ਦੁਨਿਆਵੀ ਅਦਾਲਤ ਨੇ ਸੌਦਾ ਸਾਧ ਨੂੰ  ਅਪਰਾਧੀ ਮੰਨ ਕੇ ਦਿਤੀ ਤੀਜੀ ਵਾਰ ਉਮਰ ਕੈਦ

ਏਜੰਸੀ

ਖ਼ਬਰਾਂ, ਪੰਜਾਬ

ਦੁਨਿਆਵੀ ਅਦਾਲਤ ਨੇ ਸੌਦਾ ਸਾਧ ਨੂੰ  ਅਪਰਾਧੀ ਮੰਨ ਕੇ ਦਿਤੀ ਤੀਜੀ ਵਾਰ ਉਮਰ ਕੈਦ

image


 ਅਕਾਲ ਤਖ਼ਤ ਤੋਂ ਉਸ ਨੂੰ  ਮਾਫ਼ੀਨਾਮਾ ਦੇਣ ਤੇ ਦਿਵਾਉਣ ਵਾਲਿਉਂ ਹੁਣ ਤਾਂ 'ਅੰਦਰਲਾ ਸੱਚ' ਬੋਲ ਦਿਉ? : ਦੁਪਾਲਪੁਰ

ਕੋਟਕਪੂਰਾ, 19 ਅਕਤੂਬਰ (ਗੁਰਿੰਦਰ ਸਿੰਘ) : ਗੁਰਮੀਤ ਰਾਮ ਰਹੀਮ ਅਰਥਾਤ ਸੌਦਾ ਸਾਧ ਨੂੰ  ਪੰਚਕੁਲਾ ਦੀ ਸੀਬੀਆਈ ਅਦਾਲਤ ਵਲੋਂ ਰਣਜੀਤ ਸਿੰਘ ਕਤਲ ਕੇਸ 'ਚ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ 'ਤੇ ਟਿਪਣੀ ਕਰਦਿਆਂ ਪ੍ਰਵਾਸੀ ਪੰਜਾਬੀ ਲੇਖਕ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ਦੁਪਾਲਪੁਰ ਨੇ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਅਤੇ ਉਨ੍ਹਾਂ ਤੋਂ ਪਹਿਲੇ ਸਾਬਕਾ ਜਥੇਦਾਰ ਨੂੰ  ਅਪੀਲ ਕੀਤੀ ਕਿ ਹੁਣ ਜਦ ਉਕਤ ਸੌਦੇ ਸਾਧ ਨੂੰ  ਦੁਨਿਆਵੀ ਅਦਾਲਤ ਨੇ ਤੀਜੇ ਕੇਸ 'ਚ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤਾਂ ਸਮੁੱਚਾ ਸਿੱਖ ਜਗਤ ਤੁਹਾਥੋਂ 'ਅੰਦਰਲਾ ਸੱਚ' ਸੁਣਨ ਦੀ ਤਵੱਕੋਂ ਕਰ ਰਿਹਾ ਹੈ ਕਿ ਉਹ ਕਿਹੜੀ ਮਜਬੂਰੀ ਸੀ ਜਾਂ ਉਹ ਕਿਹੜੀ 'ਮਹਾਨ ਹਸਤੀ' ਸੀ, ਜਿਸ ਦੇ ਆਖੇ ਐਡੇ ਘੌਰ ਅਪਰਾਧੀ ਨੂੰ  ਤਖ਼ਤ ਸਾਹਿਬ 'ਤੇ ਬਿਨਾਂ ਪੇਸ਼ ਹੋਇਆਂ ਹੀ ਮਾਫ਼ੀਨਾਮਾ ਦੇ ਦਿਤਾ ਗਿਆ ਸੀ?
ਅਪਣੇ ਲਿਖਤੀ ਬਿਆਨ 'ਚ ਸ੍ਰ. ਦੁਪਾਲਪੁਰ ਨੇ ਲਿਖਿਆ ਹੈ ਕਿ ਪੰਚਕੁਲਾ ਅਦਾਲਤ ਵਲੋਂ ਸੌਦੇ ਸਾਧ ਨੂੰ  ਸਖ਼ਤ ਸਜ਼ਾ ਸੁਣਾਏ ਜਾਣ 'ਤੇ ਬੇਸ਼ੱਕ ਸਿੱਖ ਪੰਥ ਵਲੋਂ ਖ਼ੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ ਕਿਉਂਕਿ ਬਰਗਾੜੀ ਦੀ ਬੇਅਦਬੀ, ਬਹਿਬਲ ਕਲਾਂ ਤੇ ਕੋਟਕਪੂਰੇ ਵਿਖੇ ਵਾਪਰੇ ਗੋਲੀਕਾਂਡ ਜਿਹੇ ਸੰਗੀਨ ਜੁਰਮਾਂ ਪਿੱਛੇ ਪੁਆੜੇ ਦੀ ਜੜ੍ਹ ਇਹੋ ਅਖੌਤੀ ਸਾਧ ਸੀ ਪਰ ਸਮੂਹ ਗੁਰੂ ਨਾਨਕ ਨਾਮਲੇਵਾ ਪ੍ਰਾਣੀਆਂ ਦੇ ਮਨ ਚਿੱਤ 'ਚ ਮਾਫ਼ੀਨਾਮੇ ਵੇਲੇ ਅਕਾਲ ਤਖ਼ਤ ਸਾਹਿਬ ਦੀ ਹੋਈ ਬੇਹੁਰਮਤੀ ਦਾ 

