ਪੰਜਾਬ ਬੋਰਡ ਅਤੇ ਐਨ.ਸੀ.ਆਰ.ਟੀ ਦੀਆਂ ਜਾਅਲੀ ਪਾਠ-ਪੁਸਤਕਾਂ ਦਾ ਜ਼ਖ਼ੀਰਾ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਕੂਲ ਸਿਖਿਆ ਬੋਰਡ ਅਤੇ ਐਨ. ਸੀ. ਆਰ. ਟੀ ਦੀਆਂ ਜਾਅਲੀ ਪਾਠ-ਪੁਸਤਕਾ ਦਾ ਜਲੰਧਰ ਤੋਂ ਜ਼ਖ਼ੀਰਾ ਬਰਾਮਦ ਕੀਤਾ ਗਿਆ..........

Books

ਐਸ.ਏ.ਐਸ.ਨਗਰ : ਪੰਜਾਬ ਸਕੂਲ ਸਿਖਿਆ ਬੋਰਡ ਅਤੇ ਐਨ. ਸੀ. ਆਰ. ਟੀ ਦੀਆਂ ਜਾਅਲੀ ਪਾਠ-ਪੁਸਤਕਾ ਦਾ ਜਲੰਧਰ ਤੋਂ ਜ਼ਖ਼ੀਰਾ ਬਰਾਮਦ ਕੀਤਾ ਗਿਆ ਹੈ। ਪੰਜਾਬ ਸਕੂਲ ਸਿਖਿਆ ਬੋਰਡ ਦੇ ਸਕੱਤਰ ਪ੍ਰਸ਼ਾਂਤ ਕੁਮਾਰ ਗੋਇਲ (ਆਈ.ਏ.ਐਸ) ਨੇ ਦਸਿਆ ਕਿ ਪੰਜਾਬ ਬੋਰਡ ਦੇ ਅਧਿਕਾਰੀਆ ਨੇ ਜ਼ਿਲ੍ਹਾ ਪੁਲਿਸ ਜਲੰਧਰ ਦੀ ਮਦਦ ਨਾਲ ਦੋ ਦਿਨ ਪਹਿਲਾਂ ਬੋਰਡ ਅਤੇ ਦਿੱਲੀ ਦੀ ਐਨ.ਸੀ.ਈ.ਆਰ..ਟੀ. (ਨੈਸ਼ਨਲ ਕੌਂਸਲ ਫ਼ਾਰ ਐਜੂਕੇਸ਼ਨ ਰਿਸਚਰ ਐਂਡ ਟ੍ਰੇਨਿੰਗ) ਦੀਆਂ ਜਾਅਲੀ ਪਾਠ-ਪੁਸਤਕਾਂ ਦਾ ਜ਼ਖ਼ੀਰਾ ਜਲੰਧਰ ਦੇ ਸਥਾਨਕ ਬਾਈਂਡਰ ਦੀ ਵਰਕਸ਼ਾਪ ਵਿਚੋਂ ਬਰਾਮਦ ਕੀਤਾ ਹੈ।

ਉਨ੍ਹਾਂ ਦਸਿਆ ਕਿ ਇਹ ਜਾਅਲੀ ਪਾਠ-ਪੁਸਤਕਾਂ ਜਲੰਧਰ ਦੇ ਤਰੁਨ ਬੁਕ ਬਾਈਂਡਿੰਗ ਹਾਊਸ ਜੋ ਬਲਦੇਵ ਨਗਰ ਵਿਚ ਪੈਂਦਾ ਹੈ, ਦੇ ਗੋਦਾਮ ਵਿਚੋਂ ਫੜੀਆਂ ਗਈਆਂ ਹਨ। ਤਰੁਨ ਬੁੱਕ ਬਾਈਂਡਿੰਗ ਹਾਊਸ ਬੋਰਡ ਦੇ ਪ੍ਰਿੰਟਰਾਂ ਦੀ ਸੂਚੀ ਵਿਚ ਸ਼ਾਮਲ ਨਹੀਂ ਹੈ। ਪਾਠ-ਪੁਸਤਕਾਂ ਵਿਚ ਬੋਰਡ ਦੀ ਜਮਾਤ 9 ਵੀਂ ਅਤੇ 10 ਵੀਂ ਦੀ ਇਕ ਹੋਰ ਨਵਾਂ ਸਾਲ, ਜਮਾਤ 9ਵੀਂ ਦੀ ਸਮਾਜਿਕ ਸਿਖਿਆ (ਅੰਗਰੇਜ਼ੀ) ਭਾਗ 1 ਅਤੇ 2, ਜਮਾਤ 9 ਵੀਂ ਅਤੇ 10 ਵੀਂ ਦੀ ਸਾਹਿਤ ਮਾਲਾ, ਜਮਾਤ 9 ਵੀਂ ਅਤੇ 10 ਵੀਂ ਦੀ ਵੰਨਗੀ ਆਦਿ ਸ਼ਾਮਲ ਹਨ।

ਇਨ੍ਹਾਂ ਪੁਸਤਕਾਂ ਦੀ ਛਪਾਈ ਦਾ ਠੇਕਾ ਬੋਰਡ ਨੇ ਪਿਛਲੇ ਸਾਲਾਂ ਦੌਰਾਨ ਜਲੰਧਰ ਦੇ ਕਾਸਮਿਕ ਪ੍ਰਿੰਟਰ, ਮਨੂਜਾ ਪ੍ਰਿੰਟਰ, ਤਾਨੀਆ ਪ੍ਰਿੰਟਰ ਅਤੇ ਨੋਵਾ ਪਬਲੀਕੇਸ਼ਨ ਨੂੰ ਦਿਤਾ ਸੀ ਜੋ ਹੁਣ ਖ਼ਤਮ ਹੋ ਗਿਆ ਹੈ। ਬੋਰਡ ਹਰ ਸਾਲ ਪਾਠ-ਪੁਸਤਕਾ ਦੀ ਛਪਾਈ ਲਈ ਟੈਂਡਰ ਕਢਦਾ ਹੈ ਅਤੇ ਟੈਂਡਰ ਅਧੀਨ ਆਏ ਪ੍ਰਿੰਟਰਾਂ ਨੂੰ ਬੋਰਡ ਵਲੋਂ ਕਾਗ਼ਜ਼ ਦੇ ਕੇ ਪੁਸਤਕਾਂ ਦੀ ਛਪਾਈ ਦਾ ਠੇਕਾ ਦਿਤਾ ਜਾਂਦਾ ਹੈ।

ਜਾਅਲੀ ਪੁਸਤਕਾਂ ਦੀ ਛਪਾਈ ਅਤੇ ਵਿਕਰੀ ਨਾਲ ਬੋਰਡ ਨੂੰ ਘਾਟਾ ਪੈਂਦਾ ਹੈ ਕਿਉਂਕਿ ਇਹ ਪੁਸਤਕਾਂ ਬੋਰਡ ਵਲੋਂ ਦਿਤੀ ਜਾਂਦੀ 15 ਫ਼ੀ ਸਦੀ ਛੋਟ ਦੇ ਉਲਟ ਬਾਜ਼ਾਰ ਵਿਚ 30 ਤੋਂ 35 ਫ਼ੀ ਸਦੀ ਛੋਟ ਤੇ ਨਕਲੀ ਕਾਗ਼ਜ਼ ਲਾ ਕੇ ਵੇਚੀਆਂ ਜਾਂਦੀਆਂ ਹਨ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।