ਸਪੀਕਰ ਰਾਣਾ ਕੇਪੀ ਸਿੰਘ ਵੱਲੋਂ ਅੰਮ੍ਰਿਤਸਰ ਅੱਤਵਾਦੀ ਹਮਲੇ ਬਾਰੇ ਸੰਜਮ ਵਰਤਣ ਦੀ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਅੱਜ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਅੰਮ੍ਰਿਤਸਰ ’ਚ ਹੋਏ....

Rana Kp Singh

ਚੰਡੀਗੜ੍ਹ (ਸ.ਸ.ਸ) : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਅੱਜ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਅੰਮ੍ਰਿਤਸਰ ’ਚ ਹੋਏ ਅੱਤਵਾਦੀ ਹਮਲੇ ਦੇ ਮੁੱਦੇ ’ਤੇ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਸਾਰੀਆਂ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਜਾਂਚ ਏਜੰਸੀਆਂ ਨੂੰ ਆਪਣਾ ਕੰਮ ਕਰਨ ਦਿੱਤਾ ਜਾਵੇ। ਅੱਜ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗ਼ੈਰ ਰਸਮੀ ਗੱਲਬਾਤ ਦੌਰਾਨ ਸਪੀਕਰ ਨੇ ਕਿਹਾ ਕਿ ਇਹ ਗੰਭੀਰ ਮੁੱਦਾ ਹੈ ਅਤੇ ਇਸ ਮਸਲੇ ’ਤੇ ਰਾਜਸੀ ਰੋਟੀਆਂ ਸੇਕਣ ਦਾ ਕੋਈ ਵੀ ਯਤਨ ਕੇਵਲ ਮੰਦਭਾਗਾ ਹੀ ਨਹੀਂ ਬਲਕਿ ਸੂਬੇ ਲਈ ਵੀ ਘਾਤਕ ਹੋਵੇਗਾ।

ਰਾਣਾ ਕੇਪੀ ਸਿੰਘ ਨੇ ਵੱਖ-ਵੱਖ ਪਾਰਟੀਆਂ ਦੇ ਕੁਝ ਆਗੂਆਂ ਵੱਲੋਂ ਜਿਸ ਤਰ੍ਹਾਂ ਇਸ ਮੁੱਦੇ ਨੂੰ ਰਾਜਸੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ, ‘ਇਹ ਰਾਜਨੀਤੀ ਵਿੱਚ ਆ ਰਹੇ ਨਿਘਾਰ ਤੇ ਪਤਨ ਦੀ ਅਸਲ ਤਸਵੀਰ ਹੈ, ਜੋ ਅਸੀਂ ਪਿਛਲੇ ਕੁਝ ਸਾਲਾਂ ਦੌਰਾਨ ਦੇਖਿਆ ਹੈ।’ ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਸਾਰੀਆਂ ਪਾਰਟੀਆਂ ਦੇ ਰਾਜਸੀ ਆਗੂ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੁਹਿਰਦਤਾ ਦਿਖਾਉਣਗੇ। ਰਾਣਾ ਕੇਪੀ ਸਿੰਘ ਨੇ ਕਿਹਾ, ‘ਇਹ ਇੱਕ ਲੜਾਈ ਹੈ ਅਤੇ ਦੇਸ਼ ਦੇ ਦੁਸ਼ਮਣਾਂ ਖ਼ਿਲਾਫ਼ ਅਸੀਂ ਸਾਰਿਆਂ ਨੇ ਮਿਲ ਕੇ ਲੜਨੀ ਹੈ ਅਤੇ ਸਾਨੂੰ ਇੱਕ ਦੂਜੇ ’ਤੇ ਦੋਸ਼ ਨਹੀਂ ਮੜ੍ਹਨੇ ਚਾਹੀਦੇ।’

ਸਪੀਕਰ ਨੇ ਕਿਹਾ ਕਿ ਪੰਜਾਬ ਦੇ 1980-90 ਦਹਾਕੇ ਵਿੱਚ ਅੱਤਵਾਦ ਦੇ ਕਾਲੇ ਦੌਰ ਦੇ ਜ਼ਖ਼ਮ ਅਜੇ ਵੀ ਅੱਲ੍ਹੇ ਹਨ। ਇਸ ਕਾਲੇ ਦੌਰ ਦੌਰਾਨ 30 ਹਜ਼ਾਰ ਬੇਕਸੂਰ ਲੋਕ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਅੱਜ ਜਿਹੜੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਇਹ ਵੀ ਉਸੇ ਦੌਰ ਦੀ ਦੇਣ ਹੈ। ਉਨ੍ਹਾਂ ਕਿਹਾ, ‘ਭਾਵੇਂ ਚੁਣੌਤੀ ਕਾਫ਼ੀ ਗੰਭੀਰ ਹੈ ਪਰ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਦੇ ਜ਼ਿੰਮੇਵਾਰ ਲੋਕਾਂ ਨੂੰ ਹਰਾਉਣਾ ਅਸੰਭਵ ਨਹੀਂ ਹੈ। ਅਜਿਹੇ ਮਾੜੇ ਅਨਸਰਾਂ ਦਾ ਨਿਸ਼ਾਨਾ ਮਹਿੰਗੇ ਮੁੱਲ ਹਾਸਲ ਕੀਤੀ ਸ਼ਾਂਤੀ ਨੂੰ ਤਹਿਸ-ਨਹਿਸ ਕਰਨਾ ਹੈ ਅਤੇ ਸਾਨੂੰ ਅਜਿਹਾ ਕੁੱਝ ਵੀ ਨਹੀਂ ਕਰਨਾ ਚਾਹੀਦਾ, ਜਿਸ ਨਾਲ ਸੂਬੇ ਦੀ ਸ਼ਾਂਤੀ ਭੰਗ ਹੋਵੇ।’

ਰਾਣਾ ਕੇਪੀ ਸਿੰਘ ਨੇ ਕਿਹਾ ਕਿ ਦੇਸ਼ ਦੀ ਰੱਖਿਆ ਲਈ ਪੰਜਾਬ ਹਮੇਸ਼ਾ ਮੋਹਰੀ ਰਿਹਾ ਹੈ ਅਤੇ ਪੰਜਾਬੀਆਂ ਨੇ ਹਮੇਸ਼ਾ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ, ‘ਸਾਨੂੰ ਹੋਰ ਵੰਗਾਰ ਦਰਪੇਸ਼ ਹੈ ਅਤੇ ਅਸੀਂ ਇਸ ਨਾਲ ਸਫਲਤਾਪੂਰਵਕ ਨਜਿੱਠ ਲਵਾਂਗੇ ਪਰ ਇਸ ਲਈ ਸਾਨੂੰ ਆਪਸੀ ਏਕੇ ਅਤੇ ਸੰਜਮ ਤੋਂ ਕੰਮ ਲੈਣ ਦੀ ਲੋੜ ਹੈ।’