ਦਰਦ ਕੰਡੇ ਵਾਂਗ ਚੁਭਦਾ ਆ ਰਿਹਾ ਹੈ | ਇਹ ਮਾਫ਼ੀਨਾਮਾ ਦੇਣ ਤੇ ਦਿਵਾਉਣ ਵਾਲੇ ਸਾਰੇ ਸ਼ਖ਼ਸ 'ਸੁੱਖ ਨਾਲ' ਜਿਉਂਦੇ ਜਾਗਦੇ ਹਨ ਪਰ ਸਿਤਮ ਦੀ ਗੱਲ ਹੈ ਕਿ ਕਈ ਸਿੱਖ ਜਥੇਬੰਦੀਆਂ ਅਤੇ ਨਾਮੀ ਸਿੱਖ ਆਗੂ ਅਨੇਕਾਂ ਵਾਰ ਲਿਖਤੀ ਮੈਮੋਰੰਡਮ ਦੇ ਕੇ ਅੰਦਰਲੀ ਹਕੀਕਤ ਜਾਣਨ ਲਈ ਬੇਨਤੀਆਂ ਕਰਦੇ ਆ ਰਹੇ ਹਨ ਪਰ ਨਾ ਹੀ ਕਦੇ ਵਰਤਮਾਨ ਤੇ ਨਾ ਹੀ ਕਦੇ ਸਾਬਕਾ ਜਥੇਦਾਰ ਨੇ ਸੱਚ ਦੱਸਣ ਦੀ ਜ਼ਹਿਮਤ ਉਠਾਈ ਹੈ | ਹੈਰਾਨੀ ਦੀ ਗੱਲ ਹੈ ਕਿ ਇਹੋ 'ਜਥੇਦਾਰ' ਸਰਕਾਰਾਂ 'ਤੇ ਦੋਸ਼ ਲਾਉਂਦੇ ਰਹਿੰਦੇ ਹਨ ਕਿ ਉਹ ਸਿੱਖਾਂ ਨੂੰ  ਕਦੇ ਇਨਸਾਫ਼ ਨਹੀਂ ਦਿੰਦੇ ਪਰ ਖ਼ੁਦ ਆਪ ਉਹ ਸਿੱਖ ਧਰਮ ਦੀਆਂ ਸਰਬਉੱਚ ਪਦਵੀਆਂ 'ਤੇ ਬਿਰਾਜਮਾਨ ਹੋਣ ਦੇ ਬਾਵਜੂਦ ਵੀ ਸਿੱਖਾਂ ਦੇ ਸਵਾਲਾਂ ਪ੍ਰਤੀ ਘੇਸਲ ਮਾਰੀ ਰਖਦੇ ਹਨ |
ਫੋਟੋ :- ਕੇ.ਕੇ.ਪੀ.-ਗੁਰਿੰਦਰ-19-5ਈ