ਮੁੱਖ ਮੰਤਰੀ ਚਰਨਜੀਤ ਚੰਨੀ ਦੇ ਸ਼ਹਿਰ 'ਚ ਪ੍ਰਦਰਸ਼ਨਕਾਰੀ ਅਤੇ ਦੁਕਾਨਦਾਰ ਆਪਸ ਵਿਚ ਉਲਝੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ 18 ਸਾਲ ਹੋ ਗਏ ਹਨ ਆਪਣੇ ਹੱਕ ਦੀ ਲੜਾਈ ਲੜਦਿਆਂ ਨੂੰ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। 

Protest in Morinda

ਮੋਰਿੰਡਾ : ਮੁੱਖ ਮੰਤਰੀ ਚਰਨਜੀਤ ਚੰਨੀ ਦੇ ਸ਼ਹਿਰ ਮੋਰਿੰਡਾ ਵਿਚ ਟਰੇਡ ਸਿੱਖਿਆ ਪ੍ਰੋਵਾਈਡਰ ਜੂਨੀਆਂ ਵਲੋਂ ਹੱਕੀ ਮੰਗਾਂ ਸਬੰਧੀ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਅਤੇ ਇਸ ਦੌਰਾਨ ਦੁਕਾਨਦਾਰਾਂ ਅਤੇ ਪ੍ਰਦਰਸ਼ਨਕਾਰੀ ਆਪਸ ਵਿਚ ਉਲਝ ਗਏ ਅਤੇ ਮਾਹੌਲ ਤਣਾਅਪੂਰਨ ਬਣ ਗਿਆ। 

ਦੱਸ ਦਈਏ ਕਿ ਪ੍ਰਦਰਸ਼ਨਕਾਰੀਆਂ 'ਚ ਵੱਡੀ ਗਿਣਤੀ ਵਿਚ ਔਰਤਾਂ ਵੀ ਸ਼ਾਮਲ ਹਨ।  ਪੁਲਿਸ ਵੀ ਇਸ ਮੌਕੇ 'ਤੇ ਮੌਜੂਦ ਹੈ।  ਦੋਹਾਂ ਧਿਰਾਂ ਵਲੋਂ ਇੱਕ ਦੂਜੇ 'ਤੇ ਇਲਜ਼ਾਮ ਲਗਾਏ ਜਾ ਰਹੇ ਹਨ ਅਤੇ ਜ਼ੋਰਦਾਰ ਨਾਹਰੇਬਾਜ਼ੀ ਕੀਤੀ ਜਾ ਰਹੀ ਹੈ। 

ਪ੍ਰਦਰਸ਼ਨਕਾਰੀਆਂ ਵਲੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਹਰੇ ਵੀ ਲਗਾਏ ਗਏ। ਮੌਕੇ 'ਤੇ ਪਹੁੰਚੇ SDM ਨੇ ਉਨ੍ਹਾਂ ਨੂੰ ਭਰੋਸਾ ਦਵਾਇਆ ਕਿ ਉਨ੍ਹਾਂ ਦੀ ਮੁਲਾਕਾਤ 25 ਅਕਤੂਬਰ ਨੂੰ ਸ਼ਾਮ 5 ਵਜੇ ਹੁਸਨ ਲਾਲ ਨਾਲ ਕਰਵਾਈ ਜਾਵੇਗੀ।  ਪ੍ਰਦਰਸ਼ਨਕਾਰੀਆਂ ਵਲੋਂ ਲਿਖਤੀ ਰੂਪ ਵਿਚ ਭਰੋਸਾ ਮੰਗਣ 'ਤੇ ਉਨ੍ਹਾਂ ਕਿਹਾ ਕਿ ਮੈਂ ਕੈਮਰੇ ਸਾਹਮਣੇ ਤੁਹਾਨੂੰ ਕਹਿ ਰਿਹਾ ਹਾਂ ਇਸ ਤੋਂ ਵੱਧ ਹੋਰ ਕੀ ਚਾਹੀਦਾ ਹੈ ਤਾਂ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕੇ ਅਜਿਹੇ ਲਾਰੇ ਪਹਿਲਾਂ ਵੀ ਬਹੁਤ ਵਾਰ ਲਗਾਏ ਗਏ ਹਨ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਦੀ ਵੀ ਇੱਕ ਵੀਡੀਓ ਹੈ ਉਨ੍ਹਾਂ ਕੋਲ ਜਿਸ ਵਿਚ ਉਨ੍ਹਾਂ ਨੇ ਭਰੋਸਾ ਦਵਾਇਆ ਸੀ ਪਰ ਉਨ੍ਹਾਂ ਦੀਆਂ ਮੰਗ ਅਜੇ ਤੱਕ ਨਹੀਂ ਮੰਨਿਆਂ ਗਈਆਂ।  ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ 18 ਸਾਲ ਹੋ ਗਏ ਹਨ ਆਪਣੇ ਹੱਕ ਦੀ ਲੜਾਈ ਲੜਦਿਆਂ ਨੂੰ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। 

ਦੱਸਣਯੋਗ ਹਾਂ ਕਿ ਅੱਜ ਮੋਰਿੰਡਾ ਵਿਖੇ 3860 ਟਰੇਡ ਜੂਨੀਆਂ ਮੁਲਾਜ਼ਮਾਂ ਵਲੋਂ ਹੱਕੀ ਮੰਗਾਂ ਸਬੰਧੀ ਧਰਨਾ ਦਿੱਤਾ ਜਾ ਰਿਹਾ ਸੀ ਅਤੇ ਦੁਕਾਨਦਾਰਾਂ ਨਾਲ ਹੋਈ ਗਰਮਾ ਗਰਮੀ ਮਗਰੋਂ ਉਨ੍ਹਾਂ 'ਤੇ ਟਰੈਕਟਰ ਚੜ੍ਹਾਉਣ ਦੇ ਦੋਸ਼ ਵੀ ਲੱਗੇ ਹਨ।

ਇਸ ਮੌਕੇ ਪਹੁੰਚੀ ਪੁਲਿਸ ਨੇ ਮਾਮਲਾ ਸ਼ਾਂਤ ਕਰਵਾਇਆ। ਧਰਨਾਕਾਰੀਆਂ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਉਧਰ ਦੁਕਾਨਦਾਰਾਂ ਦਾ ਕਹਿਣਾ ਹਾਂ ਕਿ ਪ੍ਰਦਰਸ਼ਨਕਾਰੀਆਂ ਦੇ ਦਿਨ ਬ ਦਿਨ ਲੱਗ ਰਹੇ ਧਰਨਿਆਂ ਕਾਰਨ ਉਨ੍ਹਾਂ ਦਾ ਰੁਜ਼ਗਾਰ ਠੱਪ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਜੇ ਲੋੜੀਂਦਾ ਹੋਇਆ ਤਾਂ ਇਨ੍ਹਾਂ ਪ੍ਰਦਰਸ਼ਨਕਾਰੀਆਂ ਦੇ ਵਿਰੁੱਧ ਹੀ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਵੇਗਾ।