ਨਵਜੋਤ ਸਿੱਧੂ ਨੇ ਭਲਕੇ ਪੇਸ਼ੀ ਤੋਂ ਪਹਿਲਾਂ ਮੰਗੀ Z+ ਸੁਰੱਖਿਆ, ਦਿੱਤਾ ਇਹ ਕਾਰਨ

ਏਜੰਸੀ

ਖ਼ਬਰਾਂ, ਪੰਜਾਬ

6 ਮਹੀਨੇ ਪਹਿਲਾਂ ਵੀ ਉਨ੍ਹਾਂ ਨੇ ਸੁਰੱਖਿਆ ਦੀ ਮੰਗ ਕੀਤੀ ਸੀ

Navjot Sidhu

 

ਪਟਿਆਲਾ - ਰੋਡ ਰੇਜ ਮਾਮਲੇ ਵਿਚ ਪਟਿਆਲਾ ਜੇਲ੍ਹ ਵਿਚ ਬੰਦ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਬੀਤੇ ਦਿਨ ਸੀਐਲਯੂ ਕੇਸ ਵਿਚ ਗਵਾਹ ਵਜੋਂ ਪੇਸ਼ ਹੋਣ ਲਈ ਵਾਰੰਟ ਜਾਰੀ ਕੀਤੇ ਗਏ ਹਨ। 21 ਤਰੀਕ ਭਲਕੇ ਪੇਸ਼ ਹੋਣ ਲਈ ਜਾਰੀ ਕੀਤੇ ਇਨ੍ਹਾਂ ਵਾਰੰਟ ਵਿਰੁੱਧ ਸਿੱਧੂ ਨੇ ਹਾਈਕੋਰਟ ਦਾ ਰੁਖ਼ ਕੀਤਾ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਜੇਲ੍ਹ ਸੁਪਰਡੈਂਟ ਨੂੰ ਵੀ ਸੁਰੱਖਿਆ ਦੇ ਮਾਮਲੇ ਵਿਚ ਚਿੱਠੀ ਲਿਖੀ ਹੈ। 

ਚਿੱਠੀ ਲਿਖ ਕੇ ਉਨ੍ਹਾਂ ਖਦਸ਼ਾ ਪ੍ਰਗਟਾਇਆ ਹੈ ਕਿ ਜੇਕਰ ਉਹ ਗਵਾਹੀ ਦੇਣ ਲਈ ਲੁਧਿਆਣਾ ਦੀ ਸੀਜੇਐਮ ਅਦਾਲਤ ਵਿਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣੀ ਪਵੇਗੀ। ਕਿਉਂਕਿ ਉਨ੍ਹਾਂ ਦੀ ਜੈਡ ਪਲੱਸ ਸੁਰੱਖਿਆ ਵਾਪਸ ਲੈ ਲਈ ਗਈ ਸੀ। ਸਿੱਧੂ ਨੇ ਐਸਪੀਪੀ ਪਟਿਆਲਾ ਅਤੇ ਸੀਪੀ ਲੁਧਿਆਣਾ ਨੂੰ ਵੀ ਇਸ ਪੱਤਰ ਦੀ ਕਾਪੀ ਭੇਜੀ ਹੈ ਅਤੇ ਕਿਹਾ ਹੈ ਕਿ 6 ਮਹੀਨੇ ਪਹਿਲਾਂ ਵੀ ਉਨ੍ਹਾਂ ਨੇ ਸੁਰੱਖਿਆ ਦੀ ਮੰਗ ਕੀਤੀ ਸੀ ਪਰੰਤੂ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਹੈ।

ਨਵਜੋਤ ਸਿੱਧੂ ਨੇ ਲੁਧਿਆਣਾ ਅਦਾਲਤ ਬੰਬ ਧਮਾਕੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਕਰ ਮੈਂ ਬਿਨ੍ਹਾਂ ਸੁਰੱਖਿਆ ਅਦਾਲਤ ਜਾਂਦਾ ਹਾਂ ਤਾਂ ਮੇਰੀ ਜਾਨ ਦਾ ਜ਼ਿੰਮੇਵਾਰ ਕੌਣ ਹੋਵੇਗਾ? ਇਸ ਦੇ ਨਾਲ ਹੀ ਦੱਸ ਦਈਏ ਕਿ ਅੱਜ ਨਵਜੋਤ ਸਿੰਘ ਸਿੱਧੂ ਦੀ ਜੇਲ੍ਹ ਵਿਚ ਅਚਾਨਕ ਸਿਹਤ ਵਿਗੜ ਗਈ। ਉਨ੍ਹਾਂ ਨੂੰ ਅਚਾਨਕ ਛਾਤੀ ਵਿਚ ਦਰਦ ਉੱਠਿਆ, ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਚੈਕਿੰਗ ਲਈ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ। ਜ਼ਿਕਰਯੋਗ ਹੈ ਕਿ ਅੱਜ ਨਵਜੋਤ ਸਿੱਧੂ ਦਾ ਜਨਮਦਿਨ ਵੀ ਹੈ।