ਭਾਜਪਾ ਦਾ ਵਧ ਰਿਹੈ ਜਨਤਕ ਆਧਾਰ : ਅਸ਼ਵਨੀ ਸ਼ਰਮਾ

ਏਜੰਸੀ

ਖ਼ਬਰਾਂ, ਪੰਜਾਬ

ਭਾਜਪਾ ਦਾ ਵਧ ਰਿਹੈ ਜਨਤਕ ਆਧਾਰ : ਅਸ਼ਵਨੀ ਸ਼ਰਮਾ

image

ਚੰਡੀਗੜ੍ਹ, 19 ਨਵੰਬਰ (ਨੀਲ ਭਲਿੰਦਰ ਸਿੰਘ) : ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਹੀ ਸਿਆਸੀ ਗਲਿਆਰਿਆਂ ਵਿਚ ਉਥਲ-ਪੁਥਲ ਸ਼ੁਰੂ ਹੋ ਗਈ ਹੈ। ਅਜਿਹੀ ਸਥਿਤੀ ਵਿਚ, ਬਹੁਤ ਸਾਰੇ ਦਿੱਗਜ ਆਗੂ ਅਪਣੀਆਂ ਪਾਰਟੀਆਂ ਛੱਡ ਕੇ ਹੋਰ ਪਾਰਟੀਆਂ ਵਿਚ ਸ਼ਾਮਲ ਹੋ ਰਹੇ ਹਨ। ਇਸ ਕੜੀ ਤਹਿਤ, ਸ਼੍ਰੋਮਣੀ ਅਕਾਲੀ ਦਲ (ਬਾ.) ਦੇ ਰਾਜਨੀਤਿਕ ਸਲਾਹਕਾਰ ਅਤੇ ਸੂਬੇ ਦੇ ਬੁਲਾਰੇ ਅਜੇ ਥਾਪਰ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅਜੈ ਥਾਪਰ ਨੂੰ ਭਾਜਪਾ ਹੈੱਡਕੁਆਟਰ, ਚੰਡੀਗੜ੍ਹ ਵਿਖੇ ਇਕ ਸਮਾਗਮ ਦੌਰਾਨ ਸ਼ਾਮਲ ਕਰਵਾਇਆ। ਅਸ਼ਵਨੀ ਸ਼ਰਮਾ ਨੇ ਅਜੈ ਥਾਪਰ ਨੂੰ ਇਸ ਮੌਕੇ ਭਾਜਪਾ ਪਰਵਾਰ ਵਿਚ ਸ਼ਾਮਲ ਹੋਣ 'ਤੇ ਜਿਥੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਜੀ ਆਈਆਂ ਵੀ ਆਖਿਆ। ਸ਼ਰਮਾ ਨੇ ਕਿਹਾ ਕਿ ਅਜੈ ਥਾਪਰ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਲੰਮੇ ਸਮੇਂ ਤੋਂ ਲੋਕਾਂ ਦੀ ਆਵਾਜ਼ ਬੁਲੰਦ ਕਰ ਰਹੇ ਹਨ। ਭਾਜਪਾ ਹਮੇਸ਼ਾ ਹੀ ਜਨਤਾ ਦੀ ਆਵਾਜ਼ ਬੁਲੰਦ ਕਰਦੀ ਰਹੀ ਹੈ ਅਤੇ ਅਜੈ ਥਾਪਰ ਭਾਜਪਾ ਨਾਲ ਜੁੜ ਕੇ ਜਨਤਾ ਦੀ ਆਵਾਜ਼ ਨੂੰ ਸੂਬਾ ਸਰਕਾਰ ਦੇ ਕੰਨਾਂ ਤਕ ਪਹੁੰਚਾਉਣ ਦਾ ਕਾਰਜ ਬਖੂਬੀ ਨਿਭਾਉਣਗੇ। ਸ਼ਰਮਾ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਨੇਤਾਵਾਂ ਅਤੇ ਵਰਕਰਾਂ ਦਾ ਗ੍ਰਾਫ਼ ਦਿਨੋ ਦਿਨ ਵਧਦਾ ਜਾ ਰਿਹਾ ਹੈ। ਇਸ ਮੌਕੇ ਸੰਗਠਨ ਦੇ ਜਨਰਲ ਸਕੱਤਰ ਦਿਨੇਸ਼ ਕੁਮਾਰ, ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਡਾ: ਸੁਭਾਸ਼ ਸ਼ਰਮਾ, ਜ਼ਿਲ੍ਹਾ ਪ੍ਰਧਾਨ ਹਰਿੰਦਰ ਕੋਹਲੀ, ਵਰੁਣ ਜਿੰਦਲ, ਰਾਹੁਲ ਮਹਿਤਾ ਆਦਿ ਹਾਜ਼ਰ ਸਨ।