ਉਤਰ ਪ੍ਰਦੇਸ਼ ਵਿਧਾਨ ਸਭਾ 'ਚ 40 ਫ਼ੀ ਸਦੀ ਟਿਕਟਾਂ ਔਰਤਾਂ ਨੂੰ  ਦੇਵੇਗੀ ਕਾਂਗਰਸ : ਪਿ੍ਯੰਕਾ ਗਾਂਧੀ

ਏਜੰਸੀ

ਖ਼ਬਰਾਂ, ਪੰਜਾਬ

ਉਤਰ ਪ੍ਰਦੇਸ਼ ਵਿਧਾਨ ਸਭਾ 'ਚ 40 ਫ਼ੀ ਸਦੀ ਟਿਕਟਾਂ ਔਰਤਾਂ ਨੂੰ  ਦੇਵੇਗੀ ਕਾਂਗਰਸ : ਪਿ੍ਯੰਕਾ ਗਾਂਧੀ

image

ਮੇਰਾ ਵੱਸ ਚਲਦਾ ਤਾਂ ਮੈਂ ਔਰਤਾਂ ਨੂੰ  50 ਫ਼ੀ ਸਦੀ ਹਿੱਸੇਦਾਰੀ ਦਿੰਦੀ

ਲਖਨਊ, 19 ਅਕਤੂਬਰ : ਕਾਂਗਰਸ ਜਨਰਲ ਸਕੱਤਰ ਪਿ੍ਯੰਕਾ ਗਾਂਧੀ ਵਾਡਰਾ ਨੇ ਮੰਗਲਵਾਰ ਨੂੰ  ਕਿਹਾ ਕਿ ਵਿਧਾਨ ਸਭਾ ਚੋਣਾਂ 'ਚ ਕਾਂਗਰਸ 40 ਫ਼ੀ ਸਦੀ ਟਿਕਟਾਂ ਔਰਤਾਂ ਨੂੰ  ਦੇਵੇਗੀ | ਇਸ ਨਾਲ ਹੀ ਪਿ੍ਯੰਕਾ ਨੇ ਕਿਹਾ ਕਿ ਕਾਂਗਰਸ ਦਾ ਨਾਹਰਾ ਹੈ 'ਲੜਕੀ ਹਾਂ, ਲੜ ਸਕਦੀ ਹਾਂ' | ਇਹ ਇਕ ਨਵੀਂ ਸ਼ੁਰੂੁਆਤ ਹੈ | ਪਿ੍ਯੰਕਾ ਨੇ ਕਿਹਾ,''ਅੱਜ ਮੈਂ ਪਹਿਲੇ ਵਾਅਦੇ ਬਾਰੇ ਗੱਲ ਕਰਨ ਜਾ ਰਹੀ ਹਾਂ | ਅਸੀਂ ਤੈਅ ਕੀਤਾ ਹੈ ਕਿ ਉਤਰ ਪ੍ਰਦੇਸ਼ ਵਿਚ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ 40 ਫ਼ੀ ਸਦੀ ਟਿਕਟਾਂ ਔਰਤਾਂ ਨੂੰ  ਦੇਵੇਗੀ |'' ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਿਆਸਤ ਵਿਚ ਔਰਤਾਂ ਸੱਤਾ ਵਿਚ ਪੂਰੀ ਤਰ੍ਹਾਂ ਹਿੱਸੇਦਾਰ ਬਣਨ | ਇਹ ਪੁੱਛੇ ਜਾਣ 'ਤੇ ਕਿ ਕਾਂਗਰਸ ਚੋਣਾਂ ਵਿਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਲਈ ਕਿਸ ਨੂੰ  ਪੇਸ਼ ਕਰੇਗੀ, ਪਿ੍ਯੰਕਾ ਨੇ ਕਿਹਾ,''ਹਾਲੇ ਇਸ 'ਤੇ ਵਿਚਾਰ ਨਹੀਂ ਕੀਤਾ ਗਿਆ |'' 
ਉਨ੍ਹਾਂ ਦੇ ਚੋਣ ਲੜਨ ਬਾਰੇ ਪੁੱਛੇ ਜਾਣ 'ਤੇ ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਹਾਲੇ ਇਸ ਬਾਬਤ ਕੋਈ ਫ਼ੈਸਲਾ ਨਹੀਂ ਲਿਆ ਗਿਆ | ਔਰਤਾਂ ਨੂੰ  ਇੰਨੀ ਜ਼ਿਆਦਾ ਹਿੱਸੇਦਾਰੀ ਦੇਣ ਦੇ ਸਵਾਲ 'ਤੇ ਪਿ੍ਯੰਕਾ ਨੇ ਕਿਹਾ,''ਮੇਰਾ ਵੱਸ ਚਲਦਾ ਤਾਂ ਮੈਂ ਉਤਰ ਪ੍ਰਦੇਸ਼ ਚੋਣਾਂ ਵਿਚ ਔਰਤਾਂ ਨੂੰ  50 ਫ਼ੀ ਸਦੀ ਹਿੱਸੇਦਾਰੀ ਦੇ ਦਿੰਦੀ |'' ਪੱਤਰਕਾਰਾਂ ਵਲੋਂ ਇਹ ਪੁੱਛੇ ਜਾਣ 'ਤੇ ਕਿ ਕਾਂਗਰਸ ਦਾ ਇਹ ਫ਼ੈਸਲਾ ਦੂਜੇ ਸੂਬਿਆਂ ਵਿਚ ਲਾਗੂ ਹੋਵੇਗਾ ਤਾਂ ਪਿ੍ਯੰਕਾ ਨੇ, ''ਮੈਂ ਉਤਰ ਪ੍ਰਦੇਸ਼ ਦੀ ਚੋਣ ਇੰਚਾਰਜ ਹਾਂ ਤੇ ਇਸ ਬਾਰੇ ਹੀ ਦੱਸ ਸਕਦੀ ਹਾਂ, ਕਹਿ ਕੇ ਗੱਲ ਟਾਲ ਦਿਤੀ |
ਉਨ੍ਹਾਂ ਕਿਹਾ ਕਿ 40 ਫ਼ੀ ਸਦੀ ਟਿਕਟਾਂ ਦਾ ਫ਼ੈਸਲਾ ਉਨਾਵ ਦੀ ਉਸ ਲੜਕੀ 
ਲਈ ਹੈ, ਜਿਸ ਨੂੰ  ਸਾੜਿਆ ਗਿਆ, ਮਾਰਿਆ ਗਿਆ | ਇਹ ਫ਼ੈਸਲਾ ਹਾਥਰਸ ਦੀ ਉਸ ਲੜਕੀ ਲਈ ਹੈ, ਜਿਸ ਨੂੰ  ਨਿਆਂ ਨਹੀਂ ਮਿਲਿਆ | ਪਿ੍ਯੰਕਾ ਨੇ ਅੱਗੇ ਕਿਹਾ ਕਿ ਲਖੀਮਪੁਰ 'ਚ ਇਕ ਲੜਕੀ ਮਿਲੀ, ਉਸ ਨੇ ਬੋਲਿਆ ਪ੍ਰਧਾਨ ਮੰਤਰੀ ਬਣਨਾ ਚਾਹੁੰਦੀ ਹਾਂ, ਉਸ ਲਈ ਹੈ ਇਹ ਫ਼ੈਸਲਾ | ਇਹ ਫ਼ੈਸਲਾ ਸੋਨਭਦਰ ਵਿਚ ਉਸ ਔਰਤ ਲਈ ਹੈ, ਜਿਸ ਦਾ ਨਾਂ ਕਿਸਮਤ ਹੈ, ਜਿਸ ਨੇ ਅਪਣੇ ਲਈ ਆਵਾਜ਼ ਚੁਕੀ | ਇਹ ਉਤਰ ਪ੍ਰਦੇਸ਼ ਦੀ ਹਰ ਇਕ ਔਰਤ ਲਈ ਹੈ, ਜੋ ਉਤਰ ਪ੍ਰਦੇਸ਼ ਨੂੰ  ਅੱਗੇ ਵਧਾਉਣਾ ਚਾਹੁੰਦੀਆਂ ਹਨ | (ਏਜੰਸੀ)