗੁਰਪ੍ਰੀਤ ਸਿੰਘ) : ਹਲਕਾ ਭੋਆ ਦੇ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਕਿਸੇ ਨਾ ਕਿਸੇ ਗੱਲ ਤੋਂ ਹਮੇਸ਼ਾਂ ਸੁਰਖ਼ੀਆਂ ਵਿਚ ਰਹਿੰਦੇ ਹਨ। ਇਸੇ ਤਰ੍ਹਾਂ ਹੀ ਤਾਜ਼ਾ ਜਾਣਕਾਰੀ ਅਨੁਸਾਰ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪਠਾਨਕੋਟ ਫੇਰੀ ਕੈਂਸਲ ਹੋਣ ਦੇ ਚਲਦੇ ਹਲਕਾ ਭੋਆ ਦੇ ਐਮ ਐਲ ਏ ਜੋਗਿੰਦਰ ਪਾਲ ਦਾ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ।
ਦੱਸ ਦਈਏ ਕਿ ਇਕ ਵਾਰ ਫਿਰ ਤੋਂ ਆਪਣੇ ਕਰਵਾਏ ਕੰਮਾਂ ਦੇ ਚਲਦੇ ਵਿਧਾਇਕ ਜੋਗਿੰਦਰ ਪਾਲ ਲੋਕਾਂ ਨੂੰ ਇਕ ਪ੍ਰੋਗਰਾਮ ਦੇ ਵਿਚ ਸੰਬੋਧਨ ਕਰ ਰਹੇ ਸਨ ਤਾਂ ਇਕ ਲੜਕੇ ਵਲੋਂ ਕੀਤੇ ਇੱਕ ਸਵਾਲ 'ਤੇ ਵਿਧਾਇਕ ਗੁੱਸੇ ਵਿੱਚ ਅੱਗ ਬਬੂਲਾ ਹੋ ਗਿਆ ਅਤੇ ਉਸ ਨੇ ਲੜਕੇ ਦੇ ਥੱਪੜ ਮਾਰ ਦਿੱਤਾ।ਇਨ੍ਹਾਂ ਹੀ ਨਹੀਂ ਉਥੇ ਮੌਜੂਦ ਪੁਲਿਸ ਮੁਲਾਜ਼ਮਾਂ ਨਾਲ ਰਲ ਕੇ ਉਸ ਲੜਕੇ ਦੀ ਕੁੱਟਮਾਰ ਵੀ ਕੀਤੀ ਗਈ ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।
ਤੁਹਾਨੂੰ ਦੱਸ ਦਈਏ ਕਿ ਚਲਦੇ ਪ੍ਰੋਗਰਾਮ ਵਿਚ ਜਦੋਂ ਵਿਧਾਇਕ ਆਪਣੇ ਕੀਤੇ ਹੋਏ ਕੰਮ ਗਿਣਵਾ ਰਹੇ ਸਨ ਤਾਂ ਇਸ ਲੜਕੇ ਨੇ ਪੁੱਛਿਆ ਕਿ ਤੁਸੀਂ ਕੀਤਾ ਕੀ ਹੈ ? ਸ਼ਾਇਦ ਜਿਸ ਲਹਿਜ਼ੇ ਵਿਚ ਕਾਂਗਰਸੀ ਵਿਧਾਇਕ ਤੋਂ ਇਹ ਸਵਾਲ ਕੀਤਾ ਗਿਆ ਇਸ 'ਤੇ ਨਰਾਜ਼ ਹੋਏ ਵਿਧਾਇਕ ਵਲੋਂ ਉਸ ਨੂੰ ਚਲਦੇ ਪ੍ਰੋਗਰਾਮ ਵਿਚ ਥੱਪੜ ਮਾਰਿਆ ਗਿਆ ਜਿਸ ਨੂੰ ਲੈ ਕੇ ਵਿਧਾਇਕ ਜੋਗਿੰਦਰ ਪਾਲ ਫਿਰ ਤੋਂ ਚਰਚਾ ਵਿਚ ਹਨ।