ਵਾਇਰਲ ਤਸਵੀਰਾਂ 'ਤੇ ਨਿਹੰਗ ਅਮਨ ਸਿੰਘ ਨੇ ਭਾਜਪਾ ਆਗੂਆਂ ਨਾਲ ਮੀਟਿੰਗ ਸਬੰਧੀ ਖੋਲ੍ਹੇ ਭੇਦ

ਏਜੰਸੀ

ਖ਼ਬਰਾਂ, ਪੰਜਾਬ

ਵਾਇਰਲ ਤਸਵੀਰਾਂ 'ਤੇ ਨਿਹੰਗ ਅਮਨ ਸਿੰਘ ਨੇ ਭਾਜਪਾ ਆਗੂਆਂ ਨਾਲ ਮੀਟਿੰਗ ਸਬੰਧੀ ਖੋਲ੍ਹੇ ਭੇਦ

image

ਨਵੀਂ ਦਿੱਲੀ, 19 ਅਕਤੂਬਰ (ਹਰਜੀਤ ਕੌਰ) : ਸਿੰਘੂ ਬਾਰਡਰ ਘਟਨਾ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਅਮਨ ਸਿੰਘ ਅਤੇ ਭਾਜਪਾ ਆਗੂਆਂ ਨਾਲ ਵਾਇਰਲ ਹੋਈਆਂ ਤਸਵੀਰ 'ਤੇ ਅਪਣਾ ਸਪੱਸ਼ਟੀਕਰਨ ਦਿਤਾ | ਸਪੋਕਸਮੈਨ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਉਥੇ ਮੀਟੰਗ ਲਈ ਬੁਲਾਇਆ ਗਿਆ ਸੀ | ਉਨ੍ਹਾਂ ਕਿਹਾ ਕਿ ਸਿੰਘੂ ਬਾਰਡਰ 'ਤੇ ਹੋਈ ਘਟਨਾ ਬਾਬਤ ਅਸੀਂ ਲਿਖਤੀ ਰੂਪ ਵਿਚ ਗ੍ਰਹਿ ਮੰਤਰੀ ਤੋਂ ਜਵਾਬ ਮੰਗਿਆ ਹੈ ਜਿਸ ਦੀ ਨਕਲ ਰਾਸ਼ਟਰਪਤੀ, ਰਾਜਪਾਲ ਅਤੇ ਪੰਜਾਬ ਸਰਕਾਰ ਨੂੰ  ਭੇਜੀ ਗਈ ਹੈ | ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਸਾਡੇ ਸਾਰੇ ਸਵਾਲਾਂ ਦਾ ਜਵਾਬ ਦੇਣ |  ਨਿਹੰਗ ਸਿੰਘ ਨੇ ਕਾਗਜ਼ 'ਤੇ ਲਿਖੇ ਹੋਏ ਨੰਬਰਾਂ ਨੂੰ  ਦਿਖਾਉਂਦਿਆਂ ਕਿਹਾ ਕਿ ਇਨ੍ਹਾਂ 'ਤੇ ਸਾਡੀ ਗੱਲ ਵੀ ਹੋਈ ਹੈ ਇਸ ਦੀ ਡਿਟੇਲ ਕਢਵਾਈ ਜਾਵੇ ਤੇ ਜਾਂਚ ਕਰਵਾਈ ਜਾਵੇ |
  ਭਾਜਪਾ ਨਾਲ ਮਿਲ ਕੇ ਕੀਤੀ ਇਸ ਸਾਜ਼ਸ਼ ਦੇ ਦੋਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਅਸੀਂ ਸਾਰਿਆਂ ਨੂੰ  ਸਾਫ਼ ਕਰ ਦਿਤਾ ਹੈ ਕਿ ਸਾਡੀ ਮਿਲੀਭੁਗਤ ਨਹੀਂ ਹੈ | ਅਸੀਂ ਜਾਣਦੇ ਹੈ ਕਿ ਇਸ ਘਟਨਾ ਦੇ ਪਿੱਛੇ ਕੇਂਦਰ ਸਰਕਾਰ ਹੈ ਇਸ ਵਿਚ ਪੰਜਾਬ ਦਾ ਕਸੂਰ ਨਾ ਕਢਿਆ ਜਾਵੇ | ਉਨ੍ਹਾਂ ਕਿਹਾ ਕਿ ਇਸ (ਮਿ੍ਤਕ ਲਖਬੀਰ) ਨੂੰ  ਕੇਂਦਰ ਸਰਕਾਰ ਵਲੋਂ ਹੀ ਇਥੇ ਲਿਆਂਦਾ ਗਿਆ ਹੈ | ਉਹ ਪੰਜਾਬ ਤੋਂ ਆਇਆ ਜ਼ਰੂਰ ਸੀ ਪਰ ਇਹ ਕੇਂਦਰ ਸਰਕਾਰ ਦੀ ਹੀ ਟੋਲੀ ਹੈ ਜੋ ਦਿੱਲੀ ਤੋਂ ਪੰਜਾਬ ਤਕ ਫੈਲੀ ਹੋ ਹੈ | ਉਨ੍ਹਾਂ ਕਿਹਾ ਕਿ ਸਾਨੂੰ 10 ਮਹੀਨੇ ਹੋ ਗਏ ਦਿੱਲੀ ਦੀਆਂ ਸਰਹੱਦਾਂ 'ਤੇ ਬੈਠਿਆਂ ਨੂੰ  ਪਰ ਅੱਜ ਤਕ ਤਾਂ ਸਾਡੀ ਕੋਈ ਵੀ ਫ਼ੋਟੋ ਵਾਇਰਲ ਨਹੀਂ ਹੋਈ, ਬੀਤੇ ਦਿਨੀ ਉਸ ਦੁਸ਼ਟ ਵਲੋਂ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਗਈ ਅਤੇ ਸਿੰਘ ਨੇ ਉਸ ਨੂੰ  ਸੋਧ ਲਗਾ ਦਿਤਾ ਤਾਂ ਅੱਜ ਬਾਬਾ ਅਮਨ ਸਿੰਘ ਦੇ ਬੰਦੇ ਹੋ ਗਏ? ਸਿਆਸੀ ਪਾਰਟੀਆਂ 'ਤੇ ਵਿਅੰਗ ਕਸਦਿਆਂ ਉਨ੍ਹਾਂ ਕਿਹਾ,''ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਸਾਡਾ ਮੁੱਢ ਹੈ ਇਥੋਂ ਅਸੀਂ ਚਲੇ ਹਾਂ ਅਤੇ ਇਹ ਹੀ ਸਾਡਾ ਜੀਵਨ ਹੈ, ਜੋ ਵੀ ਇਸ ਅੱਗੇ ਅੜੇਗਾ ਉਹ ਝੜੇਗਾ, ਭਾਵੇਂ ਉਹ ਬ੍ਰਮ੍ਹਾ ਦਾ ਫੁੱਲ ਲਗਾ ਕੇ ਲੁਟਦੇ ਹੋਣ, ਭਾਵੇਂ ਗੁਰੂ ਨਾਨਕ ਪਾਤਸ਼ਾਹ ਦੀ ਤਕੜੀ ਜਾਂ ਪੰਜਾ ਲਗਾ ਕੇ ਲੁਟਦੇ ਹੋਣ, ਅਸੀਂ ਇਨ੍ਹਾਂ ਤੋਂ ਗੁਰੂ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦਾ ਹਿਸਾਬ ਲਵਾਂਗੇ |'' ਉਨ੍ਹਾਂ ਕਿਹਾ ਕੇ ਭਾਵੇਂ ਕੈਪਟਨ ਹੋਵੇ ਜਾਂ ਚੰਨੀ ਅਸੀਂ ਇਨ੍ਹਾਂ ਨੂੰ  ਪੁੱਛਣਾ ਚਾਹੁੰਦੇ ਹਾਂ ਕਿ ਗੁਰੂ ਸਾਹਿਬ ਨੂੰ  ਲੈ ਕੇ ਰਾਜਨੀਤੀ ਕਿੰਨੀ ਦੇਰ ਕਰੋਗੇ? ਖਾਣਾ ਖਾਂਦਿਆਂ ਦੀ ਵਾਇਰਲ ਤਸਵੀਰ ਬਾਰੇ ਬੋਲਦਿਆਂ ਨਿਹੰਗ ਅਮਨ ਸਿੰਘ ਨੇ ਕਿਹਾ ਕੇ ਸਰਬ ਲੋਹ ਦਰਬਾਰ ਸਭ ਲਈ ਖੁੱਲ੍ਹਾ ਹੈ ਇਥੇ ਮੰਤਰੀ, ਸੰਤਰੀ, ਕੈਟ ਤਾਂ ਬਹੁਤ ਛੋਟੀਆਂ ਗੱਲਾਂ ਹਨ | ਉਨ੍ਹਾਂ ਨੇ ਕਿਹਾ ਕਿ ਸਾਨੂੰ ਬੇਅਦਬੀ ਮਾਮਲੇ ਵਿਚ ਨੰਬਰਾਂ ਦੀ ਜਾਂਚ ਬਾਬਤ ਬੁਲਾਇਆ ਗਿਆ ਸੀ ਅਤੇ ਅਸੀਂ ਰਾਸ਼ਟਰਪਤੀ ਨਾਲ ਵੀ ਮੁਲਾਕਾਤ ਕੀਤੀ ਹੈ ਜਿਸ ਦੀ ਗਵਾਹੀ ਭਰਦੇ ਹਾਂ | ਨਾਲ ਹੀ ਉਨ੍ਹਾਂ ਦਸਿਆ ਕਿ ਗੱਲਬਾਤ ਦੌਰਾਨ ਕੇਂਦਰ ਵਲੋਂ ਕੁੱਝ ਸ਼ਰਤਾਂ ਵੀ ਰਖੀਆਂ ਗਈਆਂ ਜਿਸ ਵਿਚ ਉਨ੍ਹਾਂ ਕਿਹਾ ਕਿ ਤੁਸੀਂ ਅੰਦੋਲਨ ਦਾ ਸਾਥ ਛੱਡ ਕੇ ਦਿੱਲੀ ਦੀਆਂ ਸਰਹੱਦਾਂ ਤੋਂ ਅਪਣੇ ਘੋੜੇ ਆਦਿ ਲੈ ਕੇ ਚਲੇ ਜਾਉ | ਨਿਹੰਗ ਸਿੰਘ ਨੇ ਦਸਿਆ ਕਿ ਮੁਲਾਕਾਤ ਦੌਰਾਨ ਸਾਨੂੰ ਕਿਹਾ ਗਿਆ ਕਿ ਪਹਿਲਾਂ ਸਾਡੀਆਂ ਸ਼ਰਤਾਂ ਮੰਨੀਆਂ ਜਾਣ ਫਿਰ ਬੇਅਦਬੀ ਮਸਲੇ ਬਾਰੇ ਗੱਲ ਕੀਤੀ ਜਾਵੇਗੀ | ਉਨ੍ਹਾਂ ਇਹ ਵੀ ਦਸਿਆ ਕਿ ਕੇਂਦਰ ਦੇ ਨੁਮਾਇੰਦਿਆਂ ਵਲੋਂ ਕਿਹਾ ਗਿਆ ਕਿ ਜੇਕਰ ਨਿਹੰਗ ਸਿੰਘ ਇਹ ਸ਼ਰਤਾਂ ਮੰਨਦੇ ਹਨ ਤਾਂ ਉਨ੍ਹਾਂ ਨੂੰ  ਸੁਲਤਾਨਪੁਰ ਵਿਖੇ ਗੁਰਦਵਾਰਾ ਦਿਵਾਇਆ ਜਾਵੇਗਾ ਅਤੇ ਬਾਬਾ ਮਾਨ ਸਿੰਘ 'ਤੇ ਹੋਇਆ ਪਰਚਾ ਵੀ ਰੱਦ ਕਰ ਦਿਤਾ ਜਾਵੇਗਾ | ਨਿਹੰਗ ਅਮਨ ਸਿੰਘ ਅਨੁਸਾਰ ਮੁਲਾਕਾਤ ਲਈ ਅੱਠ ਸਿੰਘ ਗਏ ਸਨ ਜਿਨ੍ਹਾਂ ਨੂੰ  ਚਿੱਟੀਆਂ ਲੋਈਆਂ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਬਲਦਾਂ ਦੀ ਜੋੜੀ ਦਾ 'ਸ਼ੋਅ ਪੀਸ' ਤੋਹਫ਼ੇ ਵਜੋਂ ਦਿਤਾ ਗਿਆ ਅਤੇ ਕਿਹਾ ਕਿ ਅਸੀਂ ਕਿਸਾਨੀ ਦੇ ਨਾਲ ਹਾਂ ਪਰ ਇਨ੍ਹਾਂ ਸਾਰਿਆਂ ਵਿਚੋਂ ਸਿਰਫ ਉਨ੍ਹਾਂ ਦੀ ਹੀ ਤਸਵੀਰ ਵਾਇਰਲ ਹੋਈ ਹੈ | ਉਨ੍ਹਾਂ ਇਹ ਕਿ ਅੱਜ ਤਕ ਹੋਈਆਂ ਗੁਰੂ  ਸਾਹਿਬ ਦੀਆਂ ਬੇਅਦਬੀਆਂ ਦਾ ਕਿਸੇ ਵੀ ਸਿਆਸਤਦਾਨ ਨੇ ਹਿਸਾਬ ਨਹੀਂ ਦਿਤਾ ਅਤੇ ਜਦੋਂ ਸਿੰਘਾਂ ਵਲੋਂ ਇਸ ਕੋਝੀ ਹਰਕਤ ਨੂੰ  ਨੱਥ ਪਾਉਣ ਲਈ ਇਹ ਕਾਰਵਾਈ ਕੀਤੀ ਗਈ ਹੈ ਤਾਂ ਸਵਾਲ ਚੁਕੇ ਜਾ ਰਹੇ ਹਨ | ਸਿੰਘੂ ਘਟਨਾ ਦੇ ਸਬੂਤਾਂ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਨਿਹੰਗ ਅਮਨ ਸਿੰਘ ਨੇ ਕਿਹਾ ਕੇ ਸਾਨੂੰ ਇਕ ਮਹੀਨੇ ਦਾ ਸਮਾਂ ਦਿਤਾ ਜਾਵੇ ਸਭ ਕੁੱਝ ਸਾਫ਼ ਹੋ ਜਾਵੇਗਾ, ਅਸੀਂ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿਚ ਜਾਵਾਂਗੇ ਕਿਉਂਕਿ ਜੇਕਰ ਇਸ ਬੇਅਦਬੀ ਦਾ ਹਿਸਾਬ ਅਸੀਂ ਖ਼ੁਦ ਕੀਤਾ ਤਾਂ ਲੋਕਾਂ ਵਲੋਂ ਫਿਰ ਸਵਾਲ ਚੁਕੇ ਜਾਣਗੇ | ਉਨ੍ਹਾਂ ਦਸਿਆ ਕਿ ਹਾਈ ਕੋਰਟ ਦੇ ਪੰਜ ਵਕੀਲ ਬੁਲਾਏ ਹੋਏ ਹਨ ਜਿਨ੍ਹਾਂ ਨੂੰ  ਇਸ ਘਟਨਾ ਸਬੰਧੀ ਸਾਰੀ ਜਾਣਕਾਰੀ ਦਿਤੀ ਗਈ ਹੈ ਜਿਸ ਦੀ ਜਾਂਚ ਕਰਵਾਈ ਜਾਵੇਗੀ | ਉਨ੍ਹਾਂ ਅੱਗੇ ਕਿਹਾ ਕਿ ਇਹ ਇਕ ਖ਼ੁਸ਼ੀ ਦੀ ਗੱਲ ਹੈ ਕਿ ਕੁੰਡਲੀ ਪ੍ਰਸਾਸ਼ਨ ਸਾਡੇ ਹੱਕ ਵਿਚ ਹੈ ਅਤੇ ਸਥਾਨਕ  ਸਾਡਾ ਸਾਥ ਦੇ ਰਿਹਾ ਹੈ ਨਿਹੰਗ ਅਮਨ ਸਿੰਘ ਨੇ ਕਿਹਾ ਕਿ ਹੁਣ ਸਾਡੀ ਪੂਰੀ ਤਿਆਰੀ ਹੈ ਅਤੇ ਜਿਹੜੇ 19 ਜਾਣੇ ਰਹਿ ਗਏ ਹਨ ਉਨ੍ਹਾਂ ਦੇ ਵੀ ਨੱਥ ਪੈ ਜਾਵੇਗੀ |
ਅਖੀਰ ਵਿਚ ਨਿਹੰਗ ਸਿੰਘ ਨੇ ਕਿਹਾ ਕਿ ਇਹ ਘਟਨਾ ਖੇਤੀ ਕਾਨੂੰਨ ਜਾਂ ਮੋਰਚੇ ਨਾਲ ਸਬੰਧਤ ਨਹੀਂ ਹੈ ਇਹ ਗੁਰੂ ਸਾਹਿਬ ਦੀ ਬੇਅਦਬੀ ਦਾ ਮਾਮਲਾ ਹੈ ਜਿਸ ਵਿਚ ਸਿੰਘ ਨੇ ਦੋਸ਼ੀ ਨੂੰ  ਸਜ਼ਾ ਦਿੱਤੀ ਹੈ |