ਨਿਹੰਗ ਸਿੰਘ ਦੀਆਂ ਭਾਜਪਾ/ਆਰ.ਐਸ.ਐਸ. ਆਗੂਆਂ ਨਾਲ ਫੈਲੀਆਂ ਤਸਵੀਰਾਂ ਨੇ ਨਵੀਂ ਛੇੜੀ ਚਰਚਾ
ਨਿਹੰਗ ਸਿੰਘ ਦੀਆਂ ਭਾਜਪਾ/ਆਰ.ਐਸ.ਐਸ. ਆਗੂਆਂ ਨਾਲ ਫੈਲੀਆਂ ਤਸਵੀਰਾਂ ਨੇ ਨਵੀਂ ਛੇੜੀ ਚਰਚਾ
ਕੋਟਕਪੂਰਾ, 19 ਅਕਤੂਬਰ (ਗੁਰਿੰਦਰ ਸਿੰਘ) : ਦਿੱਲੀ ਦੇ ਬਾਰਡਰ ਸਿੰਘੂ ਵਿਖੇ ਸੰਯੁਕਤ ਕਿਸਾਨ ਮੋਰਚਾ ਦੀ ਸਟੇਜ ਨੇੜੇ ਨਿਹੰਗ ਸਿੰਘ ਜਥੇਬੰਦੀ ਵਲੋਂ ਬੇਅਦਬੀ ਕਰਨ ਦੇ ਕਥਿਤ ਦੋਸ਼ ਹੇਠ ਮੌਤ ਦੇ ਘਾਟ ਉਤਾਰੇ ਗਏ ਲਖਬੀਰ ਸਿੰਘ ਨਾਂਅ ਦੇ ਨੌਜਵਾਨ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਬਾਬਾ ਅਮਨ ਸਿੰਘ ਦੀ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਤੋਂ ਅਨੇਕਾਂ ਸਿਰਮੌਰ ਭਾਜਪਾ ਤੇ ਆਰ.ਐਸ.ਐਸ. ਦੇ ਆਗੂਆਂ ਸਮੇਤ ਪੁਲਿਸ ਕੈਟ ਗੁਰਮੀਤ ਪਿੰਕੀ ਦੀ ਹਾਜ਼ਰੀ ਵਿਚ ਸਿਰੋਪਾਉ ਲੈਣ ਵਾਲੀ ਤਸਵੀਰ ਸਮੇਤ ਹੋਰ ਅਨੇਕਾਂ ਤਸਵੀਰਾਂ ਸੋਸ਼ਲ ਮੀਡੀਏ ਰਾਹੀਂ ਵਾਇਰਲ ਹੋਣ ਤੋਂ ਬਾਅਦ ਉਕਤ ਘਟਨਾ ਨੇ ਇਕ ਵਖਰਾ ਮੌੜ ਲੈ ਲਿਆ ਹੈ ਕਿਉਂਕਿ ਨਿਹੰਗ ਸਿੰਘ ਜਥੇਬੰਦੀ ਨੇ ਮਿ੍ਰਤਕ ਨੂੰ ਭਾਜਪਾ ਤੇ ਆਰਐਸਐਸ ਦਾ ਬੰਦਾ ਦਸ ਕੇ ਉਸ ਉਪਰ ਅਨੇਕਾਂ ਦੋਸ਼ ਲਾਏ ਸਨ।
ਜੇਕਰ ਸੰਯੁਕਤ ਕਿਸਾਨ ਮੋਰਚਾ ਦੇ ਉਕਤ ਘਟਨਾ ਦੀ ਨਿੰਦਾ ਕਰਦਿਆਂ ਖ਼ੁਦ ਨੂੰ ਉਸ ਨਾਲੋਂ ਅਲੱਗ ਕਰ ਲਿਆ ਤਾਂ ਨਿਹੰਗ ਸਿੰਘਾਂ ਨੇ ਕਿਸਾਨ ਆਗੂਆਂ ’ਤੇ ਵੀ ਦੋਸ਼ ਲਾਉਣ ਤੋਂ ਗੁਰੇਜ਼ ਨਾ ਕੀਤਾ। ਸਿੰਘੂ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਬਾਬਾ ਅਮਨ ਸਿੰਘ ਨਿਹੰਗ ਦੀਆਂ ਦਰਜਨ ਦੇ ਕਰੀਬ ਭਾਜਪਾ ਤੇ ਆਰਐਸਐਸ ਦੇ ਆਗੂਆਂ ਨਾਲ ਜਨਤਕ ਹੋਈਆਂ ਤਸਵੀਰਾਂ ਨੇ ਪੰਥਕ ਖੇਤਰ ਵਿਚ ਹੈਰਾਨੀ ਅਤੇ ਪ੍ਰੇਸ਼ਾਨੀ ਵਾਲੀ ਚਰਚਾ ਛੇੜ ਦਿਤੀ ਹੈ।