ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਅਮਨ ਸਿੰਘ ਦੀਆਂ ਭਾਜਪਾ ਆਗੂਆਂ ਨਾਲ ਤਸਵੀਰਾਂ ਜਨਤਕ

ਏਜੰਸੀ

ਖ਼ਬਰਾਂ, ਪੰਜਾਬ

ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਅਮਨ ਸਿੰਘ ਦੀਆਂ ਭਾਜਪਾ ਆਗੂਆਂ ਨਾਲ ਤਸਵੀਰਾਂ ਜਨਤਕ

image

ਸੰਯੁਕਤ ਕਿਸਾਨ ਮੋਰਚਾ ਪਹਿਲਾਂ ਹੀ ਨਿਰਪੱਖ ਜਾਂਚ ਦੀ ਕਰ ਰਿਹੈ ਮੰਗ

ਨਵੀਂ ਦਿੱਲੀ, 19 ਅਕਤੂਬਰ : ਸਿੰਘੂ ਕਤਲ ਮਾਮਲੇ ਵਿਚ ਅੱਜ ਇਕ ਨਵਾਂ ਮੋੜ ਦੇਖਣ ਨੂੰ  ਮਿਲਿਆ | ਦਰਅਸਲ ਜਿਸ ਨਿਹੰਗ ਸਿੰਘ ਨੇ ਸੱਭ ਤੋਂ ਪਹਿਲਾਂ ਇਸ ਕਤਲ ਕਾਂਡ ਦੀ ਜ਼ਿੰਮੇਵਾਰੀ ਲਈ ਸੀ ਉਸ ਦੀ ਇਕ ਤਸਵੀਰ ਭਾਜਪਾ ਆਗੂਆਂ ਨਾਲ ਵਾਇਰਲ ਹੋ ਰਹੀ ਹੈ | ਇਸ ਤਸਵੀਰ ਵਿਚ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਤੇ ਨਾਲ ਕਤਲ ਦਾ ਦੋਸ਼ੀ ਬਰਖ਼ਾਸਤ ਪੁਲਿਸ ਕਰਮੀ ਤੇ ਸਾਬਕਾ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਵੀ ਇਸ ਮਿਲਣੀ ਮੌਕੇ ਨਜ਼ਰ ਆ ਰਹੇ ਹਨ | ਸੂਤਰਾਂ ਮੁਤਾਬਕ ਬਾਬਾ ਅਮਨ ਕੇਂਦਰ ਸਰਕਾਰ ਨਾਲ ਕਿਸਾਨਾਂ ਦੇ ਚੱਲ ਰਹੇ ਟਕਰਾਅ ਨੂੰ  ਹੱਲ ਕਰਨ ਲਈ 'ਪਰਦੇ ਦੇ ਪਿਛਿਉਂ ਭੂਮਿਕਾ ਨਿਭਾਉਣ ਵਾਲਿਆਂ' ਵਿਚ ਸ਼ਾਮਲ ਸੀ | 
  ਸੂਤਰਾਂ ਮੁਤਾਬਕ ਇਹ ਮਿਲਣੀ ਜੁਲਾਈ ਦੇ ਅਖ਼ੀਰ ਵਿਚ ਹੋਈ ਸੀ | ਇਕ ਹੋਰ ਫ਼ੋਟੋ ਵਿਚ ਬਾਬਾ ਅਮਨ ਸਿੰਘ ਤੇ ਪਿੰਕੀ, ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਰਾਜ ਮੰਤਰੀ ਕੈਲਾਸ਼ ਚੌਧਰੀ ਦੇ ਦਿੱਲੀ ਸਥਿਤ ਬੰਗਲੇ 'ਚ ਮੰਤਰੀ ਨਾਲ ਦੁਪਹਿਰ ਦੇ ਖਾਣੇ 'ਤੇ ਮੁਲਾਕਾਤ ਕਰ ਰਹੇ ਹਨ | ਇਸ ਮੌਕੇ ਸੁਨੀਲ ਕੁਮਾਰ ਸਿੰਘ (ਝਾਰਖੰਡ ਤੋਂ ਸੰਸਦ ਮੈਂਬਰ), ਰਾਜਸਥਾਨ ਤੋਂ ਸੌਰਭ ਸਰਸਵਤ (ਕੌਮੀ ਜਨਰਲ ਸਕੱਤਰ, ਭਾਰਤ-ਤਿੱਬਤ ਸੰਘ), ਸੁਖਮਿੰਦਰਪਾਲ ਸਿੰਘ ਗਰੇਵਾਲ (ਕੌਮੀ ਕਿਸਾਨ ਆਗੂ ਭਾਜਪਾ ਤੇ ਸਾਬਕਾ ਕੌਮੀ ਸਕੱਤਰ-ਭਾਜਪਾ ਕਿਸਾਨ ਮੋਰਚਾ) ਵੀ ਹਾਜ਼ਰ ਸਨ | ਸੋਸ਼ਲ ਮੀਡੀਆ 'ਤੇ ਤਿੰਨ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿਚੋਂ ਇਕ ਵਿਚ ਕੇਂਦਰੀ ਮੰਤਰੀ ਨਰੇਂਦਰ ਤੋਮਰ ਨਿਹੰਗ ਬਾਬਾ ਅਮਨ ਸਿੰਘ ਤੋਂ 'ਸਿਰੋਪਾ' ਲੈ ਰਹੇ ਹਨ |  ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂ ਰਾਕੇਸ਼ ਟਕੈਤ, ਜੋਗਿੰਦਰ ਯਾਦਵ ਅਤੇ ਬਲਬੀਰ ਸਿੰਘ ਰਾਜੇਵਾਲ 
ਪਹਿਲਾਂ ਹੀ ਕਹਿ ਚੁਕੇ ਹਨ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ | ਬੇਅਦਬੀ ਦੇ ਸਬੂਤ ਸਾਹਮਣੇ ਆਉਣੇ ਚਾਹੀਦੇ ਹਨ ਅਤੇ ਕਾਤਲਾਂ ਨੂੰ  ਸਜ਼ਾ ਹੋਣੀ ਚਾਹੀਦੀ ਹੈ | ਇਹੀ ਨਹੀਂ ਉਨ੍ਹਾਂ ਵਲੋਂ ਇਹ ਵੀ ਕਿਹਾ ਗਿਆ ਸੀ ਕਿ ਉਹ ਨਿਹੰਗ ਜਥੇਬੰਦੀਆਂ ਨੂੰ  ਪਹਿਲਾਂ ਹੀ ਕਹਿ ਚੁਕੇ ਹਨ ਕਿ ਉਹ ਇਥੋਂ ਚਲੇ ਜਾਣ, ਇਹ ਧਾਰਮਕ ਸੰਘਰਸ਼ ਨਹੀਂ ਸਗੋਂ ਕਿਸਾਨੀ ਸੰਘਰਸ਼ ਹੈ | ਇਸ ਤੋਂ ਇਲਾਵਾ ਕਿਸਾਨ ਮੋਰਚਾ ਨੇ ਸਾਫ਼ ਕਿਹਾ ਸੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਹਿੰਸਕ ਘਟਨਾ ਦੇ ਪੱਖ ਵਿਚ ਨਹੀਂ ਹਨ |
  ਫ਼ੋਟੋ ਸਾਹਮਣੇ ਆਉਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਲਖਬੀਰ ਸਿੰਘ ਦੀ ਹਤਿਆ ਨੂੰ  ਸਾਜ਼ਸ਼ ਦੱਸ ਕੇ ਭਾਜਪਾ 'ਤੇ ਸਵਾਲ ਚੁਕੇ ਹਨ | ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਉਪ ਪ੍ਰਧਾਨ ਰਜਿੰਦਰ ਸਿੰਘ ਦੀਪਸਿੰਘਵਾਲਾ ਨੇ ਕਿਹਾ ਕਿ ਬਾਬਾ ਅਮਨ ਸਿੰਘ ਅਤੇ ਭਾਜਪਾ ਆਗੂਆਂ ਵਿਚਾਲੇ ਹੋਈ ਇਸ ਮੀਟਿੰਗ ਤੋਂ ਬਾਅਦ ਗੰਦੀ ਰਾਜਨੀਤੀ ਦੀ ਬਦਬੂ ਆ ਰਹੀ ਹੈ | ਯਾਦ ਰਹੇ ਕਿ ਬੀਤੇ ਦਿਨੀਂ ਸਿੰਘੂ ਬਾਰਡਰ 'ਤੇ ਨਿਹੰਗ ਸਿੰਘਾਂ ਵਲੋਂ ਤਰਨਤਾਰਨ ਦੇ ਲਖਬੀਰ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ ਸੀ | ਜਿਸ ਤੋਂ ਬਾਅਦ ਉਸ ਦੀ ਲਾਸ਼ ਨੇੜਲੇ ਬੈਰੀਕੇਡ 'ਤੇ ਟੰਗ ਦਿਤੀ ਗਈ ਸੀ | (ਏਜੰਸੀ)