ਸਹਿਪਾਠੀ ਨੇ ਬੱਚੀ ਦੀ ਅੱਖ 'ਚ ਮਾਰੀ ਪੈਨਸਿਲ, ਨਜ਼ਰ ਗੁਆ ਬੈਠੀ ਮਾਸੂਮ 

ਏਜੰਸੀ

ਖ਼ਬਰਾਂ, ਪੰਜਾਬ

ਅਧਿਆਪਕ, ਸਕੂਲ ਪ੍ਰਬੰਧਕ ਤੇ ਮਾਪੇ ਧਿਆਨ ਦੇਣ, ਅੱਖ 'ਚ ਵੱਜੀ ਪੈਨਸਿਲ ਨਾਲ ਨਜ਼ਰ ਗੁਆ ਬੈਠੀ ਮਾਸੂਮ ਬੱਚੀ 

A classmate hit a pencil in the girl's eye, the innocent girl lost her sight

 

ਲੁਧਿਆਣਾ - ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਵਿਖੇ ਇੱਕ ਸਹਿਪਾਠੀ ਵੱਲੋਂ ਮਾਰੀ ਗਈ ਪੈਨਸਿਲ ਨਾਲ ਇੱਕ ਬੱਚੀ ਦੀ ਅੱਖ ਖ਼ਰਾਬ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪਤਾ ਲੱਗਿਆ ਹੈ ਕਿ ਪੁਲਿਸ ਡੀ.ਏ.ਵੀ. ਸਕੂਲ 'ਚ ਪਹਿਲੀ ਜਮਾਤ ਦੀ ਵਿਦਿਆਰਥਣ ਦੀ ਅੱਖ 'ਚ ਇੱਕ ਸਹਿਪਾਠੀ ਨੇ ਪੈਨਸਿਲ ਮਾਰ ਦਿੱਤੀ, ਜਿਸ ਮਗਰੋਂ ਬੱਚੀ ਦਰਦ ਨਾਲ ਚੀਕਣ ਲੱਗੀ। ਕਲਾਸ ਟੀਚਰ ਨੇ ਬੱਚੀ ਵਾਸਤੇ ਡਾਕਟਰੀ ਸਹਾਇਤਾ ਦਾ ਪ੍ਰਬੰਧ ਕਰਨ ਜਾਂ ਉਸ ਦੇ ਮਾਪਿਆਂ ਨੂੰ ਤੁਰੰਤ ਇਸ ਘਟਨਾ ਬਾਰੇ ਸੂਚਿਤ ਕਰਨ ਦੀ ਬਜਾਏ ਬੱਚੀ ਨੂੰ ਘਰ ਭੇਜ ਦਿੱਤਾ। ਸਕੂਲ ਦਾ ਨਾਂਅ ਪੁਲਿਸ ਡੀ.ਏ.ਵੀ. ਸਕੂਲ ਦੱਸਿਆ ਜਾ ਰਿਹਾ ਹੈ, ਅਤੇ ਪੀੜਤ ਬੱਚੀ ਦਾ ਨਾਂਅ ਸ਼ਨਾਇਆ ਪਤਾ ਲੱਗਿਆ ਹੈ। 

ਘਰ ਪਹੁੰਚੀ ਬੱਚੀ ਨੂੰ ਦਰਦ ਤੋਂ ਰਾਹਤ ਮਿਲੀ ਤਾਂ 11 ਵਜੇ ਦੇ ਕਰੀਬ ਉਹ ਸੌਂ ਗਈ, ਪਰ ਅਚਾਨਕ 1:30 ਵਜੇ ਉੱਠ ਕੇ ਰੋਣ ਲੱਗ ਪਈ ਤੇ ਮਾਪਿਆਂ ਨੂੰ ਦੱਸਿਆ ਕਿ ਉਹ ਠੀਕ ਤਰ੍ਹਾਂ ਨਾਲ ਦੇਖ ਨਹੀਂ ਪਾ ਰਹੀ। ਪਰਿਵਾਰ ਵਾਲੇ ਤੁਰੰਤ ਉਸ ਨੂੰ ਡੀ.ਐਮ.ਸੀ. ਵਿੱਚ ਅੱਖਾਂ ਦੇ ਮਾਹਿਰ ਡਾਕਟਰ ਕੋਲ ਲੈ ਗਏ। ਚੈੱਕਅਪ ਕਰਨ ਤੋਂ ਬਾਅਦ ਡਾਕਟਰ ਨੇ ਜਾਣਕਾਰੀ ਦਿੱਤੀ ਕਿ ਬੱਚੀ ਦੀ ਅੱਖ 'ਚ ਲੱਗੀ ਸੱਟ ਗੰਭੀਰ ਦਰਜੇ ਦੀ ਹੈ ਅਤੇ ਅੱਖ ਦੀ ਪੁਤਲੀ ਫ਼ਟਣ ਕਰਕੇ ਉਹ ਆਪਣੀ ਨਜ਼ਰ ਗੁਆ ਚੁੱਕੀ ਹੈ। ਇਲਾਜ ਵਾਸਤੇ ਡਾਕਟਰ ਨੇ ਆਪਰੇਸ਼ਨ ਕੀਤੇ ਜਾਣ ਬੀਰੇ ਕਿਹਾ, ਅਤੇ ਆਪਰੇਸ਼ਨ ਕੀਤਾ ਵੀ ਗਿਆ, ਪਰ ਬੱਚੀ ਦੀ ਹਾਲਤ ਹਾਲੇ ਤੱਕ ਠੀਕ ਨਹੀਂ। 

ਸਕੂਲ ਮੈਨੇਜਮੈਂਟ 'ਤੇ ਤਿੱਖੇ ਸਵਾਲ ਚੁੱਕਦਿਆਂ ਪਰਿਵਾਰ ਨੇ ਕਿਹਾ ਕਿ ਸਕੂਲ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਝੂਠ ਕਿਹਾ ਕਿ ਬੱਚੀ ਨੂੰ ਡਾਕਟਰ ਨੂੰ ਦਿਖਾ ਲਿਆ ਗਿਆ ਹੈ ਅਤੇ ਖ਼ਤਰੇ ਵਾਲੀ ਕੋਈ ਗੱਲ ਨਹੀਂ। ਹਾਲਾਂਕਿ ਸਕੂਲ ਪ੍ਰਬੰਧਕ ਇਸ ਸਵਾਲ ਦਾ ਜਵਾਬ ਨਹੀਂ ਦੇ ਸਕੇ ਕਿ ਉਨ੍ਹਾਂ ਨੇ ਬੱਚੀ ਨੂੰ ਕਿਸ ਡਾਕਟਰ ਨੂੰ ਦਿਖਾਇਆ।  ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਦੀ ਧੀ ਦੀ ਅੱਖ ਦੀ ਰੌਸ਼ਨੀ ਸਕੂਲ ਪ੍ਰਬੰਧਕਾਂ ਦੀ ਲਾਪਰਵਾਹੀ ਕਾਰਨ ਗਈ ਹੈ। ਮੀਡੀਆ ਵੱਲੋਂ ਜਦੋਂ ਇਸ ਮਾਮਲੇ 'ਤੇ ਸਕੂਲ ਪ੍ਰਬੰਧਕਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਇਸ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।